ਹੁਸੈਨਪੁਰ, (ਸਮਾਜ ਵੀਕਲੀ) (ਕੌੜਾ)– ਜ਼ਿਲ੍ਹਾ ਕਪੂਰਥਲਾ ਦੇ ਕਸਬਾ ਹੂਸੈਨਪੁਰ ਵਿਚ ਪੈਂਦੀ ਰੇਲ ਕੋਚ ਫੈਕਟਰੀ ਦੇ ਇਕ ਕੁਆਟਰ ਤੋਂ ਨਗਦੀ , ਸੋਨਾ ਅਤੇ ਹੋਰ ਸਾਮਾਨ ਚੋਰੀ ਹੋਣ ਦਾ ਮਾਮਲਾ ਸਾਮਣੇ ਆਇਆ ਹੈ। ਪੀੜਤ ਵਿਅਕਤੀ ਦੇ ਬਿਆਨਾਂ ਦੇ ਅਧਾਰ ਤੇ ਅਣਪਛਾਤੇ ਚੋਰ ਦੇ ਖ਼ਿਲਾਫ਼ ਥਾਣਾ ਸੁਲਤਾਨਪੁਰ ਲੋਧੀ ਦੀ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ।
ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਸੁਲਤਾਨਪੁਰ ਲੋਧੀ ਦੇ ਥਾਣਾ ਮੁਖੀ ਸਰਬਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਦਿੱਤੀ ਸ਼ਿਕਾਇਤ ਚ ਮਨਿੰਦਰਪਾਲ ਸਿੰਘ ਪੁੱਤਰ ਸਵਰਗਵਾਸੀ ਮਹਿੰਦਰ ਸਿੰਘ ਜੋ ਕੁਆਟਰ ਨੰਬਰ 127 -ਡੀ ਡਬਲ ਸਟੋਰੀ ਰੇਲ ਕੋਚ ਫੈਕਟਰੀ ਦਾ ਵਸਨੀਕ ਹੈ ਨੇ ਦੱਸਿਆ ਕਿ ਉਹ ਆਰ.ਸੀ.ਐਫ ਵਿੱਚ ਬਤੋਰ ਐਸਐਸਈ ਨੋਕਰੀ ਕਰਦਾ ਹੈ ਅਤੇ ਸਮੇਤ ਪਰਿਵਾਰ ਉਕਤ ਕੁਆਟਰ ਵਿੱਚ ਰਹਿੰਦਾ ਹੈ। ਉਸਦੀ ਮਾਤਾ ਅਤੇ ਭਰਾ ਫਿਰੋਜ਼ਪੁਰ ਰਹਿੰਦੇ ਹਨ ਬੀਤੇ ਦਿਨੀ ਉਸਦੀ ਮਾਤਾ ਦਾ ਦਿਹਾਤ ਹੋ ਗਿਆ ਸੀ। ਜਿਸ ਮਗਰੋਂ ਉਹ ਸਾਰੇ ਰਸਮ ਅੰਤਿਮ ਸੰਸਕਾਰ ਤੋ ਬਾਅਦ ਅਸਥ ਤਾਰਨ ਲਈ 3 -ਦਸੰਬਰ ਨੂੰ ਕੁਆਟਰ ਨੂੰ ਤਾਲਾ ਲਗਾ ਚਲੇ ਗਏ।
ਜਦੋਂ ਉਹ ਕੁਆਟਰ ਵਿੱਚ ਵਾਪਿਸ ਆਇਆ ਤਾਂ ਉਸਨੇ ਦੇਖਿਆ ਕਿ ਬਾਹਰਲੇ ਦਰਵਾਜ਼ੇ ਦਾ ਕੁੰਡਾ ਪੁੱਟਿਆ ਹੋਇਆ ਸੀ ਤੇ ਦਰਵਾਜ਼ੇ ਖੁਲ੍ਹੇ ਹੋਏ ਸਨ। ਜਦ ਉਸਨੇ ਅੰਦਰ ਜਾ ਕੇ ਦੇਖਿਆ ਤਾਂ ਸਟੋਰ ਵਿੱਚ ਸਮਾਨ ਖਿਲਰਿਆ ਪਿਆ ਸੀ ਤੇ ਅਲਮਾਰੀ ਵੀ ਖੁੱਲੀ ਸੀ। ਅਲਮਾਰੀ ਵਿੱਚ ਉਸਦਾ ਕਰੀਬ 35500 ਰੁਪਏ ਦੇ ਨਗਦੀ ਗਾਇਬ ਸੀ। ਜਿਸ ਮਗਰੋਂ ਉਸਨੇ ਆਪਣੀ ਪਤਨੀ ਨੂੰ ਇਤਲਾਹ ਦਿੱਤੀ ਜਿਸਨੇ ਉਸਨੂੰ ਦੱਸਿਆਂ ਕਿ ਅਲਮਾਰੀ ਵਿੱਚ ਸੋਨਾ ਵੀ ਸੀ। ਉਸ ਵਲੋਂ ਸਾਰਾ ਸਮਾਨ ਚੈਕ ਕੀਤਾ ਗਿਆ ਪਰ ਸੋਨਾ ਨਹੀ ਮਿਲਿਆ ਜਿਸਨੂੰ ਕੋਈ ਅਣਪਛਾਤਾ ਵਿਅਕਤੀ ਚੋਰੀ ਕਰਕੇ ਲੈ ਗਿਆ। ਐਸ.ਐਚ.ਓ. ਨੇ ਦੱਸਿਆ ਕਿ ਪੁਲਿਸ ਵਲੋਂ ਉਕਤ ਪੀੜਿਤ ਵਿਅਕਤੀ ਦੇ ਬਿਆਨਾਂ ਦੇ ਆਧਾਰ ਤੇ ਅਣਪਛਾਤੇ ਚੋਰ ਦੇ ਖਿਲਾਫ ਆਈ ਪੀ ਸੀ 454 , 380 ਦੇ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਚੋਰਾਂ ਦੀ ਭਾਲ ਕੀਤੀ ਜਾ ਰਹੀ ਹੈ।