ਅਹਿਮਦਾਬਾਦ (ਸਮਾਜ ਵੀਕਲੀ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਦੀ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਨੂੰ ਜ਼ੋਸ਼ੋ-ਖਰੋਸ਼ ਨਾਲ ਮਨਾਉਣ ਲਈ ਸਰਕਾਰ ਵੱਲੋਂ ਬਣਾਏ ਗਏ ਪ੍ਰੋਗਰਾਮ ਤਹਿਤ ਅੱਜ ‘ਆਜ਼ਾਦੀ ਦੇ ਅੰਮ੍ਰਿਤ ਮਹਾਉਤਸਵ’ ਦਾ ਆਗਾਜ਼ ਕੀਤਾ। ਉਨ੍ਹਾਂ ਕਿਹਾ ਕਿ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਦੇ ਜਸ਼ਨ 15 ਅਗਸਤ, 2023 ਤੱਕ ਜਾਰੀ ਰਹਿਣਗੇ। ਸ੍ਰੀ ਮੋਦੀ ਨੇ ਕਿਹਾ ਕਿ ਦੇਸ਼ ਦੇ ਵਿਸਾਰੇ ਗਏ ਦੇਸ਼ਭਗਤਾਂ ਦੇ ਇਤਿਹਾਸ ਨੂੰ ਸਾਂਭਣ ਲਈ ਪਿਛਲੇ ਛੇ ਸਾਲਾਂ ’ਚ ਕੋਸ਼ਿਸ਼ਾਂ ਕੀਤੀਆਂ ਗਈਆਂ ਹਨ।
ਮਹਾਤਮਾ ਗਾਂਧੀ ਦੇ ਡਾਂਡੀ ਮਾਰਚ ਦੀ ਯਾਦ ’ਚ ਉਨ੍ਹਾਂ ਸਾਬਰਮਤੀ ਆਸ਼ਰਮ ਤੋਂ ਪੈਦਲ ਯਾਤਰਾ ਨੂੰ ਝੰਡੀ ਦਿਖਾਈ। ਇਸ ਮਾਰਚ ’ਚ ਸਾਬਰਮਤੀ ਆਸ਼ਰਮ ਦੇ 81 ਕਾਰਕੁਨ ਸ਼ਾਮਲ ਹਨ ਜੋ 386 ਕਿਲੋਮੀਟਰ ਦਾ ਸਫ਼ਰ ਪੈਦਲ ਪੂਰਾ ਕਰਕੇ ਨਵਸਾਰੀ ’ਚ ਡਾਂਡੀ ਪਹੁੰਚਣਗੇ। ਇਹ ਮਾਰਚ 25 ਦਿਨਾਂ ’ਚ 5 ਅਪਰੈਲ ਨੂੰ ਮੁਕੰਮਲ ਹੋਵੇਗਾ। ਜਸ਼ਨਾਂ ਦੇ ਆਗਾਜ਼ ਮਗਰੋਂ ਆਪਣੇ ਸੰਬੋਧਨ ’ਚ ਪ੍ਰਧਾਨ ਮੰਤਰੀ ਨੇ ਕਿਹਾ,‘‘ਸਾਨੂੰ ਆਪਣੇ ਸੰਵਿਧਾਨ ਅਤੇ ਜਮਹੂਰੀ ਰਵਾਇਤਾਂ ’ਤੇ ਮਾਣ ਹੈ। ਭਾਰਤ ਜਮਹੂਰੀਅਤ ਦੀ ਜਨਨੀ ਹੈ ਅਤੇ ਅਸੀਂ ਇਸ ਨੂੰ ਮਜ਼ਬੂਤ ਬਣਾਉਂਦੇ ਹੋਏ ਅਗਾਂਹ ਵਧ ਰਹੇ ਹਾਂ।
ਸਾਡੀਆਂ ਪ੍ਰਾਪਤੀਆਂ ਪੂਰੀ ਦੁਨੀਆ ਨੂੰ ਰੌਸ਼ਨੀ ਦਿਖਾ ਰਹੀਆਂ ਹਨ।’’ ਉਨ੍ਹਾਂ ਕਿਹਾ ਕਿ ਆਤਮ-ਨਿਰਭਰ ਭਾਰਤ ਦੁਨੀਆ ਦੇ ਵਿਕਾਸ ਨੂੰ ਲੀਹ ’ਤੇ ਪਾਏਗਾ। ‘ਪੰਜ ਥੰਮ੍ਹ-ਆਜ਼ਾਦੀ ਸੰਗਰਾਮ, 75 ’ਚ ਵਿਚਾਰ, 75 ’ਚ ਉਪਲੱਬਧੀਆਂ, 75 ’ਚ ਕੰਮ, 75 ’ਚ ਅਹਿਦ। ਇਹ ਪੰਜ ਥੰਮ੍ਹ ਆਜ਼ਾਦੀ ਦੀ ਲੜਾਈ ਦੇ ਨਾਲ ਨਾਲ ਆਜ਼ਾਦ ਭਾਰਤ ਦੇ ਸੁਪਨਿਆਂ ਅਤੇ ਫਰਜ਼ਾਂ ਨੂੰ ਮੁਲਕ ਸਾਹਮਣੇ ਰੱਖ ਕੇ ਅੱਗੇ ਵਧਣ ਦੀ ਪ੍ਰੇਰਣਾ ਦੇਣਗੇ।’ ਉਨ੍ਹਾਂ ਕਿਹਾ ਕਿ ਜਲਿਆਂਵਾਲਾ ਬਾਗ ਯਾਦਗਾਰ ਹੋਵੇ ਜਾਂ ਫਿਰ ਹੋਰ ਅੰਦੋਲਨਾਂ ਦੀਆਂ ਯਾਦਗਾਰਾਂ ਹੋਣ, ਸਾਰਿਆਂ ਦੇ ਕੰਮ ਨੂੰ ਅੱਗੇ ਵਧਾਇਆ ਗਿਆ ਹੈ।
ਅਹਿਮਦਾਬਾਦ ਹਵਾਈ ਅੱਡੇ ’ਤੇ ਉਤਰਨ ਮਗਰੋਂ ਪ੍ਰਧਾਨ ਮੰਤਰੀ ਸੜਕ ਰਸਤੇ ਰਾਹੀਂ ਸਾਬਰਮਤੀ ਆਸ਼ਰਮ ਪਹੁੰਚੇ ਜਿਥੇ ਉਹ ਰਾਸ਼ਟਰਪਿਤਾ ਮਹਾਤਮਾ ਗਾਂਧੀ ਦੇ ਬੁੱਤ ’ਤੇ ਨਤਮਸਤਕ ਹੋਏ। ਉਨ੍ਹਾਂ ਵਿਜ਼ਿਟਰ ਬੁੱਕ ’ਚ ਲਿਖਿਆ ਕਿ ਇਹ ਮਹਾਉਤਸਵ ਸਾਡੇ ਆਜ਼ਾਦੀ ਸੰਗਰਾਮ ਅਤੇ ਆਜ਼ਾਦੀ ਘੁਲਾਟੀਆਂ ਪ੍ਰਤੀ ਸ਼ਰਧਾਂਜਲੀ ਹੈ। ‘ਸਾਬਰਮਤੀ ਆਸ਼ਰਮ ਆ ਕੇ ਅਤੇ ਬਾਪੂ ਦੀ ਪ੍ਰੇਰਣਾ ਨਾਲ ਰਾਸ਼ਟਰ ਨਿਰਮਾਣ ਦਾ ਮੇਰਾ ਦ੍ਰਿੜ੍ਹ ਨਿਸ਼ਚਾ ਹੋਰ ਵੀ ਮਜ਼ਬੂਤ ਹੋਇਆ ਹੈ।’ ਇਸ ਮੌਕੇ ਗੁਜਰਾਤ ਦੇ ਰਾਜਪਾਲ ਅਚਾਰਿਆ ਦੇਵਵ੍ਰੱਤ ਅਤੇ ਮੁੱਖ ਮੰਤਰੀ ਵਿਜੈ ਰੁਪਾਨੀ ਵੀ ਹਾਜ਼ਰ ਸਨ।