(ਸਮਾਜ ਵੀਕਲੀ)
ਮਹੁੱਬਤ ਬਾਰੇ ਲਿਖਦਿਆਂ ਮੇਰੀ ਰੂਹ ਖਿੜ ਜਾਂਦੀ ਹੈ | ਬਿਰਹਾ ਮੇਰਾ ਮਨਭਾਉਂਦਾ ਵਿਸ਼ਾ ਹੈ|ਕੁਝ ਖ਼ਾਸ ਵਜ੍ਹਾ ਕਰਕੇ ਮੇਰੀ ਕਲਮ ਨੇ ਹੰਝੂਆਂ ਦੀ ਸਿਆਹੀ ਸੂਤ ਸੂਤ ਕੇ ਮੇਰਾ ਦਰਦ ਲਿਖਿਆ, ਮੇਰੇ ਸ਼ਬਦ ਮੇਰੇ ਹਾਉਕਿਆ ਚ ਬਦਲ ਗਏ |ਇਹ ਮੱਠਾ ਮੱਠਾ ਦਰਦ ਮੈਨੂੰ ਅੰਦਰੋਂ ਘੁਣ ਵਾਂਗ ਖਾਣ ਲੱਗਾ, ਮੇਰੀ ਇਕੱਲਤਾ ਨੂੰ ਕਲਮ ਨੇ ਸਾਥ ਦਿੱਤਾ, ਜ਼ਿੰਦਗੀ ਦੀ ਕੜਵਾਹਟ ਸਤਾਉਣ ਲੱਗੀ ਤਾਂ ਮੇਰੀ ਕਵਿਤਾ ਵੀ ਤੜਫ਼ ਮਹਿਸੂਸ ਕਰਨ ਲੱਗੀ,ਇਥੋਂ ਤੱਕ ਕਿ ਕੁਝ ਕਵਿਤਾਵਾਂ ਵਿੱਚ ਮੈਂ ਖ਼ੁਦ ਨੂੰ ਮਾਨਸਿਕ ਰੋਗੀ ਕਹਿਣ ਵਿੱਚ ਵੀ ਗੁਰੇਜ਼ ਨਹੀਂ ਕੀਤਾ |
ਦਰਦ ਸੀਨੇਂ ਚ ਤਪਣ ਲੱਗਾ ਤੇ ਕਵਿਤਾਵਾਂ ਭਾਫ਼ ਬਣ ਬਣ ਕਾਗਜ਼ਾਂ ਤੇ ਵਿਛਣ ਲੱਗੀਆਂ,ਮੇਰੇ ਸ਼ਬਦ ਨਹੋਰੇ ਬਣ ਬਣ ਨਿਕਲਣ ਲੱਗੇ ਤਾਂ ਮੇਰੀ ਮਿੱਤਰ ਮੰਡਲੀ ਸਰਗਰਮ ਹੋ ਗਈ ਮੇਰੇ ਗੀਤਾਂ ਨੂੰ ਮੇਰੀਆਂ ਕਵਿਤਾਵਾਂ ਨੂੰ ਕਿਤਾਬ ਵਿੱਚ ਕੈਦ ਕਰਨ ਲਈ | ਸਾਥ ਮਿਲਿਆ ਤੇ ਰਾਹ ਵੀ ਬਣਦੇ ਗਏ|
ਸੋ ਦੋਸਤੋ ਇਸ ਵਾਰ “ਮੇਰੇ ਗੀਤ ਤੇਰਾ ਸਿਰਨਾਵਾਂ” ਲੈ ਕੇ ਆਪ ਜੀ ਦੇ ਰੂ ਬ ਰੂ ਹਾਂ, ਉਮੀਦ ਤਾਂ ਏਹੀ ਹੈ ਤੁਹਾਡੀਆਂ ਆਸ਼ਾਵਾਂ ਤੇ ਖ਼ਰਾ ਉੱਤਰਾਂ ਪਰ ਗਲਤੀਆਂ, ਖਾਮੀਆਂ, ਤਰੁੱਟੀਆਂ ਇਹ ਮਨੁੱਖੀ ਸੁਭਾਅ ਹੈ | ਮੇਰੀਆਂ ਖਾਮੀਆਂ ਨੂੰ ਅੰਡਰਲਾਈਨ ਕਰ ਕੇ ਮੈਨੂੰ ਵਰਜਿਤ ਕਰਨਾ ਜਿੱਥੇ ਤੁਹਾਡਾ ਹੱਕ ਹੈ, ਉਥੇ ਉਸ ਖਾਮੀ ਨੂੰ ਦੂਰ ਕਰਨਾ ਤੇ ਅਗਾਹੂੰ ਸੇਧ ਲੈਣਾ ਮੇਰਾ ਫਰਜ਼ ਹੋਵੇਗਾ ਤੇ ਮੇਰੀ ਤਰੱਕੀ ਵੀ| ਪਹਿਲੀ ਕਿਤਾਬ ਦੀਆਂ ਅਣਗਹਿਲੀਆ ਦੂਜੀ ਕਿਤਾਬ ਵਿੱਚ ਨਾ ਆਉਣ ਪੂਰੀ ਕੋਸ਼ਿਸ਼ ਵਿੱਚ ਹਾਂ|
ਸੁਝਾਅ ਫਿਰ ਵੀ ਤੁਹਾਡੇ ਹੀ ਚਾਹੀਦੇ ਆ ਕਿ ਮੈਂ ਅਜੇ ਕਿੰਨੇ ਕੋ ਪਾਣੀ ਵਿੱਚ ਹਾਂ,ਮੇਰੀਆਂ ਭਾਵਨਾਵਾਂ ਪਾਠਕਾਂ ਦੀ ਘੱਸਵਟੀ ਤੇ ਕਿੰਨੀਆਂ ਕੋ ਖ਼ਰੀਆਂ ਉਤਰੀਆਂ,ਤੁਹਾਡੇ ਉਲਾਂਭੇ ਹੀ ਮੈਨੂੰ ਤਰਾਸ਼ਣਗੇ, ਮੇਰਾ ਰਾਹ ਦਸੇਰਾ ਬਣਨਗੇ| ਤੁਹਾਡੇ ਸੁਝਾਵਾਂ ਬਿਨਾਂ ਅਧੂਰਾ ਜਾਪੇਗਾ ਮੈਨੂੰ ਕਾਵਿ ਸੰਗ੍ਰਹਿ, ਮੇਰੀ ਕਵਿਤਾ ਉਨ੍ਹਾਂ ਚਿਰ ਹੀ ਮੇਰੀ ਹੈ, ਜਿਨ੍ਹਾਂ ਸਮਾਂ ਉਹ ਡਾਇਰੀ ਵਿੱਚ ਹੈ,ਪਾਠਕਾਂ ਤੱਕ ਪਹੁੰਚ ਕਵਿਤਾ ਪਾਠਕ ਦੀ ਬਣ ਜਾਂਦੀ ਹੈ|ਸੋ ਦੋਸਤੋ ਮੈਂ ਆਪਣੇ ਸ਼ਬਦ ਤੁਹਾਡੇ ਪਾਲ਼ੇ ਸੁੱਟ ਰਿਹਾ ਹਾਂ,ਦੁਆਵਾਂ, ਉਲਾਂਭੇ ਜੋ ਵੀ ਦੇਵੋਗੇ ਮੈਨੂੰ ਖਿੜੇ ਮੱਥੇ ਪ੍ਰਵਾਨ |ਆਪ ਜੀ ਖਿਦਮਤ ਚ ਹਾਜ਼ਿਰ ਹੈ ਮੇਰੇ ਗੀਤ ਤੇਰਾ ਸਿਰਨਾਵਾਂ
ਹੈਪੀ ਸ਼ਾਹਕੋਟੀ
9464015200