ਸੰਯੁਕਤ ਰਾਸ਼ਟਰ (ਸਮਾਜ ਵੀਕਲੀ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਸਵਾਲ ਕੀਤਾ ਕਿ ਆਖ਼ਰ ਕਿੰਨਾ ਚਿਰ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਭਾਰਤ ਨੂੰ ਸੰਯੁਕਤ ਰਾਸ਼ਟਰ ਦੇ ਅਹਿਮ ਫ਼ੈਸਲੇ ਲੈਣ ਵਾਲੇ ਢਾਂਚੇ ਤੋਂ ਬਾਹਰ ਰੱਖਿਆ ਜਾਵੇਗਾ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਆਲਮੀ ਸੰਗਠਨ ਦੇ ਕਿਰਦਾਰ, ਪ੍ਰਤੀਕਿਰਿਆ ਤੇ ਪ੍ਰਕਿਰਿਆ ਦੇ ਢੰਗ-ਤਰੀਕਿਆਂ ਵਿਚ ਸੁਧਾਰ ‘ਸਮੇਂ ਦੀ ਲੋੜ’ ਹਨ।
ਸੰਯੁਕਤ ਰਾਸ਼ਟਰ ਆਮ ਇਜਲਾਸ ਦੇ 75ਵੇਂ ਸੈਸ਼ਨ ’ਚ ਆਪਣੇ ਪਹਿਲਾਂ ਤੋਂ ਰਿਕਾਰਡ ਭਾਸ਼ਣ ਵਿਚ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਸੰਸਾਰ ਦੀ ਭਲਾਈ ਲਈ ਸੰਯੁਕਤ ਰਾਸ਼ਟਰ ਵਿਚ ਸਥਿਰਤਾ ਤੇ ਇਸ ਦੀ ਮਜ਼ਬੂਤੀ ਬਹੁਤ ਜ਼ਰੂਰੀ ਹੈ। ਮੋਦੀ ਨੇ ਸਵਾਲ ਕੀਤਾ ਕਿ ‘ਉਸ ਮੁਲਕ ਨੂੰ ਕਿੰਨੀ ਦੇਰ ਉਡੀਕ ਕਰਨੀ ਪਵੇਗੀ ਜਿਸ ਵਿਚ ਵਾਪਰ ਰਹੀਆਂ ਤਬਦੀਲੀਆਂ ਸੰਸਾਰ ਦੇ ਵੱਡੇ ਹਿੱਸੇ ਨੂੰ ਪ੍ਰਭਾਵਿਤ ਕਰ ਰਹੀਆਂ ਹਨ।’ ਉਨ੍ਹਾਂ ਕਿਹਾ ਕਿ ਭਾਰਤੀ ਲੋਕ ਸੰਯੁਕਤ ਰਾਸ਼ਟਰ ’ਤੇ ਭਰੋਸਾ ਕਰਦੇ ਹਨ, ਪਰ ਲੰਮੇ ਸਮੇਂ ਤੋਂ ਸੁਧਾਰਾਂ ਦੀ ਪ੍ਰਕਿਰਿਆ ਨੂੰ ਵੀ ਉਡੀਕ ਰਹੇ ਹਨ।
ਮੋਦੀ ਨੇ ਕਿਹਾ ਕਿ ਸਲਾਮਤੀ ਕੌਂਸਲ ਦਾ 1945 ਵਿਚ ਕਾਇਮ ਢਾਂਚਾ ਵਰਤਮਾਨ ਦੀ ਅਸਲੀਅਤ ਤੋਂ ਦੂਰ ਹੈ ਤੇ ਮੌਜੂਦਾ ਚੁਣੌਤੀਆਂ ਨਾਲ ਨਜਿੱਠਣ ਦੇ ਸਮਰੱਥ ਨਹੀਂ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਅਤਿਵਾਦ, ਨਾਜਾਇਜ਼ ਹਥਿਆਰਾਂ, ਡਰੱਗ ਤੇ ਮਨੀ ਲਾਂਡਰਿੰਗ ਜਿਹੇ ਮੁੱਦਿਆਂ ਨੂੰ ਉਠਾਉਣ ਵਿਚ ਕਦੇ ਗੁਰੇਜ਼ ਨਹੀਂ ਕਰੇਗਾ। ਮੋਦੀ ਨੇ ਕਿਹਾ ਕਿ ਮਹਾਮਾਰੀ ਕਾਰਨ ਬਦਲੀਆਂ ਸਥਿਤੀਆਂ ਤੋਂ ਬਾਅਦ ਭਾਰਤ ‘ਆਤਮ ਨਿਰਭਰ’ ਹੋਣ ਵੱਲ ਵਧ ਰਿਹਾ ਹੈ ਜੋ ਕਿ ਆਲਮੀ ਅਰਥਚਾਰੇ ਲਈ ਵੀ ਸਹਾਈ ਸਿੱਧ ਹੋਵੇਗਾ।