ਮੌਲਿਕ ਚਿੰਤਕ ਗੁਰੂ ਰਵਿਦਾਸ ਜੀ

ਜਗਦੀਸ਼ ਸਿੰਘ ਚੋਹਕਾ

(ਸਮਾਜ ਵੀਕਲੀ)

27-ਫਰਵਰੀ ਜਨਮ ਦਿਵਸ ‘ਤੇ ਵਿਸ਼ੇਸ਼

ਭਾਰਤੀ ਦਰਸ਼ਨ ਬਾਰੇ ਸਭ ਤੋਂ ਪਹਿਲਾਂ ਅਹਿਮ ਤੱਥ, ਜੇ ਬਹੁਤਾ ਨਹੀਂ ਤਾਂ ਪਿਛਲੇ ਪੱਚੀ ਕੁ ਸੌ ਸਾਲਾਂ ਤੋਂ ਫ਼ਲਸਫੇ ਦੇ ਖੇਤਰ ‘ਚ ਲਗਾਤਾਰ ਜਾਰੀ ਰਹੀਆਂ ਸਰਗਰਮੀਆਂ ਦੇ ਸਿੱਟੇ ਵਜੋਂ, ਇਸ ਦੇ ਆਮ ਖਜ੍ਹਾਨੇ ਵਿੱਚ ਜਮਾਂ ਹੋਏ ਬੇਥਾਹ ਫ਼ਲਸਫ਼ਾਨਾਂ ਤੱਤਾਂ ਦਾ ਮੌਜੂਦ ਹੋਣਾ ਹੈ। ਇਸ ਸਰਗਰਮੀ ਦੀ ਉਘੜਵੀ ਸ਼ੁਰੂਆਤ ਦੀ ਪੈੜ ਉਪਨਿਸ਼ਦਾਂ ਦੇ ਵੇਲੇ ਤੋਂ ਲੱਭੀ ਜਾ ਸਕਦੀ ਹੈ। ਇਸ ਕਾਰਨ ਮਨੌਤ ਇਹੀ ਹੈ, ‘ਕਿ ਜਿਹਨਾਂ ਚਿੰਤਕ ਦੇ ਵਿਚਾਰ ਇਨ੍ਹਾਂ ਉਪ ਨਿਸ਼ਦਾਂ ਵਿੱਚ ਦਰਜ ਹਨ, ਉਹ ਇਸ ਤੋਂ ਵੀ ਪਹਿਲਾ ਦੇ ਸਮਿਆਂ ‘ਚ ਹੋਏ ਹਨ। ਇਸ ਕਰਕੇ ਉਪਨਿਸ਼ਦਿਕ, ਫ਼ਲਸਫ਼ੇ ਵਜੋਂ ਜਾਣੇ ਜਾਂਦੇ ਹਨ ਵਿਚਾਰਾਂ ਦਾ ਆਪਣਾ ਇਕ ਆਦਿ ਇਤਿਹਾਸ ਹੈ। ਇੰਝ ਅਸੀਂ ਦੇਖਾਂਗੇ ਕਿ ਭਾਰਤੀ ਫ਼ਲਸਫ਼ੇ ਬਾਰੇ ਸਮਝ ਬਣਾਉਣ ਲਈ ਇਸ ਤੱਥ ਦੀ ਮਹੱਤਤਾ ਨੂੰ ਅਣਗੌਲਿਆਂ ਨਹੀਂ ਕੀਤਾ ਜਾਣਾ ਚਾਹੀਦਾ।

ਭਾਰਤੀ ਫ਼ਲਸਫ਼ੇ ਦੇ ਇਤਿਹਾਸਕਾਰ ਐਸ.ਐਨ. ਦਾਸ ਗੁਪਤਾ ਮੁਤਾਬਿਕ ਚਰਕ ਸੰਹਿਤਾਂ ਤੋਂ ਬਹੁਤ ਪਹਿਲਾ ਦੇ ਸਮਿਆਂ ਵਾਲੇ ਸਾਹਿਤ ਵਿੱਚ ਸਾਨੂੰ ਬਹਿਸ, ਭੇੜ, ਦਲੀਲ-ਬਾਜ਼ੀ ਜਾਂ ਵਿਚਾਰ ਚਰਚਾ ਦਾ ਜ਼ਿਕਰ ਮਿਲਦਾ ਹੈ।ਇਸ ਕਰਕੇ ਪਹਿਲੀ ਵਾਰ ਇਸ ਦਾ ਜਿਕਰ, ਬੱਝਵੇ ਸਰੂਪ ਵਿੱਚ ਚਰਕ ਸੰਹਿਤਾ ਵਿੱਚ ਹੀ ਮਿਲਦਾ ਹੈ। ਰਿਵਾਇਤੀ ਭਾਰਤੀ ਚਿੰਤਨ ਵਿੱਚ ਜੋ ਕੁਝ ਵੀ ਉਸਾਰੂ ਹੈ, ਉਸ ਨੂੰ ਦੇਸ਼ ਦੇ ਕਿਰਤੀ ਲੋਕਾਂ (ਦੱਬੇ-ਕੁਚਲੇ) ਦੀ ਮੁਕਤੀ ਲਈ ਭਗਤੀ ਲਹਿਰ ਵੇਲੇ ਸੰਤ ਨਾਮਦੇਵ, ਸੰਤ ਕਬੀਰ ਜੀ, ਗੁਰੂ ਰਵਿਦਾਸ ਜੀ, ਗੁਰੂ ਨਾਨਕ ਦੇਵ ਜੀ ਆਦਿ ਚਿੰਤਕਾਂ ਨੇ ਲੋਕਾਂ ਅੰਦਰ ਇਕ ਧਾਰਮਿਕ ਜੋਸ਼ ਭਰਨ ਦੀ ਕੋਸਿ਼ਸ਼ ਕੀਤੀ ਸੀ। ਉਨ੍ਹਾਂ ਨੇ ਮਨੁੱਖੀ ਰਿਸ਼ਤਿਆਂ ਸਮੇਤ ਕੁਦਰਤ ਨੂੰ ਸਮਝਣ ਤੇ ਇਸ ਉਪਰ ਮੁਹਾਰਤ ਹਾਸਲ ਕਰਕੇ ਉਠਾਇਆ ਹਰ ਕਦਮ ਕਿਰਤੀ ਲੋਕ ਲਈ ਕੀਮਤੀ ਸੀ। ਗੁਰੂ ਰਵਿਦਾਸ ਜੀ ਦੇ ਫ਼ਲਸਫ਼ੇ ਨੂੰ ਸਮਝਣ ਲਈ ਉਨ੍ਹਾਂ ਦੇ ਇਕ ਪਦ ਪ੍ਰਤੀ ਸਮਝ ਬਣਾ ਕੇ ਉਨ੍ਹਾਂ ਦੇ ਸਿਧਾਂਤਕ ਵਿਚਾਰਾਂ ਰਾਹੀਂ ਮਨੁੱਖਤਾ ਨੂੰ ਵੀ ਸਮਝ ਸਕਦੇ ਹਾਂ। ਜੋ ਅੱਗੇ ਸਮਾਜ ਅੰਦਰ ਦਲਿਤ ਚੇਤਨਾ ਲਈ ਹਲੂਣਾ ਦਿੰਦਾ ਹੈ।

ਰੇ ਚਿਤ ਚੇਤ ਅਚੇਤ ।।
ਕਾਹੇ ਨ ਬਾਲਮੀਕਹਿ ਦੇਖਾ।।
ਕਿਸੁ ਜਾਤਿ ਤੇ ਕਿਹ ਪਦਹਿ ਆਮਰਿਓ ਰਾਮ ਭਗਤਿ ਬਿਸੇਖ।।

ਇਸ ਲਈ ਸਾਨੂੰ ਗੁਰੂ ਰਵਿਦਾਸ ਜੀ ਨੇ 13-ਵੀਂ ਸਦੀ ਦੇ 7-ਵੇਂ ਦਹਾਕੇ ਦੇ ਅੰਤ ‘ਚ ਹੀ ਮਨੁੱਖੀ ਰਿਸ਼ਤਿਆਂ ਸਬੰਧੀ ਜਾਣੂ ਕਰਾ ਦਿੱਤਾ ਸੀ। ਇਸ ਲਈ ਅੱਜ ਸਾਨੂੰ ਦਲਿਤ ਚੇਤਨਾਂ ਨੂੰ ਸਮਾਜਿਕ ਚੇਤਨਾਂ ਦੇ ਸੰਦਰਭ ਅੰਦਰ ਦੇਖਣਾ ਪਏਗਾ ਤਾਂ ਕਿ ਇਸ ਲੋਟੂ ਸਮਾਜ ਅੰਦਰ ਅਖੌਤੀ ਸ਼ੂਦਰ ਸਮਾਜ ਕਿਵੇਂ ਆਪਣੇ ਮਨੁੱਖੀ ਹੱਕ ਦੀ ਪ੍ਰਾਪਤੀ ਲਈ ਕਿਰਤੀ ਸੰਘਰਸ਼ ਵਜੋ ਜਾਗਰੂਕ ਹੋ ਕੇ ਉਸ ਨੂੰ ਮੁਕਤੀ ਕਿਵੇਂ ਮਿਲ ਸਕਦੀ ਹੈ ? ਮੱਧਕਾਲ ਅੰਦਰ ਸ਼ੁਰੂ ਹੋਈ ਭਗਤੀ ਲਹਿਰ ਦੇ ਭਾਰਤੀ ਫ਼ਲਸਫ਼ੇ ਦੇ ਪ੍ਰਭਾਵਾਂ ਅੰਦਰ ਗੁਰੂ ਰਵਿਦਾਸ ਜੀ ਪਹਿਲੇ ਅਜਿਹੇ ਸਮਾਜਿਕ ਚਿੰਤਕ ਸਨ ਜਿੰਨਾਂ ਨੇ ਸਮਾਜ ਅੰਦਰ ਪਸਰੀਆਂ ਸਮਾਜਕ, ਆਰਥਿਕ ਅਤੇ ਸੱਭਿਆਚਾਰਕ ਖੇਤਰ ਅੰਦਰ ਬੇਨੇਮੀਆਂ, ਜਾਤ-ਪਾਤ, ਛੂਆ-ਛਾਤ, ਅਨਿਆਏ ਅਤੇ ਲੁੱਟ-ਖਸੁੱਟ ਵਿਰੁਧ ਆਪਣੀ ਬਹਿਸ, ਦਲੀਲਬਾਜੀ ਤੇ ਵਿਚਾਰ-ਚਰਚਾ ਰਾਹੀਂ ਭਾਰਤੀ ਦਰਸ਼ਨ ਅੰਦਰ ਆਪਣੀ ਵਿਚਾਰਧਾਰਾ ਨੂੰ ਪੇਸ਼ ਕੀਤਾ।

ਭਾਵੇਂ ਭਾਰਤ ਅੰਦਰ ਪੱਛਮੀ ਤਰਜ ਦੀ ਗੁਲਾਮਦਾਰੀ ਪ੍ਰਥਾ ਤਾਂ ਨਹੀਂ ਸੀ, ਪਰ ਇਸ ਦਾ ਰੂਪ ਦਾਸ-ਪ੍ਰਥਾ ਜੋ ਜਾਤ-ਪਾਤ ਅਤੇ ਛੂਆ-ਛਾਤ ਦੇ ਰੂਪ ਵਿੱਚ ਸੀ, ‘ਜਿਸ ਅੰਦਰ ਕਿਰਤ ਨੂੰ ਆਪਣੇ ਹੱਥੀ ਕਰਨ ਦੀ ਥਾਂ ਦਾਸਾ ਰਾਹੀਂ (ਦੂਜਿਆਂ ਤੋਂ) ਕਰਵਾਇਆ ਜਾਂਦਾ ਸੀ। ਇਸ ਪਰਜੀਵੀਪੁਣੇ ਦੇ ਤਰਕ ਦੀ ਸਥਾਪਤੀ ਵਿਰੁੱਧ ਗੁਰੂ ਰਵਿਦਾਸ ਜੀ ਨੇ ਸਮਾਜਕ ਬਰਾਬਰੀ ਲਈ ਵਿਲੱਖਣ ਜੋਤ ਆਪਣੇ ਹੱਥਾਂ ਵਿੱਚ ਫੜ ਕੇ ਉਚੇਰੇ ਸਮਾਜ ਵੱਲੋਂ ਜੋ ਅਖੌਤੀ ਨੀਵੇਂ ਸਮਾਜ ਪ੍ਰਤੀ ਜੁਗਾਂ-ਜੁਗਾਂਤਰਾਂ ਤੋਂ ਫੈਲਾਏ ਘਿਰਣਾ, ਸ਼ੋਸ਼ਣ, ਲੁੱਟ-ਖਸੁੱਟ ਅਤੇ ਮਨੂੰਵਾਦੀ ਵਰਣ ਸੀ, ਵਿਰੁਧ ਅਲਖ ਜਗਾਈ।

ਬ੍ਰਹਮਨ ਬੈਸ ਸੂਦ ਅਰ ੁਖਤ੍ਰੀ, ਡੋਮ ਚੰਡਾਰ, ਮਲੇਛ ਮਨ ਸੋਇ।।
ਹੋਇ ਪੁਨੀਤ ਭਗਵੰਤ ਭਜਨ ਤੇ, ਆਪ ਤਾਰਿ ਤਾਰੇ ਕੁਲ ਦੇਇ। (ਗੁਰੂ ਗ੍ਰੰਥ ਸਾਹਿਬ ਪੰਨਾ 585)

ਭਾਰਤੀ ਰਾਜਸਤਾ ਅੰਦਰ ਮੁੱਢ-ਕਦੀਮ ਤੋਂ ਹਾਕਮ ਜਮਾਤਾਂ ਆਪਣੀ ਖੁਸ਼ਹਾਲੀ ਅਤੇ ਸੁਰੱਖਿਆ ਲਈ ਦਮਨਕਾਰੀ ਰੂਪ ਵਿੱਚ ਲਾਜ਼ਮੀ ਵਿਚਰਦੀਆਂ ਰਹੀਆਂ ਹਨ। ਚਾਣਕੀਆ ਕਹਿੰਦਾ ਹੈ, ‘ਕਿ ਅਰਥ-ਸ਼ਾਸਤਰ ਅਤੇ ਧਰਮ-ਸ਼ਾਸਤਰ ਦੀ ਤਰ੍ਹਾਂ ਹੀ ਤਰਕ ਸੰਗਤ ਫ਼ਲਸਫ਼ੇ ਨੂੰ ਵੀ ਸ਼ਾਸ਼ਨ-ਕਲਾ ਵਾਂਗ ਹੀ ਭਾਵ ਡੰਡੇ ਲਈ ਜਰੂਰੀ ਹੈ। ਰਾਜਸੀ ਸ਼ਕਤੀ ਨੂੰ ਬਰਕਰਾਰ ਰੱਖਣ ਲਈ ਉਹ ਅੰਧ-ਵਿਸ਼ਵਾਸ਼ ਦੀ ਖੁਲ੍ਹੇ ਆਮ ਵਰਤੋਂ ਨੂੰ ਲਾਜ਼ਮੀ ਕਰਾਰ ਦਿੰਦਾ ਹੈ। ਅੰਧ-ਵਿਸ਼ਵਾਸ਼ ਦੀ ਕਾਰਗਰ ਢੰਗ ਨਾਲ ਵਰਤੋਂ ਕਰਨ ਲਈ ਹਾਕਮਾਂ ਦਾ ਖੁਦ ਇਸ ਅੰਧ-ਵਿਸ਼ਵਾਸ਼ਾਂ ਵਿੱਚ ਗਾਲਤਾਨ ਹੋਣਾ ਵੀ ਜ਼ਰੂਰੀ ਹੈ। ਇਨ੍ਹਾਂ ਰਸਤਿਆਂ ਰਾਹੀਂ ਹੀ ਭਾਰਤ ਅੰਦਰ ਅੱਜ ਤਕ ਹਾਕਮ ਜਮਾਤਾਂ ਕਿਰਤੀ ਲੋਕਾਂ ਨੂੰ ਵਰਣ-ਆਸ਼ਰਮ, ਜਾਤ-ਪਾਤ ਅਤੇ ਛੂਆ-ਛਾਤ ਦੇ ਮੱਕੜੀ-ਜਾਲਾਂ ‘ਚ ਫਸਾ ਕੇ ਹਜ਼ਾਰਾਂ ਸਾਲਾਂ ਤੋਂ ਕਿਰਤੀਆਂ ਅਤੇ ਸ਼ੂਦਰਾਂ ਨੂੰ ਲੁੱਟਦੇ ਆ ਰਹੇ ਹਨ। ਮਨੁੱਖਤਾਵਾਦੀ ਗੁਰੂ ਰਵਿਦਾਸ ਜੀ ਨੇ ਉਸ ਵੇਲੇ ਦੇ ਭਾਰਤੀ ਸਮਾਜ ਨੂੰ ਜੋ ਹਿੱਸਿਆ ‘ਚ ਵੰਡਿਆ ਹੋਇਆ ਸੀ, ਨੂੰ ਬੜੀ ਬਰੀਕੀ ਨਾਲ ਦੇਖਿਆ ਤੇ ਪਿਛਾਣਿਆ।

ਇਹ ਸਮਾਜ ਜੋ ਹਾਕਮਾਂ ਵੱਲੋਂ ਦੋ  ਧੜਿਆਂ ਵਿੱਚ ਇਕ ਉਚੇ-ਸਵਰਨ, ਕੁਲੀਨ  ਤੇ ਸ਼ੋਸ਼ਨ-ਵਰਗ ਦਾ ਅਤੇ ਦੂਸਰਾ ਨੀਵਾਂ-ਤ੍ਰਿਸਕਾਰਿਆ, ਲਤਾੜਿਆ ਅਤੇ ਸ਼ੋਸਿ਼ਤ ਵਰਗ ਦਾ ਸੀ ਜੋ ਇਹ ਕੋਈ ਰੱਬੀ ਜਾਂ ਖੁਦਾਈ ਫੁਰਮਾਣ ਕਰਕੇ ਵੀ ਨਹੀਂ ਸੀ ਸਗੋਂ ਇਸ ਨੂੰ ਕਾਣੀ ਵੰਡ ਦਾ ਕਾਰਨ ਦੱਸਿਆ। ਇਸ ਸਮਾਜਕ ਅਤੇ ਆਰਥਿਕ ਅਨਿਆਏ ਵਿਰੁੱਧ ਗੁਰੂ ਜੀ ਨੇ ਆਹ ! ਦਾ ਨਾਹਰਾ ਲਾਇਆ।

ਬੇਗਮਪੁਰਾ ਸਹਰ ਕੋ ਨਾਉ ।। ਦੁਖ ਅੰਦੋਹ ਨਹੀਂ ਤਿਹਿ ਠਾਉ।।

ਗੁਰੂ ਰਵਿਦਾਸ ਜੀ ਭਗਤੀ ਲਹਿਰ ਵੇਲੇ ਪਹਿਲੇ ਸਮਾਜਿਕ ਚਿੰਤਕ ਸਨ ਜਿਨ੍ਹਾਂ ਨੇ ਗਿਆਰਵੀ ਸਦੀ ਸਮੇਂ ਭਾਰਤ ਅੰਦਰ ਜੋ ਇਸਲਾਮ ਦੇ ਪ੍ਰਵੇਸ਼ ਕਾਰਨ ਹਿੰਦੂ ਧਰਮ ਨੂੰ ਪਨਪੇ ਖਤਰੇ ਨੇ ਹਿੰਦੂ-ਮੁਸਲਮਾਨਾਂ ਦੋਹਾਂ ਧਰਮਾਂ ਅੰਦਰ ਆਪਸੀ ਵਿਸ਼ਵਾਸ਼ ਅੰਦਰ ਕੁੜੱਤਣ ਪੈਦਾ ਹੋ ਗਈ ਸੀ,  ਨੂੰ ਬਹਾਲ  ਕਰਨ ਲਈ ਪਹਿਲ ਕਦਮੀ ਕੀਤੀ। ਪਰ ਭਗਤੀ ਲਹਿਰ ਜਿਥੇ ਇਸਲਾਮ ਦੇ ਖਤਰੇ ਨੂੰ ਘਟਾਅ ਰਹੀ ਸੀ ਉਥੇ ਬ੍ਰਾਹਮਣਾਂ ਦੇ ਜ਼ੁਲਮ ਤੇ ਜਾਤ-ਪਾਤ ਵਿਰੁਧ ਵੀ ਲੋਕਾਂ ਅੰਦਰ ਸਮਾਨਤਾਂ ਦੇ ਅਸੂਲਾਂ ਦਾ ਉਪਦੇਸ਼ ਦਿੱਤਾ ਜਾ ਰਿਹਾ ਸੀ।

ਹਿੰਦੂ ਧਰਮ ਨੂੰ ਉਸ ਦੇ ਔਗੁਣਾਂ ਤੋਂ  ਤਾ ਕਿ ਪਾਕਿ ਕੀਤਾ ਜਾਵੇ ਕਿ ਉਸ ਨੂੰ ਇਸਲਾਮਿਕ ਅੱਤਿਆਚਾਰ ਸਹਿਣ ਦੇ ਯੋਗ ਬਣਾਇਆ ਜਾ ਸਕੇ।ਗੁਰੂ ਰਵਿਦਾਸ ਜੀ ਅਤੇ ਉਨ੍ਹਾਂ ਦੇ ਸਮਕਾਲੀ ਸਾਥੀ ਸੰਤ ਨਾਮਦੇਵ, ਸੰਤ ਕਬੀਰਦਾਸ, ਸੰਤ ਸੈਨ ਜੀ, ਸੰਤ ਸਧਨਾ ਜੀ, ਸੰਤ ਧੰਨਾ ਭਗਤ, ਸੰਤ ਦਾਦੂ ਦਿਆਲ, ਗੁਰੂ ਨਾਨਕ ਦੇਵ ਜੀ ਆਦਿ ਵੱਲੋਂ ਮਿਲ ਕੇ ਪਹਿਲੀ ਵਾਰੀ ਭਾਰਤੀ ਸਮਾਜ ਅੰਦਰ ਲਿਤਾੜੇ ਗਏ ਸ਼ੋਸਿ਼ਤ ਅਤੇ ਦਲਿਤ ਜਨ-ਸਮੂਹ ਜਿਸ ਨੂੰ ਮਨੂੰਵਾਦੀ ਸਮਾਜ ਮਨੁੱਖ ਵਜੋਂ ਵੀ ਅਧਿਕਾਰ ਨਹੀਂ ਦਿੰਦਾ ਸੀ, ਉਸ ਵਰਗ ਨੂੰ ਸਵੈ-ਸਤਿਕਾਰ, ਸਵੈ-ਭਰੋਸਾ, ਆਤਮ ਵਿਸ਼ਵਾਸ਼ ਤੇ ਇਕ ਮਨੁੱਖ ਵੱਜੋਂ ਆਤਮ-ਨਿਰਭਰਤਾ ਤੇ ਬਰਾਬਰਤਾ ਦਾ ਸਬਕ ਪੜ੍ਹਾਇਆ।

ਦੁਨੀਆ ਅੰਦਰ ਭਾਰਤ ਹੀ ਇਕ ਅਜਿਹਾ ਦੇਸ਼ ਹੈ, ਜਿਥੇ ਵਰਣ-ਵੰਡ ਹੈ।ਅੱਜ ਵੀ ਸਮਾਜ ਅੰਦਰ ਜਾਤ-ਪਾਤ, ਛੂਆ-ਛਾਤ ਕਾਇਮ ਹੀ ਨਹੀਂ ਸਗੋਂ ਰਾਜ ਕਰਦੀਆਂ ਹਾਕਮ ਜਮਾਤਾਂ ਇਸ ਵਰਣ -ਵੰਡ ਨੁੂੰ ਕਾਇਮ ਹੀ  ਨਹੀਂ ਰੱਖ ਰਹੀਆਂ ਸਗੋਂ ਇਸ ਨੂੰ ਪੱਠੇ ਪਾ ਰਹੀਆਂ ਹਨ। ਅਜਿਹੇ ਸਮਾਜ ਅੰਦਰ ਜਿਥੇ ਵਰਣ-ਵੰਡ ਦਾ ਸਿ਼ਕਾਰ ਦਲਿਤ-ਵਰਗ ਹੋਵੇ ਉਸ ਨੂੰ ਕਿਵੇਂ ਇਨਸਾਫ਼ ਮਿਲ ਸਕੇਗਾ ? ਜਾਤਾਂ ਦੇ ਭਾਈਚਾਰਿਆ ਦੇ ਇਨ੍ਹਾਂ ਵਰਗਾਂ ਦਾ ਸੰਦਰਭ ਸਮਾਜਿਕ ਸੰਸਥਾ ਦੇ ਉਸ ਅਮਲ ਨਾਲ ਜੁੜਦਾ ਹੈ, ਜੋ ਭਾਰਤੀ ਸਮਾਜ ਬਾਰੇ ਸਮਝ ਦੀ ਬੁਨਿਆਦਿ ਹਨ। ਜਾਤ ਜਾਂ ਵਰਣ-ਵੰਡ ਅੱਜ-ਕੱਲ ਇਕ ਅਜਿਹਾ ਕਰਮ-ਕਾਂਡੀ ਰੁਤਬੇ ਵਜੋਂ ਅਨੁਵਾਦਿਆ ਗਿਆ ਸ਼ਬਦ ਹੈ, ਜਿਸ ਰਾਹੀਂ ਭਾਰਤੀ ਸਮਾਜ ਵਿੱਚ ਸਭ ਤੋਂ ਉੱਚਤਮ ਅਤੇ ਸ਼ੁਧਤਮ ਐਲਾਨਿਆ ਜਾਂਦਾ ਬ੍ਰਾਹਮਣ-ਸਮਾਜ ਹੈ।

ਇਨ੍ਹਾਂ ਵਰਣਾ ਸਬੰਧੀ ਯੂਨਾਨੀ ਮੈਗਸਨੀਜ਼ ਨੇ ਚੌਥੀ ਸਦੀ ਬੀ.ਸੀ. ਦੌਰਾਨ ਵੀ ਜਿਕਰ ਕੀਤਾ ਹੈ। ਵੈਦਿਕ ਲਿਖਤਾਂ ਇਸ ਦੀ ਗਵਾਹੀ ਭਰਦੀਆਂ ਹਨ ਕਿ ਵਰਣ-ਸੂਤਰ ਬੱਧ ਜੋ ਕਰਜਾ ਬੱਧ ਹੈ, ਸਮਾਜ ਨੂੰ ਪਰਕਰਮ ਵਿੱਚ ਮਿੱਥੇ ਚਾਰ ਸਮੂਹਾਂ ਬ੍ਰਾਹਮਣ, ਪੁਜਾਰੀ, ਕੁਸ਼ੱਤਰੀ, ਵੈਸ਼ਯ (ਕਾਸ਼ਤਕਾਰ) ਵਪਾਰੀ ਅਤੇ ਸ਼ੂਦਰ (ਪੰਜਵਾਂ ਅਛੂਤ ਜੋ ਉਪਰੋਕਤ ਦਾਇਰੇ ‘ਚ ਬਾਹਰ ਸੀ) ਦੀ ਵੰਡ ਕਰਦਾ ਹੈ। ਜੋ ਅੰਤ ‘ਚ ਸਮਾਜ ਅੰਦਰ ਇਕ ਕਨੂੰਨ ਬਣ ਗਿਆ।ਇਸ ਸਰਵ-ਉੱਚ  ਬ੍ਰਾਹਮਣੀ ਸਮਾਜ ਨੇ ਹੀ ਭਾਰਤ ਨੂੰ ਸਮਾਜਕ, ਆਰਥਿਕ ਅਤੇ ਸੱਭਿਆਚਾਰ ਵੱਜੋਂ ਵਿਗਿਆਨਕ ਪੱਖ ਤੋਂ ਵੱਧਣ-ਫੁਲਣ ਹੀ ਨਹੀਂ ਦਿੱਤਾ।

ਸਗੋਂ ਮਨੂੰਵਾਦੀ ਵਿਚਾਰਧਾਰਾ ਨੇ ਦੇਸ਼ ਦੀ 80ਫੀਸਦ ਆਬਾਦੀ ਜੋ ਸ਼ੂਦਰ, ਅਛੂਤ ਤੇ ਵੈਸ਼ ਸੀ ਜਿਹੜੀ ਪਹਿਲਾਂ ਹੀ ਅਤੇ ਅੱਜ ਵੀ ਦੇਸ਼ ਦੀ ਕਿਰਤੀ ਸ਼ਕਤੀ ਦਾ ਵੱਡਾ ਰੂਪ ਹੈ, ਉਨ੍ਹਾਂ ਨੂੰ ਹਰ ਤਰ੍ਹਾਂ ਦੇ ਅਧਿਕਾਰਾਂ ਤੋਂ ਵੰਚਿਤ ਰੱਖਿਆ ਗਿਆ। ਇਸੇ ਤਰ੍ਹਾਂ ਇਸਤਰੀ ਜਾਤੀ ਤੇ ਸ਼ੂਦਰ ਭਾਈਚਾਰੇ ਨੂੰ ਧਾਰਮਿਕ ਅਤੇ ਸਮਾਜਕ ਅਧਿਕਾਰਾਂ ਤੋਂ ਵੀ ਵੰਚਿਤ ਰੱਖਿਆ। ਬ੍ਰਾਹਮਣੀ-ਸਮਾਜ ਨੇ ਹੀ ਦੇਸ਼ ਦੀ ਕਿਰਤ ਸ਼ਕਤੀ ਨੂੰ ਨਿਰਬਲ ਤੇ ਗੁਲਾਮ ਰੱਖਣ ਕਾਰਨ ਹੀ ਭਾਰਤ ਨੂੰ ਕਈ ਸਦੀਆਂ ਵਿਦੇਸ਼ੀ ਹਾਕਮਾਂ ਦਾ ਗੁਲਾਮ ਰਹਿਣਾ ਪਿਆ। ਵਿਗਿਆਨਕ ਧਾਰਨਾਵਾਂ ਪਿਛੇ ਪੈ ਗਈਆਂ।

ਇਤਿਹਾਸਕ ਤੌਰ ਤੇ ਗੁਰੂ ਰਵਿਦਾਸ ਜੀ ਨੇ ‘‘ਨਵਧਾ ਭਗਤੀ“ ‘‘ਹਥਕਾਰ ਵਲ ਅਤੇ ਦਿਲ ਯਾਰ ਵੱਲ“ ਦੀ ਪ੍ਰਪੱਕਤਾ ਰਾਹੀ ਅਧਿਆਤਮਕ-ਮੌਲਿਕ ਵਿਚਾਰਧਾਰਾਂ ਨੂੰ ਧਾਰਮਿਕ ਅਤੇ ਸਮਾਜਿਕ ਕ੍ਰਾਂਤੀ ਨੂੰ ਇਕ ਉਦੇਸ਼ ਵਜੋਂ ਅਪਣਾਇਆ। ਉਨ੍ਹਾਂ ਨੇ ਮਨੂੰ-ਸਿਮਰਤ ਜਿਸ ਅਨੁਸਾਰ ਕੋਈ ਅਛੂਤ ਵੇਦ-ਪਾਠ ਸੁਣਨ ਦਾ ਹਿਆ ਨਹੀਂ ਕਰ ਸਕਦਾ ਸੀ। ਵੇਦ ਜੋ ਸੰਸਕ੍ਰਿਤੀ ਭਾਸ਼ਾ ਵਿੱਚ ਸਨ ਜਿਸ ਨੁੂੰ ਦੇਵ ਭਾਸ਼ਾ ਮੰਨਿਆ ਜਾਂਦਾ ਸੀ, ਜਿਥੇ ਮੰਦਿਰ ਅੰਦਰ ਮਨਾਹੀ ਸੀ ਤਾਂ ਗੁਰੂ ਰਵਿਦਾਸ ਜੀ ਨੇ ਪੂਰਵ ਪ੍ਰਚਲਤ ਧਰਮ ਵਿਚਾਰਧਾਰਾ ਨੂੰ ਆਪਣੀ ਵਿਚਾਰਧਾਰਾ ਦਾ ਅਧਾਰ ਬਣਾਉਣ ਦੀ ਥਾਂ ਸਿੱਧਾ ਰੱਬ ਨਾਲ ਪਿਆਰ ਪਾਉਣ ਦਾ ਉਪਦੇਸ਼ ਦਿੱਤਾ। ਉਨ੍ਹਾਂ ਨੇ ਆਪਣੀ ਕਿਰਤ ਕਰਨ ਦੇ ਨਾਲ ਨਾਲ ਲੋਕਾਂ ਨੂੰ ਪ੍ਰਭੂ ਭਗਤੀ ਦਾ ਲੋਕ ਭਾਸ਼ਾ ‘ਚ ਉਪਦੇਸ਼ ਦਿੱਤਾ। ਭਾਵ ਭਾਰਤੀ ਫ਼ਲਸਫ਼ੇ ਅੰਦਰ ਪ੍ਰਚਲਤ ਧਾਰਮਿਕ ਵਿਸ਼ਵਾਸ਼ਾਂ ਨੂੰ ਰੱਦ ਕੀਤਾ। ਜੋ ਮੰਨੂਵਾਦ ਵਿਰੁਧ ਇਕ ਰਾਹ ਸੀ।

ਸਾਚੀ ਪ੍ਰੀਤ ਹਮ ਤੁਮ ਜਿਓ ਜੋਰੀ।। ਤੁਮ ਸਿਉ ਜੋਰਿ ਅਵਰ ਸੰਗ ਤੋਰੀ।।
(ਗੁਰੂ ਗ੍ਰੰਥ ਸਾਹਿਬ ਪੰਨਾ 658)

ਉਨ੍ਹਾਂ ਦੇ ਮਨ ਵਿੱਚ ਆਪਣੇ ਕਾਰ ਜੁਤੀਆਂ ਗੰਢਣ ਦੀ ਕਿਰਤ ਨੇ ਕੋਈ ਹੀਣਤਾ ਭਾਵ ਨਹੀਂ ਲਿਆਂਦੀ ਅਤੇ ਨਾ ਹੀ ਊਚ-ਨੀਚ ਜਾਂ ਘ੍ਰਿਣਿਤ ਜਾਤ ਵੱਜੋਂ ਗੁਰਬਾਣੀ ਅੰਦਰ ਚਮਾਰ ਲਿਖਣ ਤੋਂ ਆਪਣੀ ਕਿਰਤ ਅੰਦਰ ਕੋਈ ਸੰਕੋਚ ਨਹੀਂ ਕੀਤਾ।

ਪ੍ਰੇਮ ਭਗਤਿ ਕੈ ਕਾਰਣੈ ਕਹੁ ਰਵਿਦਾਸ ਚਮਾਰਾ (ਗੁਰੂ ਗ੍ਰੰਥ ਸਾਹਿਬ, ਪੰਨਾ 346)।

ਭਾਰਤ ਦੇ ਇਤਿਹਾਸ ਅੰਦਰ ਰਵਾਇਤੀ ਚਿੰਤਨ ਵਿੱਚ ਜੋ ਕੁਝ ਵੀ ਉਸਾਰੂ ਹੈ, ਉਸ ਨੂੰ ਮੁਲਕ ਦੀ ਕਿਰਤੀ-ਜਮਾਤ ਵੱਲੋ ਬਹੁਤ ਹੀ ਜੋਸ਼ੋ-ਖਰੋਸ਼ ਨਾਲ ਅਪਣਾੳਂੁਦੇ ਹੋਏ ਇਸ ਚਿੰਤਨ ਦੇ ਭਟਕਾਉੂ ਅੰਸ਼ਾਂ ਨੂੰ ਰੱਦ ਕਰ ਦੇਣਾ ਚਾਹੀਦਾ ਹੈ। ਇਹ ਅਸਲ ਵਿੱਚ ਮੁਲਕ ਦੀ ਹੋਣੀ ਅੰਦਰ ਤਬਦੀਲੀ ਲਿਆਉਣ ਨਾਲ ਸਬੰਧਤ ਉਨ੍ਹਾਂ ਦੇ ਮਹਾਨ ਇਤਿਹਾਸਕ ਮਿਸ਼ਨ ਦਾ ਹੀ ਹਿੱਸਾ ਹੋਵੇਗਾ। ਇਸ ਮਕਸਦ ਦੀ ਪੂਰਤੀ ਲਈ ਸੱਚ ਖਾਤਰ ਲੜਨਾ ਪੈਣਾ ਹੈ ਜਿਸ ਲਈ ਬਹੁਤ ਜੋਸ਼ ਅਤੇ ਨਿਡਰਤਾ ਦੀ ਲੋੜ ਹੈ। ਅਜਿਹੀ ਨਿੱਡਰਤਾ ਅਤੇ ਜੋਸ਼ ਕਿਰਤੀ-ਜਮਾਤ ਦੀ ਲਹਿਰ ਤੋਂ ਇਲਾਵਾ ਕਿਤੇ ਹੋਰ ਨਹੀਂ ਮਿਲ ਸਕਦੀ ਹੈ।

ਗੁਰੁੂ ਰਵਿਦਾਸ ਜੀ ਨੇ ਆਧਿਆਤਮਕ-ਮੌਲਿਕ ਵਿਚਾਰਧਾਰਾ ਰਾਹੀਂ ਧਾਰਮਿਕ ਅਤੇ ਸਮਾਜਿਕ ਤਬਦੀਲੀ ਦਾ ਅਰੰਭ ਕੀਤਾ। ਉਨ੍ਹਾਂ ਸਪੱਸ਼ਟ ਕੀਤਾ ਕਿ ਮਨੁੱਖ ਜਨਮ ਤੋਂ ਹੀ ਦੁਰਲਭ ਹੈ ਤੇ ਪ੍ਰਭੂ ਪ੍ਰਾਪਤੀ ਲਈ ਹੀ ਇਹ ਜਨਮ ਮਿਲਿਆ ਹੈ। ਇਸੇ ਮਨੋਰਥ ਦੀ ਪ੍ਰਾਪਤੀ ਲਈ ਸਮਰਪਿਤ ਹੋ ਜਾਣਾ ਚਾਹੀਦਾ ਹੈ। (ਬਹੁਤ ਜਨਮ ਬਿਛੁਰੇ ਥੇ ਮਾਧਊ ਇਹ ਜਨਮੁ ਤੁਮਾਰੇ ਲੇਖੇ।। ਗੁਰੂ ਗ੍ਰੰਥ ਸਾਹਿਬ ਪੰਨਾ 694)। ਕਰਮ ਕਾਂਡਾ ਵਿੱਚ ਜੀਵਨ ਵਿਅਰਥ ਨਹੀਂ ਗਵਾਣਾ ਚਾਹੀਦਾ ਹੈ। ਫਿਰ ਪ੍ਰਭੂ ਨੂੰ ਲੱਭਣ ਦੀ ਲੋੜ ਨਹੀਂ ।

ਉਹ ਹਰ ਜਗ੍ਹਾ ਘਟ-ਘਟ ਵਿੱਚ ਮੌਜੂਦ ਹੈ। ਕੀ ਬ੍ਰਾਹਮਣ ਤੇ ਕੀ ਅਛੂਤ ‘‘ਸਰਬੇ ਏਕ ਅਨੇਕੈ“ ਸੁਆਮੀ ਸਭ ਘਟ ਭੋੁਗਵੇ ਸੋਈ।। (ਗੁਰੂ ਗ੍ਰੰਥ ਸਾਹਿਬ, ਪੰਨਾ 657)। ਗੁਰੂ ਰਵਿਦਾਸ ਜੀ ਨੇ ਨਿਰਭੈ ਹੋ ਕੇ ਭਾਰਤੀ ਧਰਮ ਦਰਸ਼ਨ ਦੇ ਅੰਦਰਲੇ ਸੱਚ ਨੂੰ ਸਮਾਜ ਦੇ ਸਨਮੁੱਖ ਪੇਸ਼ ਕੀਤਾ। ਪੁਰੋਹਿਤ ਵਰਗ ਵੱਲੋਂ ਸਵੈ-ਸੁਆਰਥ ਹਿਤ ਹਨੇ੍ਹੇਰੇ ‘ਚ ਰੱਖੀ ਜਨਤਾ ਦੇ ਮਨਾਂ ਦੇ ਕਪਾਟ ਖੋਲ੍ਹ ਦਿੱਤੇ। ਉਨ੍ਹਾਂ ਨੇ ਇਕ ਆਦਰਸ਼ ਸਮਾਜ ਦੀ ਸਿਰਜਣਾ ਕਰਨ ਲਈ ਇਕ ਦ੍ਰਿੜ ਸੰਕਲਪ ਵੀ ਪੇਸ਼ ਕੀਤਾ।

ਮਾਧੋ ਅਬਿਧਿਆ ਹਿਤ  ਕੀਨ ।। ਬਿਬੇਕ ਦੀਪ ਮਲੀਨ ।। ਰਹਾਓੁ।।

ਮਨੁੱਖੀ ਜੀਵਨ ਅੰਦਰ ਸੱਚ-ਅਧਾਰਤ ਤੱਥ ਵੀ ਏਹੋ ਹੈ ਕਿ ‘ਸਗਲੀ ਚਿੰਤ ਮਿਟਾਉਣ ਵਾਲਾ`  ਗੁਰੂ ਰਵਿਦਾਸ ਦਾ ਜੀਵਨ ਫ਼ਲਸਫ਼ਾ ਹੀ ਮਨੁੱਖੀ ਜੀਵਨ ਦੀ ਕਿਰਤ ਹੈ। ਉਨ੍ਹਾਂ ਦਾ ਇਕ ਸ਼ਬਦ ਮਨੁੱਖ ਨੂੰ ਇਸ ਸੰਸਾਰ ਅੰਦਰ ਬਦੀ ਨਾਲੋਂ ਤੋੜ ਕੇ ਨੇਕੀ ਨਾਲ ਜੋੜਨਾ ਸੀ। ਪਰ ਇਸ ਦਰਸ਼ਨ ਨੂੰ ਸਮਾਜ ਅੰਦਰ ਸਮਝਣਾ ਮੁਸ਼ਕਲ ਸੀ। ਮਨੁੱਖ ਕਈ ਵਰਗਾਂ ਵਿੱਚ ਵੰਡਿਆ ਹੋਣ ਕਰਕੇ ਉਸ ਨੂੰ ਸਮਝਣ ਅਤੇ ਸਮਝਾਉਣ ਅੰਦਰ ਮਾਨਸਿਕ ਤੌਰ ‘ਤੇ ਬਹੁਤ ਮੁਸ਼ਕਲਾਂ ਦੁਰਪੇਸ਼ ਸਨ।

ਸਮਾਜ ਚੇਤਨਾ ਦਾ ਮੌਜੂਦ ਜੱਥੇਬੰਦਕ ਨਹੀਂ ਸੀ। ਫਿਰ ਵੀ ਅਧਿਆਤਮਵਾਦ ਅੰਦਰ ਅਸੀਂ ਮਨੁੱਖ ਨੂੰ ਵਸਤੂ-ਸੰਸਾਰ (ਪਦਾਰਥਕ ਸੰਸਾਰ) ਦੇ ਨਾਲ-ਨਾਲ ਪ੍ਰਸੰਗਿਕਤਾਵਾਦੀ ਬਣਨ ਲਈ ਚੰਗੇ ਕਰਮ ਕਰਨ ਲਈ ਇਕ ਵੱਧੀਆ ਇਨਸਾਨ ਬਣਨਾ ਲੋਚਦੇ ਹਾਂ। ਜੀਵਨ ਭੌਤਿਕ ਜਾਂ ਅਧਿਆਤਮਕ ਉਲਾਰ ਦੀ ਜੀਵਨ ਨੂੰ ਹਰ ਖੇਤਰ ਵਿੱਚ ਸਹਿਜ ਤੇ ਸੰਤੁਲਨ ਵਲਾ ਉਸਾਰੂ ਬਣਾਉਣਾ ਚਾਹੀਦਾ ਹੈ। ਮਨ ਦਾ ਵਿਕਾਸ ਤਾਂ  ਹੀ ਸੰਭਵ ਹੋ ਸਕਦਾ ਹੈ ਜੇਕਰ ਅਸੀਂ ਇਸ ਕਾਰਜ ਲਈ ਨਿਰਧਾਰਤ ਕੁਦਰਤੀ ਨਿਯਮਾਂ ਦੀ ਪਾਲਣਾ ਕਰੀਏ।

ਉਪਜਿਓ ਗਿਆਨ ਹੁਆ ਪਰਗਾਸ ।।

ਅੰਧ ਵਿਸ਼ਵਾਸ਼ਾਂ ਵਿੱਚ ਮੂਰਛਿਤ ਸੁੱਤੇ ਇਨਸਾਨਾਂ ਨੂੰ ਝੰਜੋੜ ਕੇ ਉਠਾਉਣਾ, ਉਨਾਂ ਨੂੰ ਗਿਆਨਵਾਨ ਬਣਾਉਣਾ ਜ਼ਰੂਰੀ ਹੈ। ਗਿਆਨਵਾਨ ਇਨਸਾਨ ਹੀ ਆਪਣੀ ਅਤੇ ਆਪਣੇ ਆਲੇ ਦੁਆਲੇ ਫੈਲੇ ਸਾਰੇ ਅੰਧਕਾਰ ਨੂੰ ਦੂਰ ਕਰਕੇ ਆਲਾ ਦੁਆਲਾ ਰੌਸ਼ਨਾਅ ਸਕਦਾ ਹੈ। ਇਹ ਹੀ ਇਕ ਰਸਤਾ ਹੈ ਉਜਾਲਾ ਲਿਆਉਣ ਦਾ।

ਪਰਜਾ ਅੰਧੀ ਗਿਆਨ ਥਿਣ ਕੂੜ ਕੁਸਤੁ ਮੁਖਹੁ ਅਲਾਈ। ਵਰਤਿਆ ਪਾਪ ਸਭਸ ਜਗ ਮਾਹੀ
(ਭਾਈ ਗੁਰਦਾਸ ਜੀ)

ਮੱਧ-ਕਾਲ ਤੋਂ ਜਦੋਂ ਰਾਜਾਸ਼ਾਹੀ (ਸਾਮੰਤਵਾਦ) ਸਿਖਰਾ ‘ਤੇ ਸੀ, ਹਿੰਦੂਆਂ ਅਤੇ ਮੁਸਲਮਾਨਾਂ ਅੰਦਰ ਇਕ ਲੀਕ ਵੱਗੀ ਹੋਈ ਸੀ ਤਾਂ ਮਨੂੰਵਾਦੀ ਸਮਾਜ ਕਾਰਨ ਜਾਤ-ਪਾਤ ਅਤੇ ਛੂਆਛੂਤ ਦੇ ਅਡੰਬਰਾਂ  ਨੇ ਦਲਿਤ ਵਰਗ ਨੂੰ ਸਮਾਜ ਦੇ ਹਾਸ਼ੀਏ ਤੇ ਧੱਕਿਆ ਹੋਇਆ ਸੀ। ਇਸਲਾਮਕ ਰਾਜਨੀਤਕ ਦਬਾਅ ਵੱਧ ਰਿਹਾ ਸੀ। ਗੁਰੂ ਰਵਿਦਾਸ ਜੀ ਖੁਦ ਉਸ ਸਮੇਂ ਬ੍ਰਹਮਣਵਾਦ ਦੇ ਕ੍ਰੋਪ ਦਾ ਸਿ਼ਕਾਰ ਬਣੇ। ਪਰ ਉਹ ਬਰਾਬਰਤਾ ਦੇ ਹਾਮੀ ਸਨ। ‘ਗੁਰਾਂ` ਨੂੰ ਰਵਿਦਾਸ ਜੀ ਗੁਰੂ ਧਾਰਨ ਕਰਕੇ ਰਾਜ-ਘਰਾਣਿਆ ਨੇ ਤ੍ਰਿਸਕਾਰਿਆ। ਪਰ  ਉਨ੍ਹਾਂ ਨੇ ਦੋਨਾਂ ਧਰਮਾਂ ਨੂੰ ਬਰਾਬਰ ਕਿਹਾ। ਦਲਿਤ ਵਰਗ ਨਾਲੋਂ ਵੀ ਵੱਧ ਨਰਕ ਭੋਗ ਰਹੀ ਸੀ ਇਸਤਰੀ ਜਾਤੀ।

ਗੁਰੂ ਰਵਿਦਾਸ ਜੀ  ਨੇ ਰਾਣੀ ਝਾਲੀ ਅਤੇ ਮੀਰਾਂ  ਨੂੰ ਨਾਮਦਾਨ ਦੇ ਕੇ ਭਗਤੀ ਸਾਧਨਾਂ ਵਿੱਚ ਲਿਆਂਦਾ। ਉਨ੍ਹਾਂ ਦੀ ਬਾਣੀ ਵਿੱਚ ਨਾਰੀ ਦੇ ਸੁਹਾਗਣ ਪਤਨੀ ਦੇ ਰੂਪ ਵਿੱਚ ਬਹੁਤ ਹੀ ਸੁੰਦਰ ਢੰਗ ਨਾਲ ਨਾਰੀ ਪ੍ਰਤੀ ਆਦਰ ਪ੍ਰਗਟਾਇਆ ਗਿਆ ਹੈ। ਨਿਰਸੰਦੇਹ ਗੁਰੂ ਜੀ ਧਰਮ ਨਿਰਲੇਪਤਾ ਅਤੇ ਸਾਂਝੀਵਾਲਤਾਂ ਦੇ ਪ੍ਰਤੀਕ ਸਨ। ਉਨ੍ਹਾਂ ਨੇ ਭਾਰਤੀ ਸਮਾਜ ਅੰਦਰ ਫੈਲੀ ਸਮਾਜਕ-ਅਸਮਾਨਤਾ ‘ਤੇ ਅਨਿਆਏ ਨੂੰ ਦੇਖਿਆ ਹੀ ਨਹੀਂ ਸਗੋਂ ਖੁਦ ਹੰਡਾਇਆ। ਇਸ ਦੇ ਕਾਰਨ ਲੋਕ ਗਰੀਬੀ-ਗੁਰਬਤ ਭੋਗ ਰਹੇ ਹਨ,ਇਸ ਵਿਰੁਧ ਬਰਾਬਰੀ, ਸਮਾਨਤਾ ਅਤੇ ਮਾਨਵੀ ਏਕਤਾ ਲਈ ਆਪਣੇ ਉਪਦੇਸ਼ਾਂ ਰਾਹੀਂ ਲੋਕਾਈ ਨੂੰ ਆਪਣਾ ਸੰਦੇਸ਼ ਦਿੱਤਾ। ਲੋਕਾਂ ਅੰਦਰ ਬਰਾਬਰਤਾ ਪੱਖੀ ਵਿਚਾਰਾਂ ਨੂੰ ਸਮਾਜਵਾਦੀ, ਕ੍ਰਾਂਤੀਕਾਰੀ ਅਤੇ ਨਿਵੇਕਲੇ ਅਧਿਆਤਮਕਵਾਦੀ ਸਿਧਾਂਤ ਰਾਹੀਂ ਇਕ ਅਨੂਠੇ ਸਮਾਜ ਦੀ ਕਲਪਨਾ ਵੀ ਕੀਤੀ। ਇਕ ਸੰਪੂਰਨ ਤੇ ਮਨੁੱਖਤਾਵਾਦੀ ਸਮਾਜ ਦੀ ਮੰਗ ਵੀ ਉਠਾਈ ?

ਬੇਗਮਪੁਰੇ ਸਹਰ ਕੋ ਨਾਉਂ ।। ਦੂਖੁ ਅੰਦਹੁ ਨਹੀਂ ਤਿਹਿ ਠਾਉ।।
ਕਹਿ ਰਵਿਦਾਸ ਖਲਾਸ ਚਮਾਰਾ।। ਹੋ ਹਮ ਸਹਰੀ ਸੁ ਮੀਤ ਹਮਾਰਾ
(ਗੁਰੂ ਗ੍ਰੰਥ ਸਾਹਿਬ-ਪੰਨਾ 345)

ਗੁਰੂ ਰਵਿਦਾਸ ਜੀ ਨੇ ਮੱਧ-ਕਾਲ ਵੇਲੇ ਜਦੋਂ ਭਗਤੀ ਲਹਿਰ ਦੇਸ਼ ਅੰਦਰ ਪਸਰ ਰਹੀ ਸੀ, ਦੁੱਖਾਂ ਨਾਲ ਪੀੜਤ ਨਿਮਨ-ਵਰਗ ਦੇ ਦੁੱਖ ਦੇਖ ਕੇ ਦੱਬੇ ਕੁਚਲੇ ਲੋਕਾਂ ਅੰਦਰ ਇਕ ਸਮਾਨਤਾ ਦੀ ਲਹਿਰ ਚਲਾਉਣ ਲਈ ਅਗਾਜ਼ ਕੀਤਾ। (ਦਾਰਦੁ ਦੇਖਿ ਸਭ ਕੋ ਹਸੈ ਐਸੀ ਦਸਾ ਹਮਾਰੀ।। (ਗੁਰੂ ਗ੍ਰੰਥ ਸਾਹਿਬ ਪੰਨਾ 858) ਉਹ ਇਕ ਮੌਲਿਕ ਚਿੰਤਕ ਸਨ। ਇਹੀ ਕਾਰਨ ਹੈ ਕਿ ਸਿੱਖ ਧਰਮ ਦੇ ਪਵਿਤਰ ਗੁਰੂ ਗ੍ਰੰਥ ਸਾਹਿਬ ਅੰਦਰ ਉਨ੍ਹਾਂ ਦੀ ਰਚਨਾ ਅੰਕਿਤ ਹੈ।ਉਨ੍ਹਾਂ ਦੀ ਬਾਣੀ ਦੇ 40 ਪਦ (ਸ਼ਬਦ) ਅਤੇ ਇਕ ਦੋਹਾ (ਸਾਖੀ) ਜਾਂ ਸਲੋਕ ਆਦਿ  ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹਨ। ਇਹ ਸਾਰੇ ਸ਼ਬਦ ਸੋਲਾਂ ਰਾਗਾਂ ਵਿੱਚ ਅੰਕਿਤ ਹਨ।

ਜੋ ਸਿਰੀ, ਗਾਉੜੀ, ਆਸਾ, ਗੁਜਰੀ, ਸੋਰਠਿ, ਧਨਾਸਰੀ, ਜੈਤਸਰੀ, ਸੂਹੀ, ਬਿਲਾਵਲ, ਗੌਡ, ਰਾਮਕਲੀ, ਮਾਰੂ, ਕੇਦਾਰਾ, ਭੈਰਓ, ਬਸੰਤ ਅਤੇ ਮਲਾਰ ਅੰਦਰ ਕਾਵਿ ਗੁਣਾਂ ਨਾਲ ਭਰਪੂਰ ਅਤੇ ਅਧਿਆਤਮ-ਪੱਖੀ ਰਚਨਾਵਾਂ ਹਨ। ਉਹ ਰੱਬ ਨੂੰ ਸਰਵ-ਉੱਚ ਮੰਨਦੇ ਸਨ ਤੇ ਮਨੁੱਖੀ ਦੇਹੀ ਨੂੰ ਇਕ ਕੀਮਤੀ ਦਾਤ ਦਾ ਦਰਜਾ ਦਿੰਦੇ ਸਨ। ਗੁਰੂ ਰਵਿਦਾਸ ਜੀ ਦਾ ਜਨਮ 1376 ਈ: ਵਿੱਚ ਮਾਤਾ ਕਰਮਾ ਦੇਵੀ ਅਤੇ ਪਿਤਾ ਰਘੁਰਾਇ ਦੇ ਘਰ ਬਨਾਰਸ ਦੇ ਆਸ-ਪਾਸ ਹੋਇਆ (ਇਤਿਹਾਸਕ ਤੇ ਸ਼ੋਧ ਪੂਰਨ ਹਵਾਲਿਆ ਅਨੁਸਾਰ ਜਨਮ ਮਿਤੀ: 25-ਜਨਵਰੀ), 1376-77 ਈ:  ਦਿਨ ਐਤਵਾਰ ਡਾ: ਹਰਨੇਕ ਸਿਘ ਕਲੇਰ ਸ਼ੋਧ ਪ੍ਰਬੰਧ)। ਗੁਰੂ ਰਵਿਦਾਸ ਜੀ ਨੂੰ ਭਗਤ ਰਾਮਾਨੰਦ ਜੀ ਦਾ ਪ੍ਰਮੁੱਖ ਚੇਲਾ ਮੰਨਿਆ ਦੱਸਿਆ ਗਿਆ ਹੈ। ਗੁਰੂ ਜੀ ਨੇ ਮੌਲਿਕ ਅਧਿਆਤਮਿਕ ਪ੍ਰਾਪਤੀਆਂ ਕਰਕੇ ਅਦੁਤੀ ਵਡਿਆਈ ਪ੍ਰਾਪਤ ਕੀਤੀ। ਬ੍ਰਾਹਮਣਵਾਦੀ ਜੋ ਵਰਣ-ਵੰਡ ਦੇ ਹਾਮੀ ਸਨ ਰਵਿਦਾਸ ਜੀ ਦੇ ਕੱਟੜ ਵਿਰੋਧੀ ਸਨ।

ਗੁਰੂ ਰਵਿਦਾਸ ਜੀ ਨੇ ਇਤਿਹਾਸਕ ਪ੍ਰੀਪੇਖ ਅੰਦਰ ਸਮਾਜਕ ਚੇਤਨਾ ਵਜੋਂ ਮਾਨਵ ਜੀਵਨ  ਜੁਗਤ ਦਾ ਦਰਸ਼ਨ ਪੇਸ਼ ਕੀਤਾ । ਉਹ ਇਕ ਮੌਲਿਕ ਚਿੰਤਕ ਸਨ ਜਿਨ੍ਹਾਂ ਨੇ ਭਗਤੀ ਲਹਿਰ ਵੇਲੇ ਦੇਸ਼ ਦੇ ਦੱਬੇ-ਕੁਚਲੇ ਅਤੇ ਜਾਤ-ਪਾਤ ਅੰਦਰ ਲਤਾੜੇ ਇਕ ਬਹੁਤ ਵੱਡੇ ਸ਼ੋਸਿ਼ਤ ਸਮਾਜ ਨੂੰ ਵੀ ਬਰਾਬਰਤਾ ਦਾ ਹੱਕ ਦੇਣ ਲਈ ਅਵਾਜ਼ ਬੁਲੰਦ ਕੀਤੀ।

ਨੀਚਹੁ ਊਚ ਕਰੇ ਮੇਰਾ ਗੋਬਿੰਦ ਕਾਹੂ ਤੇ ਨ ਡਰੇ। (ਗੁਰੂ ਗ੍ਰੰਥ ਸਾਹਿਬ ਪੰਨਾ 1106)

ਪਰ ਭਾਰਤ ਦੀ ਰਾਜਸਤਾ ਅੰਦਰ ਸਦੀਆਂ ਤੋ ਦੱਬੇ-ਕੁਚਲੇ ਦਲਿਤ, ਘੱਟ ਗਿਣਤੀਆਂ ਅਤੇ ਇਸਤਰੀ ਵਰਗ ਦੀ ਦਾਸਤਾਨ, ਅੱਜ ਦੇ ਭਾਰਤੀ ਸਮਾਜ ਦੀ ਮਾਨਸਿਕਤਾ ਕਾਲ ਦੇ ‘‘ਵਰਗੀ-ਸੰਘਰਸ਼ਾਂ“ ਅੰਦਰ ਅਤੀਤ, ਵਰਤਮਾਨ ਅਤੇ ਭਵਿੱਖ ਵੱਲ ਢੱਲਦੇ ਪ੍ਰਛਾਇਆਂ ਕਾਰਨ ਹਾਕਮਾਂ ਦੇ ਕਹਿਰਾ ਤੋਂ ਬਚ ਨਹੀਂ ਸਕੀ। ਉਨ੍ਹਾਂ ਦੀ ਹੋਣੀ ਸਦੀਆਂ ਤੋਂ ਜੰਮਣ ਅਤੇ ਮਰਨ ਤੱਕ ਹਰ ਤਰ੍ਹਾਂ ਦੇ ਸ਼ੋਸ਼ਣ ਅਤੇ ਅਸਮਾਨਤਾ ਕਾਰਨ ਬੇ-ਪਛਾਣ ਹੋ ਗਈ ਜੋ ਅੱਜ ਆਪਣੇ ਯਥਾਰਥ ਨੂੰ ਵੀ ਭੁੱਲ ਗਈ ਲੱਗਦੀ ਹੈ। ਫਿਰ ਉਸ ਨੂੰ ਕਿਸੇ ਜੱਥੇਬੰਦਕ ਢਾਂਚੇ ਦੀ ਹੋਂਦ ਤੋਂ ਬਿਨਾਂ ਇਸ ਵਰਗੀ-ਸੰਸਾਰ ਅੰਦਰ ਇਨਸਾਫ਼ ਕਿੱਥੋਂ ਮਿਲੇਗਾ ?

ਦੇਸ਼ ਦਾ ਇਹ ਇਕ ਵੱਡਾ ਸ਼ੋਸਿ਼ਤ ਸਮਾਜ ਸਦੀਆਂ ਤੋੋਂ ਸਮਾਜਕ, ਆਰਥਿਕ, ਰਾਜਨੀਤਕ, ਧਾਰਮਿਕ ਅਤੇ ਸੱਭਿਆਚਾਰਕ ਖੇਤਰ ਅੰਦਰ ਲੁੱਟ ਦਾ ਸਿ਼ਕਾਰ ਹੁੰਦਾ ਆ ਰਿਹਾ ਹੈ। ਭਾਵੇਂ ਇਸ ਸਮਾਜ ਨੇ ਦੇਸ਼ ਦੇ ਵਿਕਾਸ ਅੰਦਰ ਪੂਰੀ ਨਿਸ਼ਟਾ, ਦੇਸ਼ ਭਗਤੀ ਅਤੇ ਮਾਂ-ਭੂਮੀ ਲਈ ਅਥਾਹ ਕੁਰਬਾਨੀਆਂ ਕੀਤੀਆਂ ਹਨ। ਪਰ ਇਹ ਵਰਗ ਹਾਕਮਾਂ ਵੱਲੋਂ ਸਦਾ ਹੀ ਨਜ਼ਰ ਅੰਦਾਜ਼ ਕੀਤਾ ਜਾਂਦਾ ਰਿਹਾ ਹੈ। ਭਾਰਤ ਦੇ ਵਿਕਾਸ ਦਾ ਚੱਕਾ ਘੁਮਾਉਣ ‘ਚ ਇਸ ਵਰਗ ਦਾ ਵੱਡਾ ਯੋਗਦਾਨ ਹੈ।

ਦਲਿਤ, ਆਦਿਵਾਸੀ ਅਤੇ ਕਬਾਇਲੀ ਭਾਈਚਾਰਾ ਹੀ ਅਸਲੀ ਭਾਰਤ ਦੇ ਮੂਲ ਨਿਵਾਸੀ ਅਤੇ ਵਾਰਸ ਸਨ। ਸਿੰਧੂ ਘਾਟੀ ਸੱਭਿਅਤਾ ਦੇ ਖਾਤਮੇ ਬਾਦ ਭਾਰਤ ਅੰਦਰ ਦਾਖਲ ਹੋਏ ਮੱਧ-ਏਸ਼ੀਆ ਦੇ ਕਬੀਲੇ ਅਤੇ ਬਾਹਰਲੇ ਹਮਲਾਵਰਾਂ ਜਿਨ੍ਹਾਂ  ਨੂੰ ਹੁਣ ਆਰੀਅਨ-ਲੋਕ ਕਿਹਾ ਜਾਂਦਾ ਹੈ। ਕਈ ਸਦੀਆਂ ਪਹਿਲਾਂ ਉਤਰ-ਪੱਛਮ ਅਤੇ ਅੱਗੋ ਬਾਕੀ ਭਾਰਤ ਅੰਦਰ ਕਾਬਜ਼ ਹੋ ਕੇ ਸਥਾਪਤ ਹੁੰਦੇ ਗਏ। ਇਥੋਂ ਦੇ ਮੂਲਵਾਸੀ, ਭੀਲ, ਕੋਲ, ਸੰਥਾਲ, ਮੁੰਡਾ, ਆਦਿਵਾਸੀ ਕਬੀਲੇ ਜਿਨ੍ਹਾਂ ਨੂੰ ਪ੍ਰਵਾਸੀ ਜਰਵਾਣਿਆ ਨੇ ਜਾਂ ਤਾਂ ਮਾਰ ਦਿੱਤਾ, ਜਾਂ ਫਿਰ ਗੁਲਾਮ ਬਣਾ ਲਿਆ ਅਤੇ ਬਾਕੀ ਜੰਗਲਾਂ ਦੀ ਸ਼ਰਣ ‘ਚ ਚਲੇ ਗਏ। ਦੇਸ਼ ਦੇ ਕੁਦਰਤੀ ਸੋਮਿਆਂ ਜ਼ਮੀਨ, ਜੰਗਲ ਅਤੇ ਜਲ ਦੇ ਅਧਿਆਰਾਂ ਤੋਂ ਬੰਚਿਤ ਹੀ ਇਹ ਲੋਕ ਸਦੀਆਂ ਤੋਂ ਜਰਵਾਣੇ ਲੋਕਾਂ ਦੇ ਸ਼ੋਸ਼ਣ ਦਾ ਸਿ਼ਕਾਰ ਹੁੰਦੇ ਆ ਰਹੇ ਹਨ।

ਸਮੁੱਚੇ ਸੋਸਿ਼ਤ ਵਰਗ ਦੀ ਮੁਕਤੀ ਲਈ ਅੱਜ ਇਕੋ ਇਕ ਰਾਹ ਇਹ ਹੈ ਕਿ ਉਹ ਆਪਣੇ ਹੱਕਾਂ ਦੀ ਪ੍ਰਾਪਤੀ ਲਈ ਇਕ ਮੁੱਠ ਹੋਣ। ਇਸ ਲਈ ਸੋਸਿ਼ਤ ਸਮਾਜ ਦੀ ਸ਼ਕਤੀ ਭਾਰਤ ਅੰਦਰ ਕਿਰਤੀ-ਜਮਾਤ ਦੇ ਸੰਘਰਸ਼ਾਂ ਦੀ ਭਾਈਵਾਲੀ ਵਾਲੀ ਰਾਜਨੀਤੀ ਅੰਦਰ ਹੀ ਅੱਗੇ ਵੱਧ ਸਕਦੀ ਹੈ। ਸਮਾਜਕ-ਪ੍ਰੀਵਰਤਨ ਲਈ ਸਮੁੱਚੀ ਕਿਰਤੀ-ਜਮਾਤ ਹੀ ਸਰਵ-ਸਮੱਰਥ ਹੋ ਸਕਦੀ ਹੈ। ਜੋ ਮਨੁੱਖ ਨੂੰ ਸਮਾਜਕ ਤੇ ਆਰਥਿਕ ਦੁੱਖਾਂ ਤੋਂ ਨਿਜਾਤ ਦਿਵਾ ਸਕਦੀ ਹੈ। ਗੁਰੂ ਰਵਿਦਾਸ ਜੀ ਨੇ ਵੀ ਇਸ ਲਈ ਅਨੂਠਾ ਅਤੇ ਚਿੰਤਕ ਮਾਨਵਵਾਦੀ ਤੇ  ਸਮਾਜਵਾਦੀ ਨਾਹਰਾ ਦਿੱਤਾ ਸੀ।

ਬੇਗਮਪੁਰਾ ਸਹਰ ਕੋ ਨਾਉਂ।। ਦੂਖੁ ਅੰਦੋਹੁ ਨਹੀਂ ਤਿਹਿ ਠਾਉ ।। (ਗੁਰੂ ਗ੍ਰੰਥ ਸਾਹਿਬ ਜੀ)

ਜਗਦੀਸ਼ ਸਿੰਘ ਚੋਹਕਾ

91੍9217997445  
001੍403੍285੍4208

Previous articleCBI comes to question wife, Abhishek Banerjee says not cowed down
Next articleਸੰਤ ਨਿਰੰਜਣ ਦਾਸ ਜੀ ਨੇ ਉਂਕਾਰ ਜੱਸੀ ਨੂੰ ਆਸ਼ੀਰਵਾਦ ਦਿੰਦਿਆਂ ਕੀਤਾ ਪੋਸਟਰ ਰਿਲੀਜ਼