(ਸਮਾਜ ਵੀਕਲੀ)
“ਤੱਪਦੀ ਧਰਤੀ ਦੁੱਖਾਂ ਦੀ ‘ਤੇ, ਮੈਂ ਬਾਰਿਸ਼ ਵਾਂਗੂੰ ਵਰ੍ਹ ਜਾਵਾਂਗਾ,
ਉਡੀਕ ਕਰੀਂ ਤੂੰ ਨਵੀਂ ਸਵੇਰ ਦੀ,ਮੈਂ ਬਣਕੇ ਸੂਰਜ ਆਵਾਂਗਾ;
ਮਿਹਨਤ ਦੇ ਨਾਲ ਪਲਟ ਦੇਣਾ ਇਹ ਵਕ਼ਤ ਦੇ ਪੰਨਿਆਂ ਨੂੰ,
ਜਿੱਤਾਂ ਦੇ ਨਾਲ ਕਰੂੰ ਫ਼ੈਸਲੇ, ਹੁਣ ਤਾਈਂ ਹਾਰਾਂ ਮੰਨਿਆਂ ਨੂੰ;
ਤੱਪਦੀ ਅੱਗ ਦਾ ਗੋਲ਼ਾ ਹਾਂ, ਸੋਚੀਂ ਨਾਂ ਠਰ ਜਾਵਾਂਗਾ…;
ਬਹਿਕੇ ਮੈਂ ਇਤਿਹਾਸ ਲਿਖੂੰ ਕਿਸੇ ਅਰਬੀ ਨਸਲ ਦੇ ਘੋੜੇ ‘ਤੇ,
ਨਾਂ ਹੀ ਸੌਣਾ ਜੰਡ ਥੱਲੇ ਮੈਂ,ਨਾਂ ਹੀ ਤੀਰ ਕੋਈ ਤੋੜੇ ਨੇਂ;
ਲੋਹੇ ਦੀ ਮੈਂ ਢਾਲ਼ ਹਾਂ ਬਣਿਆ,ਬਣਕੇ ਤੀਰ ਵੀ ਵਰ੍ਹ ਜਾਵਾਂਗਾ,
ਉਡੀਕ ਕਰੀਂ ਤੂੰ ਨਵੀਂ ਸਵੇਰ ਦੀ,ਮੈਂ ਬਣਕੇ ਸੂਰਜ ਆਵਾਂਗਾ…;
ਲਹੂ ਸਿਆਹੀ ਬਰੂਦ ਦੇ ਵਰਗੀ, ਕਲਮ ਹੋਊ ਹਥਿਆਰ ਮੇਰਾ,
ਸਮੁੰਦਰ ਵਾਂਗੂੰ ਗਹਿਰਾ ਹੋਣਾ,ਅਸਮਾਨੋਂ ਉੱਚਾ ਹੋਊ ਕਿਰਦਾਰ ਮੇਰਾ;
ਜਿੰਨਾਂ ਜਿੰਨਾਂ ਮਿਟਾਉਣਾ ਮੈਨੂੰ,ਉਨਾਂ ਹੀ ਡੂੰਘਾ ਉੱਕਰ ਜਾਵਾਂਗਾ…;
ਰਾਮ-ਅੱਲ੍ਹਾ ਇੱਕੋ ਰੱਬ ਹੈ,ਰਹਿਬਰ ਹੈ ਜੋ ਕੁੱਲ ਜਹਾਂ ਦਾ,
ਲੋਕਾਂ ਵਿੱਚੋਂ ਰੱਬ ਲੱਭਦਾ ਹਾਂ, ਭਾਉਂਦਾ ਨਹੀਂ ਪੱਥਰ ਖ਼ੁਦਾ ਦਾ;
ਪੱਥਰ ਲੋਕ ਖ਼ੁਦਾ ਜਦ ਹੋਏ,ਉਸ ਦਿਨ ਸੱਜਦਾ ਕਰ ਜਾਵਾਂਗਾ,
ਉਡੀਕ ਕਰੀਂ ਤੂੰ ਨਵੀਂ ਸਵੇਰ ਦੀ,ਮੈਂ ਬਣਕੇ ਸੂਰਜ ਆਵਾਂਗਾ…;
ਦੁੱਖ-ਸੁੱਖ, ਸੋਚਾਂ-ਫ਼ਿਕਰਾਂ ਦਾ ਭਾਵੇਂ ਸਿਰ ‘ਤੇ ਜਾਲ਼ ਰਹੇਗਾ,
ਮੱਸਿਆ ਦੀ ਰਾਤਾਂ ਵੀ ਮੇਰੇ,ਸਿਰ ਚਾਨਣ ਦਾ ਥਾਲ਼ ਰਹੇਗਾ;
ਲੜਨਾਂ ਏ ਹਸ਼ਰ ਤੱਕ ਹੱਕ ਲਈ, ਫਿਰ ਸ਼ੀਸ਼ ਤਲ਼ੀ ‘ਤੇ ਧਰ ਜਾਵਾਂਗਾ,
ਉਡੀਕ ਕਰੀਂ ਤੂੰ ਨਵੀਂ ਸਵੇਰ ਦੀ,ਮੈਂ ਬਣਕੇ ਸੂਰਜ ਆਵਾਂਗਾ…;
ਤਲਵਾਰੋਂ ਤਿੱਖੀ ਸੋਚ ਨੂੰ ਸੁਣ, ਕੰਬਣੀ ਛਿੜ ਜਾਊ ਸਰਕਾਰਾਂ ਨੂੰ,
ਵਿਚਾਰਾਂ ਦੇ ਨਾਲ ਚੰਡ ਲੈਣੇ,ਜੰਗ ਲੱਗਣੀ ਨਹੀਂ ਹਥਿਆਰਾਂ ਨੂੰ;
ਹਾਕਮ ਚਾਲ ਜੋ ਚੱਲਦਾ ਵੰਡਣ ਦੀ,ਉਸਨੂੰ ਨਕਾਰਾ ਕਰ ਜਾਵਾਂਗਾ,
ਉਡੀਕ ਕਰੀਂ ਤੂੰ ਨਵੀਂ ਸਵੇਰ ਦੀ,ਮੈਂ ਬਣਕੇ ਸੂਰਜ ਆਵਾਂਗਾ….!!”
ਹਰਕਮਲ ਧਾਲੀਵਾਲ
ਸੰਪਰਕ:- 8437403720