ਮੋਦੀ ਕਿਸਾਨਾਂ ਨੂੰ ਤਾਂ ਧਮਕੀਆਂ ਦੇ ਰਹੇ ਨੇ ਪਰ ਚੀਨ ਮੂਹਰੇ ਨਹੀਂ ਖੜ੍ਹ ਸਕੇ: ਰਾਹੁਲ

ਜੈਪੁਰ (ਸਮਾਜ ਵੀਕਲੀ) : ਕਾਂਗਰਸ ਆਗੂ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਤਿੰਨੋਂ ਖੇਤੀ ਕਾਨੂੰਨਾਂ ਰਾਹੀਂ ਆਪਣੇ ‘ਦੋਸਤਾਂ’ ਦਾ ਰਾਹ ਪੱਧਰਾ ਕਰਨ ਦੀ ਕੋਸ਼ਿਸ ਕਰਨ ਦਾ ਦੋਸ਼ ਲਾਉਂਦਿਆਂ ਕਿਹਾ ਕਿ ਉਹ ਕਿਸਾਨਾਂ ਨੂੰ ਧਮਕੀਆਂ ਦੇ ਰਹੇ ਹਨ ਪਰ ਚੀਨ ਸਾਹਮਣੇ ਉਹ ਡਟ ਕੇ ਖੜ੍ਹੇ ਨਹੀਂ ਹੋ ਸਕਦੇ ਹਨ। ਰਾਜਸਥਾਨ ਦੇ ਹਨੂੰਮਾਨਗੜ੍ਹ ਜ਼ਿਲ੍ਹੇ ਦੇ ਕਸਬੇ ਪੀਲੀਬੰਗਾ ਅਤੇ ਸ੍ਰੀਗੰਗਾਨਗਰ ਦੇ ਪਦਮਪੁਰ ਕਸਬੇ ’ਚ ਕਿਸਾਨ ਮਹਾਪੰਚਾਇਤਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਦਾਅਵਾ ਕੀਤਾ ਕਿ ਖੇਤੀ ਕਾਨੂੰਨਾਂ ਦਾ ਅਸਰ 40 ਫ਼ੀਸਦੀ ਆਬਾਦੀ ’ਤੇ ਪਵੇਗਾ।

ਉਨ੍ਹਾਂ ਕਿਹਾ ਕਿ ਨੋਟਬੰਦੀ ਅਤੇ ਜੀਐੱਸਟੀ ਲਾਗੂ ਕਰਨ ਤੋਂ ਬਾਅਦ ਨਵੇਂ ਖੇਤੀ ਕਾਨੂੰਨ ਬਣਾ ਕੇ ਮੁਲਕ ਦੇ  ਲੋਕਾਂ ਨੂੰ ਇਕ ਹੋਰ ਝਟਕਾ ਦਿੱਤਾ ਗਿਆ ਹੈ। ਉਨ੍ਹਾਂ ਪੂਰਬੀ ਲੱਦਾਖ ’ਚ ਭਾਰਤ-ਚੀਨ ਵਿਚਕਾਰ ਫ਼ੌਜਾਂ ਪਿੱਛੇ ਹਟਾਉਣ ਲਈ ਹੋਏ ਸਮਝੌਤੇ ਦਾ ਜ਼ਿਕਰ ਕਰਦਿਆਂ ਦੋਸ਼ ਲਾਇਆ ਕਿ ਮੋਦੀ ਸਰਕਾਰ ਨੇ ਪੈਂਗੌਂਗ ਝੀਲ ਦੇ ਕੰਢਿਆਂ ’ਤੇ ਫਿੰਗਰ 3 ਅਤੇ 4 ਵਿਚਕਾਰਲੇ ਇਲਾਕੇ ਤੋਂ ਆਪਣਾ ਕਬਜ਼ਾ ਛੱਡ ਦਿੱਤਾ ਹੈ। ਰਾਹੁਲ ਨੇ ਕਿਹਾ,‘‘ਉਹ ਚੀਨ ਮੂਹਰੇ ਖੜ੍ਹੇ ਨਹੀਂ ਹੋਣਗੇ ਪਰ ਕਿਸਾਨਾਂ ਨੂੰ ਧਮਕੀਆਂ ਦਿੰਦੇ ਹਨ। ਇਹ ਨਰਿੰਦਰ ਮੋਦੀ ਦੀ ਅਸਲੀਅਤ ਹੈ।’’ ਪੀਲੀਬੰਗਾ ’ਚ ਮੰਚ ਉਪਰ ਪਾਰਟੀ ਆਗੂਆਂ ਦੇ ਬੈਠਣ ਲਈ ਉਚੇਚੇ ਤੌਰ ’ਤੇ ਮੰਜਿਆਂ ਦਾ ਪ੍ਰਬੰਧ ਕੀਤਾ ਗਿਆ ਸੀ ਜਦਕਿ ਪਦਮਪੁਰ ’ਚ ਮੂੜ੍ਹੇ ਲਗਾਏ ਗਏ ਸਨ।

ਕਾਂਗਰਸ ਆਗੂ ਨੇ ਦਾਅਵਾ ਕੀਤਾ ਕਿ ਨਵੇਂ ਖੇਤੀ ਕਾਨੂੰਨ ਲਾਗੂ ਹੋਣ ਨਾਲ ਸਰਕਾਰੀ ਮੰਡੀਆਂ ਬੰਦ ਹੋ ਜਾਣਗੀਆਂ ਅਤੇ ਵੱਡੇ ਕਾਰੋਬਾਰੀ ਆਪਣੀ ਮਰਜ਼ੀ ਦੇ ਭਾਅ ’ਤੇ ਫ਼ਸਲ ਖ਼ਰੀਦਣਗੇ। ‘ਜੇਕਰ ਇਕੋ ਵਿਅਕਤੀ ਪੂਰੇ ਮੁਲਕ ਦਾ ਅਨਾਜ ਖ਼ਰੀਦਣਾ ਚਾਹੇਗਾ ਤਾਂ ਇਹ ਸੰਭਵ ਹੈ। ਤਾਂ ਫਿਰ ਮੰਡੀ ਪ੍ਰਣਾਲੀ ਕਿੱਥੇ ਜਾਵੇਗੀ ਅਤੇ ਜਮ੍ਹਾਂਖੋਰੀ ਵਧੇਗੀ।’ ਉਨ੍ਹਾਂ ਦਾਅਵਾ ਕੀਤਾ ਕਿ ਕਾਨੂੰਨਾਂ ਦਾ ਅਸਲ ਮਨੋਰਥ 40 ਫ਼ੀਸਦ ਲੋਕਾਂ ਦਾ ਕੰਮਕਾਰ ਸਿਰਫ਼ ਦੋ ਜਾਂ ਤਿੰਨ ਵਿਅਕਤੀਆਂ ਦੇ ਹਵਾਲੇ ਕਰਨਾ ਹੈ।

Previous articleਕਾਨੂੰਨ ਰੱਦ ਕਰਨ ਦੇ ਭਰੋਸੇ ਮਗਰੋਂ ਹੀ ਗੱਲਬਾਤ: ਕਿਸਾਨ ਆਗੂ
Next articleਝੂਠਾ ਬਿਰਤਾਂਤ ਸਿਰਜ ਰਹੀ ਹੈ ਵਿਰੋਧੀ ਧਿਰ: ਸੀਤਾਰਮਨ