ਬਠਿੰਡਾ- ਇੱਥੋਂ ਦੇ ਐੱਸ.ਐੱਸ.ਪੀ. ਡਾ. ਨਾਨਕ ਸਿੰਘ ਨੇ ਪ੍ਰੈੱਸ ਕਾਨਫਰੰਸ ਕਰ ਕੇ ਮੋਟਰਸਾਈਕਲ ਚੋਰ ਗਰੋਹ ਦਾ ਪਰਦਾਫਾਸ਼ ਕੀਤਾ ਹੈ।
ਬਠਿੰਡਾ ਪੁਲੀਸ ਦੇ ਐੱਸਪੀ (ਜਾਂਚ) ਸਵਰਨ ਸਿੰਘ ਖੰਨਾ ਨੇ ਦੱਸਿਆ ਕਿ ਪਿਛਲੇ ਲੰਮੇ ਸਮੇਂ ਤੋਂ ਸ਼ਹਿਰ ਵਿੱਚ ਸਰਗਰਮ ਮੋਟਰਸਾਈਕਲ ਚੋਰ ਗਰੋਹ ਨੂੰ ਕਾਬੂ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਸੀ.ਆਈ.ਏ. ਸਟਾਫ 1 ਦੀ ਵਿਸ਼ੇਸ਼ ਟੀਮ ਨੂੰ ਗੁਪਤ ਸੂਚਨਾ ਨੂੰ ਮਿਲੀ ਸੀ ਕਿ ਸ਼ਹਿਰ ਵਿਚ ਮੋਟਰਸਾਈਕਲ ਚੋਰ ਗਰੋਹ ਘੁੰਮ ਰਿਹਾ ਹੈ। ਬਲਜੀਤ ਸਿੰਘ ਉਰਫ਼ ਤੋਤੀ ਪਥਰਾਲਾ, ਹਰਪ੍ਰੀਤ ਸਿੰਘ ਉਰਫ਼ ਹੈਪੀ ਵਾਸੀ ਊਧਮ ਸਿੰਘ ਨਗਰ ਬਠਿੰਡਾ, ਰਾਹੁਲ ਸਿੰਘ ਤੇ ਰਾਹੁਲ ਕੁਮਾਰ ਵਾਸੀਆਨ ਵਰਧਮਾਨ ਫੈਕਟਰੀ, ਗੁਰਪਾਲ ਸਿੰਘ ਉਰਫ਼ ਪੂਨਾਂ ਕੱਚਾ ਧੋਬੀਆਨਾ ਨੇ ਗਰੋਹ ਬਣਾਇਆ ਹੋਇਆ ਹੈ। ਇਹ ਗਰੋਹ ਬਠਿੰਡਾ ਸ਼ਹਿਰ ਦੇ ਆਸ ਇਲਾਕਿਆਂ ਦੇ ਭੀੜ ਭਾੜ ਵਾਲੇ ਸਥਾਨਾਂ ਤੋਂ ਮੋਟਰਸਾਈਕਲ ਚੋਰੀ ਕਰ ਕੇ ਅੱਗੇ ਵੇਚ ਦਿੰਦਾ ਹੈ।
ਪੁਲੀਸ ਨੇ ਗੁਪਤ ਸੂਚਨਾ ’ਤੇ ਕਾਰਵਾਈ ਕਰਦਿਆਂ ਚੋਰੀ ਦੀ ਨੀਅਤ ਨਾਲ ਘੁੰਮ ਰਹੇ ਇਸ ਗਰੋਹ ਦੇ ਮੈਂਬਰ ਰਾਹੁਲ ਸਿੰਘ ਤੇ ਉਸ ਦਾ ਸਾਥੀ ਰਾਹੁਲ ਕੁਮਾਰ ਨੂੰ ਦਿੱਲੀ-ਪਟਿਆਲਾ ਰੇਲਵੇ ਫਾਟਕ ਕੋਲੋਂ ਕਾਬੂ ਕਰਕੇ ਬਿਨਾਂ ਨੰਬਰੀ ਸਪਲੈਂਡਰ ਪਲੱਸ ਮੋਟਰਸਾਈਕਲ ਸਮੇਤ ਕਾਬੂ ਕੀਤਾ। ਪੁੱਛ ਪੜਤਾਲ ਕਰਨ ’ਤੇ ਇਨ੍ਹਾਂ ਨੇ ਵਰਧਮਾਨ ਕਲੋਨੀ ਦੇ ਕੁਆਰਟਰਾਂ ਨੇੜਿਓਂ ਤਿੰਨ ਵੱਖ ਵੱਖ ਕੰਪਨੀਆਂ ਦੇ ਮੋਟਰਸਾਈਕਲ ਬਰਾਮਦ ਕਰਵਾਏ। ਰੁਹਾਲ ਸਿੰਘ ਅਤੇ ਰਾਹੁਲ ਕੁਮਾਰ ਨੇ ਮੰਨਿਆ ਕਿ ਉਨ੍ਹਾਂ ਦੇ ਹੋਰ ਸਾਥੀ ਵੀ ਇਹ ਕੰਮ ਕਰਦੇ ਹਨ, ਪੁਲੀਸ ਨੇ ਕਾਰਵਾਈ ਕਰਦਿਆਂ ਬਲਜੀਤ ਸਿੰਘ ਉਰਫ਼ ਤੋਤੀ, ਹਰਪ੍ਰੀਤ ਸਿੰਘ ਉਰਫ਼ ਹੈਪੀ, ਗੁਰਪਾਲ ਸਿੰਘ ਉਰਫ਼ ਪੂਨਾ ਨੂੰ ਕਾਬੂ ਕਰ ਕੇ ਹਾਜੀਰਤਨ ਰੋਡ ਨੇੜੇ ਦਵਾਰਕਾ ਦਾਸ ਫੈਕਟਰੀ ਵਾਲੀ ਬੇਬਾਅਦ ਜਗ੍ਹਾ ਤੋਂ 7 ਹੋਰ ਕੰਪਨੀਆਂ ਦੇ ਮੋਟਰਸਾਈਕਲ ਬਰਾਮਦ ਕੀਤੇ।
ਕੋਤਵਾਲੀ ਪੁਲੀਸ ਨੇ ਕਾਰਵਾਈ ਕਰਦਿਆਂ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ, ਇਨ੍ਹਾਂ ਵਿਚ ਬਲਜੀਤ ਸਿੰਘ ਉਰਫ ਤੋਤੀ ਵਾਸੀ ਪਥਰਾਲਾ, ਹਰਪ੍ਰੀਤ ਸਿੰਘ ਹੈਪੀ, ਰਾਹੁਲ ਸਿੰਘ, ਰਾਹੁਲ ਕੁਮਾਰ, ਗੁਰਪਾਲ ਸਿੰਘ ਉਰਫ਼ ਪੂਨਾ ਸ਼ਾਮਿਲ ਹਨ ਜਦੋਂ ਕਿ ਰਾਹੁਲ ਸਿੰਘ ਨੂੰ ਜੂਵੇਨਾਇਲ ਹੋਣ ਕਰਕੇ ਜ਼ਮਾਨਤ ’ਤੇ ਰਿਹਾਅ ਕਰ ਦਿੱਤਾ ਗਿਆ ਹੈ। ਪੁਲੀਸ ਨੇ ਮੁਲਜ਼ਮਾਂ ਨੂੰ ਅਦਾਲਤ ਵਿਚ ਪੇਸ਼ ਕਰਕੇ ਰਿਮਾਂਡ ਹਾਸਿਲ ਕੀਤਾ ਤਾਂ ਇਨ੍ਹਾਂ ਤੋਂ ਹੋਰ ਡੂੰਘਾਈ ਨਾਲ ਪੁੱਛ-ਗਿੱਛ ਕੀਤੀ ਜਾ ਸਕੇ।
INDIA ਮੋਟਰਸਾਈਕਲ ਚੋਰ ਗਰੋਹ ਬਠਿੰਡਾ ਪੁਲੀਸ ਦੇ ਹੱਥੀਂ ਚੜ੍ਹਿਆ