ਨਵੀਂ ਦਿੱਲੀ (ਸਮਾਜ ਵੀਕਲੀ) :ਕਾਂਗਰਸ ਨੇ ਮੌਜੂਦਾ ਵਿੱਤੀ ਵਰ੍ਹੇ ਦੀ ਦੂਜੀ ਤਿਮਾਹੀ ਦੌਰਾਨ ਜੀਡੀਪੀ ’ਚ ਗਿਰਾਵਟ ਸਬੰਧੀ ਅੰਦਾਜ਼ਿਆਂ ਨੂੰ ਲੈ ਕੇ ਵੀਰਵਾਰ ਨੂੰ ਦਾਅਵਾ ਕੀਤਾ ਕਿ ਅਰਥਚਾਰਾ ਭਿਆਨਕ ਮੰਦੀ ਦੀ ਲਪੇਟ ’ਚ ਹੈ ਅਤੇ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨੇ ਇਸ ਖ਼ਬਰ ਨੂੰ ਦਬਾਉਣ ਲਈ ਰਾਹਤ ਪੈਕੇਜ ਦਾ ਐਲਾਨ ਕੀਤਾ ਹੈ।
ਕਾਂਗਰਸ ਆਗੂ ਰਾਹੁਲ ਗਾਂਧੀ ਨੇ ਸਰਕਾਰ ਨੂੰ ਨਿਸ਼ਾਨਾ ਬਣਾਉਂਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਨੀਤੀਆਂ ਕਾਰਨ ਮੁਲਕ ਪਹਿਲੀ ਵਾਰ ਮੰਦੀ ਦੇ ਦੌਰ ’ਚ ਦਾਖ਼ਲ ਹੋ ਗਿਆ ਹੈ। ਉਨ੍ਹਾਂ ਟਵੀਟ ਕਰਕੇ ਕਿਹਾ ਕਿ ਮੋਦੀ ਦੀਆਂ ਨੀਤੀਆਂ ਨੇ ਭਾਰਤ ਦੀ ਤਾਕਤ ਨੂੰ ਕਮਜ਼ੋਰੀ ’ਚ ਬਦਲ ਦਿੱਤਾ ਹੈ। ਪਾਰਟੀ ਦੇ ਸੀਨੀਅਰ ਆਗੂ ਪੀ ਚਿਦੰਬਰਮ ਨੇ ਇਹ ਵੀ ਦੋਸ਼ ਲਾਇਆ ਕਿ ਅਰਥਚਾਰੇ ਨੂੰ ਲੀਹਾਂ ’ਤੇ ਲਿਆਉਣ ਦੀ ਸਰਕਾਰ ਕੋਲ ਕੋਈ ਯੋਜਨਾ ਨਹੀਂ ਹੈ।
ਸਾਬਕਾ ਵਿੱਤ ਮੰਤਰੀ ਨੇ ਕਿਹਾ,‘‘ਲਗਾਤਾਰ ਦੋ ਤਿਮਾਹੀਆਂ ’ਚ ਨਕਾਰਾਤਮਕ ਵਿਕਾਸ ਦਰ ਦਾ ਮਤਲਬ ਭਿਆਨਕ ਮੰਦੀ ਹੈ।’’ ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ’ਚ ਚਾਰ ਕਦਮ ਉਠਾਉਣ ਦੀ ਲੋੜ ਹੈ। ਕਿਸਾਨਾਂ ਨੂੰ ਉਨ੍ਹਾਂ ਦੀ ਫ਼ਸਲ ਦਾ ਵਾਜਬ ਭਾਅ ਮਿਲੇ, ਮੰਗ ਵਧਾਈ ਜਾਵੇ, ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਕੀਤੇ ਜਾਣ ਅਤੇ ਸੂਬਿਆਂ ਨੂੰ ਕੇਂਦਰ ਵੱਲੋਂ ਵਧੇਰੇ ਪੈਸਾ ਦਿੱਤਾ ਜਾਵੇ। ਇਕ ਹੋਰ ਕਾਂਗਰਸ ਆਗੂ ਜੈਰਾਮ ਰਮੇਸ਼ ਨੇ ਕਿਹਾ ਕਿ ਪਹਿਲੀ ਵਾਰ ਹੋ ਰਿਹਾ ਹੈ ਕਿ ਵਿਕਾਸ ਦਰ ’ਚ ਗਿਰਾਵਟ ਨਹੀਂ ਸਗੋਂ ਖੁਦ ਜੀਡੀਪੀ ਘਟ ਗਈ ਹੈ। ਉਨ੍ਹਾਂ ਕਿਹਾ ਕਿ ਮੋਟੇ-ਮੋਟੇ ਐਲਾਨਾਂ ਦਾ ਅਸਰ ਆਉਂਦੇ ਸਮੇਂ ’ਚ ਪਤਾ ਲੱਗੇਗਾ।