- ਮਹਿਲਾ ਉੱਦਮੀਆਂ, ਰੇਲਵੇ ਦੇ ਅਧਿਕਾਰੀਆਂ ਤੇ ਹੋਰਾਂ ਨਾਲ ਮੋਦੀ ਨੇ ਕੀਤੀ ਗੱਲਬਾਤ
ਅਹਿਮਦਾਬਾਦ (ਸਮਾਜ ਵੀਕਲੀ); ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਤੇਜ਼ ਰਫ਼ਤਾਰ ਵਾਲੀ ਗਾਂਧੀਨਗਰ-ਮੁੰਬਈ ਵੰਦੇ ਭਾਰਤ ਐਕਸਪ੍ਰੈੱਸ ਨੂੰ ਅੱਜ ਇਥੇ ਹਰੀ ਝੰਡੀ ਦਿਖਾਈ। ਇਸ ਦੌਰਾਨ ਉਨ੍ਹਾਂ ਕਾਲੂਪੁਰ ਰੇਲਵੇ ਸਟੇਸ਼ਨ ਤੱਕ ਉਸ ’ਚ ਸਫ਼ਰ ਵੀ ਕੀਤਾ। ਰੇਲ ਗੱਡੀ ’ਚ ਸਵਾਰ ਹੋਣ ਤੋਂ ਪਹਿਲਾਂ ਉਨ੍ਹਾਂ ਗਾਂਧੀਨਗਰ ਕੈਪੀਟਲ ਰੇਲਵੇ ਸਟੇਸ਼ਨ ’ਤੇ ਸਵੇਰੇ ਕਰੀਬ ਸਾਢੇ 10 ਵਜੇ ਰੇਲ ਗੱਡੀ ਨੂੰ ਰਵਾਨਾ ਕੀਤਾ। ਪ੍ਰਧਾਨ ਮੰਤਰੀ ਦਫ਼ਤਰ ਨੇ ਟਵੀਟ ਕਰਕੇ ਦੱਸਿਆ ਕਿ ਸ੍ਰੀ ਮੋਦੀ ਦੇ ਨਾਲ ਰੇਲ ਗੱਡੀ ’ਚ ਰੇਲਵੇ ਦਾ ਪਰਿਵਾਰ, ਮਹਿਲਾ ਉੱਦਮੀ ਅਤੇ ਨੌਜਵਾਨ ਵੀ ਸਫ਼ਰ ਕਰ ਰਹੇ ਸਨ। ਤਸਵੀਰਾਂ ’ਚ ਪ੍ਰਧਾਨ ਮੰਤਰੀ ਰੇਲ ਗੱਡੀ ’ਚ ਰੇਲਵੇ ਦੇ ਅਧਿਕਾਰੀਆਂ, ਮਹਿਲਾ ਉੱਦਮੀਆਂ ਅਤੇ ਹੋਰਾਂ ਨਾਲ ਗੱਲਬਾਤ ਕਰਦੇ ਦਿਖਾਈ ਦੇ ਰਹੇ ਹਨ। ਮਹਾਰਾਸ਼ਟਰ ਅਤੇ ਗੁਜਰਾਤ ਦੀਆਂ ਰਾਜਧਾਨੀਆਂ ਨੂੰ ਜੋੜਨ ਵਾਲੀ ਇਹ ਤੀਜੀ ਵੰਦੇ ਭਾਰਤ ਐਕਸਪ੍ਰੈੱਸ ਹੈ।
ਪਹਿਲੀ ਅਜਿਹੀ ਰੇਲਗੱਡੀ ਨਵੀਂ ਦਿੱਲੀ ਤੋਂ ਵਾਰਾਨਸੀ ਜਦਕਿ ਦੂਜੀ ਨਵੀਂ ਦਿੱਲੀ ਤੋਂ ਸ੍ਰੀ ਮਾਤਾ ਵੈਸ਼ਨੋ ਦੇਵੀ ਕਟੜਾ ਰੂਟ ’ਤੇ ਸ਼ੁਰੂ ਹੋਈ ਸੀ। ਰੇਲ ਗੱਡੀ ’ਚ ਮੁਸਾਫ਼ਰਾਂ ਨੂੰ ਹਵਾਈ ਜਹਾਜ਼ ਵਰਗੀਆਂ ਸਹੂਲਤਾਂ ਦਿੱਤੀਆਂ ਜਾਣਗੀਆਂ ਅਤੇ ਇਸ ’ਚ ਕਵਚ ਤਕਨਾਲੋਜੀ ਸਮੇਤ ਹੋਰ ਆਧੁਨਿਕ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਰੇਲਵੇ ਵੱਲੋਂ ਜਾਰੀ ਬਿਆਨ ’ਚ ਕਿਹਾ ਗਿਆ ਹੈ ਕਿ ਇਸ ਰੇਲ ਗੱਡੀ ’ਚ ਵਿਸ਼ਵ ਪੱਧਰੀ ਸਹੂਲਤਾਂ ਹੋਣਗੀਆਂ। ‘ਪੂਰੀ ਤਰ੍ਹਾਂ ਨਾਲ ਏਸੀ ਵੰਦੇ ਭਾਰਤ ’ਚ ਸਲਾਈਡਿੰਗ ਦਰਵਾਜ਼ੇ, ਪੜ੍ਹਨ ਲਈ ਲਾਈਟਾਂ, ਮੋਬਾਈਲ ਚਾਰਜਿੰਗ ਪੁਆਇੰਟ, ਅਟੈਂਡੈਂਟ ਕਾਲ ਬਟਨ, ਬਾਇਓ ਪਖਾਨੇ, ਸੀਸੀਟੀਵੀ ਕੈਮਰੇ ਅਤੇ ਆਰਾਮਦਾਇਕ ਸੀਟਾਂ ਸਮੇਤ ਹੋਰ ਕਈ ਆਧੁਨਿਕ ਸਹੂਲਤਾਂ ਮੌਜੂਦ ਹਨ।’ ਮੁੰਬਈ ਸੈਂਟਰਲ-ਗਾਂਧੀਨਗਰ ਕੈਪੀਟਲ ਵੰਦੇ ਭਾਰਤ ਸੁਪਰਫਾਸਟ ਪਹਿਲੀ ਅਕਤੂਬਰ ਤੋਂ ਦੌੜੇਗੀ। ਇਹ ਐਤਵਾਰ ਨੂੰ ਛੱਡ ਕੇ ਹਫ਼ਤੇ ਦੇ ਛੇ ਦਿਨ ਚਲੇਗੀ। ਰੇਲ ਗੱਡੀ ਮੁੰਬਈ ਸੈਂਟਰਲ ਸਟੇਸ਼ਨ ਤੋਂ ਸਵੇਰੇ 6.10 ਵਜੇ ਚਲੇਗੀ ਅਤੇ ਦੁਪਹਿਰ ਸਾਢੇ 12 ਵਜੇ ਗਾਂਧੀਨਗਰ ਪਹੁੰਚੇਗੀ।
ਇਸੇ ਤਰ੍ਹਾਂ ਵਾਪਸੀ ’ਤੇ ਗਾਂਧੀਨਗਰ ਤੋਂ ਦੁਪਹਿਰ 2.05 ਵਜੇ ਚਲੇਗੀ ਅਤੇ ਮੁੰਬਈ ਸੈਂਟਰਲ ’ਤੇ ਰਾਤ 8.35 ਵਜੇ ਪਹੁੰਚੇਗੀ। ਵੰਦੇ ਭਾਰਤ ਐਕਸਪ੍ਰੈੱਸ ਦੇਸ਼ ’ਚ ਤਿਆਰ 16 ਡੱਬਿਆਂ ਵਾਲੀ ਰੇਲ ਗੱਡੀ ਹੈ ਜੋ 140 ਸਕਿੰਟਾਂ ’ਚ 160 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਫੜ ਲੈਂਦੀ ਹੈ। ਮੁੰਬਈ-ਅਹਿਮਦਾਬਾਦ ਸਫ਼ਰ ਲਈ ਐਗਜ਼ੀਕਿਊਟਿਵ ਚੇਅਰ ਕਾਰ ਦਾ ਕਿਰਾਇਆ 2505 ਰੁਪਏ ਰੱਖਿਆ ਗਿਆ ਹੈ ਜਦਕਿ ਚੇਅਰ ਕਾਰ ਦਾ ਕਿਰਾਇਆ 1385 ਰੁਪਏ ਹੋਵੇਗਾ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨੇ ਥਾਲਤੇਜ ਅਤੇ ਵਸਤਰਲ ਵਿਚਕਾਰ ਅਹਿਮਦਾਬਾਦ ਮੈਟਰੋ ਰੇਲ ਪ੍ਰਾਜੈਕਟ ਫੇਜ਼-1 ਦਾ ਉਦਘਾਟਨ ਕੀਤਾ। ਉਨ੍ਹਾਂ ਇਸ ਰੇਲ ਗੱਡੀ ’ਚ ਵੀ ਸਫ਼ਰ ਕੀਤਾ। ਇਸ ਮੌਕੇ ਉਨ੍ਹਾਂ ਨਾਲ ਗੁਜਰਾਤ ਦੇ ਮੁੱਖ ਮੰਤਰੀ ਭੁਪੇਂਦਰ ਪਟੇਲ, ਪਾਰਟੀ ਦੇ ਸੰਸਦ ਮੈਂਬਰ ਸੀ ਆਰ ਪਾਟਿਲ ਅਤੇ ਕਿਰਿਤ ਸੋਲੰਕੀ ਵੀ ਹਾਜ਼ਰ ਸਨ। ਇਸ ਦੌਰਾਨ ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ’ਚ ਨਵੇਂ ਸ਼ਹਿਰ ਆਲਮੀ ਕਾਰੋਬਾਰ ਦੀ ਮੰਗ ਮੁਤਾਬਕ ਬਣਾਏ ਜਾ ਰਹੇ ਹਨ ਜਿਨ੍ਹਾਂ ਦਾ ਧਿਆਨ ਪੁਰਾਣੇ ਸ਼ਹਿਰਾਂ ਦੇ ਵਿਸਥਾਰ ’ਤੇ ਕੇਂਦਰਿਤ ਕੀਤਾ ਜਾ ਰਿਹਾ ਹੈ। ਵਿਕਾਸ ’ਚ ਰਫ਼ਤਾਰ ਨੂੰ ਅਹਿਮ ਕਾਰਕ ਕਰਾਰ ਦਿੰਦਿਆਂ ਸ੍ਰੀ ਮੋਦੀ ਨੇ ਕਿਹਾ ਕਿ ਟਰਾਂਸਪੋਰਟ ਦਾ ਪ੍ਰਬੰਧ ਆਧੁਨਿਕ ਹੋਣਾ ਚਾਹੀਦਾ ਹੈ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly