ਮੰਗਾਂ ਤਰੁੰਤ ਨਾ ਮੰਨੀਆਂ ਗਈਆਂ ਤਾਂ ਤਿੱਖਾ ਸੰਘਰਸ਼ ਹੋਵੇਗਾ – ਅਧਿਆਪਕ ਆਗੂ
ਕਪੂਰਥਲਾ (ਸਮਾਜ ਵੀਕਲੀ) ( ਕੌੜਾ ) – ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਦੇ ਅਧਿਆਪਕਾਂ ਨਾਲ਼ ਕੀਤੇ ਵਾਅਦਿਆਂ ਨੂੰ ਸਰਕਾਰ ਬਣਨ ਤੋਂ 6 ਮਹੀਨੇ ਬਾਅਦ ਵੀ ਨਿਭਾਏ ਨਾ ਜਾਣ ਕਰਕੇ ਅੱਜ ਗੋਰਮਿੰਟ ਟੀਚਰ ਯੂਨੀਅਨ ਵੱਲੋਂ ਜ਼ਿਲ੍ਹਾ ਪ੍ਰਧਾਨ ਸੁਖਚੈਨ ਸਿੰਘ ਬੱਧਨ, ਬਲਜੀਤ ਸਿੰਘ ਟਿੱਬਾ, ਸੁਖਦੇਵ ਸਿੰਘ ਬੂਲਪੁਰ, ਕੰਵਰਦੀਪ ਸਿੰਘ ਕੇ.ਡੀ ਦੀ ਅਗਵਾਈ ਹੇਠ ਰੋਸ ਪ੍ਰਦਰਸ਼ਨ ਕਰਦਿਆਂ ਸਰਕਾਰ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ।ਇਸ ਮੌਕੇ ਬੋਲਦਿਆਂ ਜ਼ਿਲ੍ਹਾ ਪ੍ਰਧਾਨ ਸੁਖਚੈਨ ਸਿੰਘ ਬੱਧਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਆਪਣੇ ਚੋਣ ਵਾਅਦੇ ਵਿੱਚ ਜ਼ੋਰ ਦੇ ਕੇ ਕਿਹਾ ਸੀ ਕਿ ਅਧਿਆਪਕਾਂ ਕੋਲੋਂ ਗੈਰ ਵਿੱਦਿਅਕ ਕੰਮ ਨਹੀਂ ਲਏ ਜਾਣਗੇ,ਪਰ ਅੱਜ ਪ੍ਰਸ਼ਾਸਨ ਵੱਲੋਂ ਅਧਿਆਪਕਾਂ ਦੀਆਂ ਬਤੌਰ ਬੀ.ਐਲ.ਓ ਧੜਾ ਧੜ ਡਿਊਟੀਆਂ ਲਗਾਈਆਂ ਜਾ ਰਹੀਆਂ ਹਨ। ਉਨ੍ਹਾਂ ਨੇ ਕਿਹਾ ਕਿ ਸਰਕਾਰ ਬਣਨ ਦੇ 6 ਮਹੀਨੇ ਬਾਅਦ ਵੀ ਅਧਿਆਪਕ ਆਪਣੇ ਹੱਕਾਂ ਲਈ ਸੜਕਾਂ ਤੇ ਆਵਾਜ ਉਠਾ ਰਹੇ ਹਨ।
ਉਨ੍ਹਾਂ ਨੇ ਕਿਹਾ ਕਿ ਅਜੇ ਤੱਕ ਪੇ ਕਮਿਸ਼ਨ ਦੀ ਰਿਪੋਰਟ ਨੂੰ ਸਹੀ ਤਰੀਕੇ ਨਾਲ ਲਾਗੂ ਨਾ ਕਰਨ ਤੋਂ ਇਲਾਵਾ ਕੱਚੇ ਅਧਿਆਪਕਾਂ ਨੂੰ ਪੱਕੇ ਕਰਨ,ਸਾਰੇ ਵਰਗਾਂ ਦੀਆਂ ਤਰੱਕੀਆਂ,ਡੀ.ਏ ਦੀਆਂ ਕਿਸ਼ਤਾਂ ਅਤੇ ਬਕਾਇਆ, ਪੇਂਡੂ ਅਤੇ ਬਾਰਡਰ ਏਰੀਆ ਭੱਤਾ, ਪੁਰਾਣੀ ਪੈਨਸ਼ਨ ਬਹਾਲੀ ਸਕੀਮ ਆਦਿ ਮੰਗਾਂ ਜਿਉਂ ਦੀਆਂ ਤਿਉਂ ਹੀ ਖੜੀਆਂ ਹਨ। ਬਲਜੀਤ ਸਿੰਘ ਟਿੱਬਾ, ਸੁਖਦੇਵ ਸਿੰਘ ਬੂਲਪੁਰ ਅਤੇ ਕੰਵਰਦੀਪ ਸਿੰਘ ਕੇ.ਡੀ ਨੇ ਇਸ ਮੌਕੇ ਕਿਹਾ ਕਿ ਪਿਛਲੀਆਂ ਸਰਕਾਰਾਂ ਦੇ ਵਾਅਦਿਆਂ ਤੋਂ ਅੱਕੇ ਹੋਏ ਪੰਜਾਬ ਦੇ ਮੁਲਾਜ਼ਮਾਂ ਨੂੰ ਐਂਤਕੀ ਆਪ ਸਰਕਾਰ ਤੋਂ ਮੰਗਾਂ ਹੱਲ ਕਰਨ ਸਬੰਧੀ ਵੱਡੀ ਆਸ ਸੀ,ਪਰ ਅਜੇ ਤੱਕ ਸਰਕਾਰ ਟਾਲਮਟੋਲ ਦੀ ਨੀਤੀ ਤੇ ਚੱਲ ਰਹੀ ਹੈ।ਜਿਸ ਕਾਰਨ ਮੁਲਾਜ਼ਮਾਂ ਵਿੱਚ ਵੱਡਾ ਰੋਸ ਹੈ।ਇਸ ਮੌਕੇ ਅਜੇ ਗੁਪਤਾ , ਸੁਰਜੀਤ ਸਿੰਘ ਮੋਠਾਂਵਾਲਾ, ਅਜੇ ਕੁਮਾਰ, ਸੁਖਵਿੰਦਰ ਸਿੰਘ ਦੰਦੂਪੁਰ,ਰਾਜ ਕੁਮਾਰ, ਕੁਲਦੀਪ ਠਾਕੁਰ, ਸੁਖਵਿੰਦਰ ਸਿੰਘ ਜੱਬੋਵਾਲ, ਜਗਜੀਤ ਸਿੰਘ ਗਾਜੀਪੁਰ, ਹਰਿੰਦਰ ਸਿੰਘ, ਸੁਖਨਿੰਦਰ ਸਿੰਘ,ਬਰਿੰਦਰ ਜੈਨ, ਅਸ਼ਵਨੀ ਕੁਮਾਰ, ਕਮਲਜੀਤ ਸਿੰਘ, ਗੁਰਪ੍ਰੀਤ ਸਿੰਘ ਮੰਗੂਪੁਰ ਆਦਿ ਹਾਜ਼ਰ ਸਨ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly