ਮੇਰੀ ਡੁਬਈ ਯਾਤਰਾ

ਪਰਮਜੀਤ ਕੌਰ 

(ਸਮਾਜ ਵੀਕਲੀ)-  ਮਿਤੀ 13/08/2022 ਦਿਨ ਸ਼ਨੀਵਾਰ ਖੇਡ ਬੱਚਿਆਂ ਲਈ ਮਸਾਂ ਆਇਆ। ਇਸ ਦਿਨ ਮੇਰੇ ਬੱਚੇ ਪਹਿਲੀ ਵਾਰੀ ਜਹਾਜ਼ ਵਿੱਚ ਸਫਰ ਕਰਨ ਜਾ ਰਹੇ ਸੀ। ਮਿਤੀ 14/04/2022 ਨੂੰ ਸਾਡੀ ਅੰਮ੍ਰਿਤਸਰ ਸਾਹਿਬ (ਏਅਰਪੋਰਟ) ਤੋਂ ਦੁਬਈ ਦੀ ਫਲੈਟ ਤਕਰੀਬਨ 2 ਵਜੇ ਸੀ। ਰੱਖੜੀ ਦਾ ਤਿਉਹਾਰ ਹੋਣ ਕਰਕੇ ਘਰ ਵਿੱਚ ਪਹਿਲਾਂ ਹੀ ਬੜੀ ਰੌਣਕ ਸੀ ।ਭੈਣਾਂ ਆਈਆਂ ਹੋਈਆਂ ਸਨ ਅਤੇ ਮੇਰੀ ਇਕ ਭਾਣਜੀ ਅਮਰੀਕਾ ਤੋਂ ਵੀ ਆਈ ਹੋਈ ਸੀ ਇੰਨਾ ਸਾਰਿਆਂ ਤੋਂ ਵਿਦਾ ਲੈ ਕੇ ਮੇਰੇ ਬੱਚੇ, ਮੈਂ ਅਤੇ ਮੇਰੇ ਪਤੀ  ਚਾਈਂ ਚਾਈਂ ਏਅਰਪੋਰਟ ਪਹੁੰਚੇ। ਪਰੰਤੂ ਉਥੇ ਜਾ ਕੇ ਸਾਨੂੰ ਪਤਾ ਚੱਲਿਆ ਕਿ ਫਲਾਈਟ 9 ਘੰਟੇ ਲੇਟ ਹੋ ਗਈ। ਸਾਰਾ ਦਿਨ ਏਅਰਪੋਰਟ ਤੇ ਬੈਠਕੇ ਇੰਤਜ਼ਾਰ ਕੀਤਾ। ਆਖਰ ਉਹ ਸਮਾਂ ਆ ਗਿਆ ਜਿਸਦਾ ਮੇਰੇ ਬੱਚਿਆਂ ਨੂੰ ਬੜੀ ਬੇਸਬਰੀ ਨਾਲ ਇੰਤਜ਼ਾਰ ਸੀ। ਅਸੀਂ ਸਮਾਨ ਜਮ੍ਹਾਂ ਕਰਾਕੇ ਅਤੇ ਬਾਕੀ ਦੀ ਫਾਰਮੈਲਟੀ ਕਰਾਕੇ ਜਹਾਜ਼ ਵਿਚ ਸਵਾਰ ਹੋ ਗਏ। ਮੇਰੇ ਬੱਚੇ ਬੜੇ ਖੁਸ਼ ਸਨ ਬੱਚਿਆਂ ਨੂੰ ਖੁਸ਼ ਵੇਖ ਕੇ ਅਸੀਂ ਵੀ ਬਹੁਤ ਖੁਸ਼ ਸੀ। ਉਹਨਾਂ ਦਾ ਹਵਾਈ ਜਹਾਜ ਦਾ ਇਹ ਪਹਿਲਾ ਸਫ਼ਰ ਸੀ। ਜਹਾਜ਼ ਵਿੱਚ ਲੋਕ ਆਪੋ ਆਪਣੀਆਂ ਸੀਟਾਂ ਲੱਭ ਰਹੇ ਸੀ। ਏਅਰਹੋਸਟੈੱਸ ਲੋਕਾਂ ਨੂੰ ਉਨ੍ਹਾਂ ਦੀਆਂ ਸੀਟਾਂ ਤੇ ਬਿਠਾਉਣ ਵਿੱਚ ਮੱਦਦ ਕਰ ਰਹੀਆਂ ਸਨ। ਤਿੰਨ ਘੰਟੇ ਬਾਅਦ ਅਸੀਂ ਦੁਬਈ ਏਅਰਪੋਰਟ ਤੇ ਪਹੁੰਚ ਗਏ ਸਾਡਾ ਹੋਟਲ ਡਰਾਇਵਰ ਮੇਰੇ ਘਰਵਾਲੇ ਤਰਸੇਮ ਸਿੰਘ ਦੇ ਨਾਮ ਦੀ ਤਖਤੀ ਫੜੀ ਏਅਰਪੋਰਟ ਦੇ ਬਾਹਰ ਸਾਡਾ ਇੰਤਜ਼ਾਰ ਕਰ ਰਿਹਾ ਸੀ। ਅਸੀਂ ਉਸਦੇ ਕੋਲ ਗਏ ਅਤੇ ਆਪਣੀ ਆਈ. ਡੀ. ਦਿਖਾਕੇ ਉਸਦੇ ਨਾਲ ਹੋਟਲ ਜਾਣ ਲਈ ਗੱਡੀ ਵਿਚ ਬੈਠ ਗਏ। ਵੀਹ ਕੁ ਮਿੰਟਾਂ ਬਾਅਦ ਅਸੀਂ ਆਪਣੇ ਹੋਟਲ ਪਹੁੰਚ ਗਏ ਸਾਡੇ ਹੋਟਲ ਦਾ ਨਾਮ…. ‘ਸਿਟੀ ਮੈਕਸ’… ਸੀ। ਥੋੜ੍ਹਾ ਸਮਾਂ ਕਮਰੇ ਵਿੱਚ ਅਰਾਮ ਕਰਕੇ ਅਸੀਂ ਰਾਤ ਦੀ ਰੋਟੀ ਖਾਣ ਲਈ ਹੋਟਲ ਵਿਚ ਬਣੇ ਰੈਸਟੋਰੈਂਟ ਵਿੱਚ ਚਲੇ ਗਏ ਅਤੇ ਰੋਟੀ ਖਾ ਕੇ  ਵਾਪਿਸ ਆਪਣੇ ਕਮਰੇ ਵਿਚ ਸੌਣ ਲਈ ਆ ਗਏ ।
ਦੂਜੇ ਦਿਨ ਮਿਤੀ 15/8/2022 ਨੂੰ ਅਸੀਂ ਸਿਟੀ ਟੂਰ ਤੇ ਜਾਣਾ ਸੀ। ਸਾਨੂੰ ਸਾਡਾ ਡਰਾਇਵਰ ਹੋਟਲ ਅੰਦਰ ਲੈਣ ਆ ਗਿਆ ਅਤੇ ਅਸੀਂ ਉਸਦੇ ਨਾਲ ਗੱਡੀ ਵਿੱਚ ਬੈਠਕੇ ਸਿਟੀ ਟੂਰ ਲਈ ਚੱਲ ਪਏ। ਸਾਡੇ ਤੋਂ ਇਲਾਵਾ ਗੱਡੀ ਵਿੱਚ ਕੁਝ ਹੋਰ ਪਰਿਵਾਰ ਵੀ ਸਨ ਜਿੰਨ੍ਹਾਂ ਵਿੱਚ ਇੱਕ ਪਰਿਵਾਰ ਯੁਗਾਂਡਾ ਦਾ ਵੀ ਸੀ ਅਤੇ ਸਾਡੇ ਗਾਇਡ ਪਾਕਿਸਤਾਨ ਤੋਂ ਸਨ ਜਿੰਨਾ ਨੇ ਸਾਨੂੰ ਬਹੁਤ ਹੀ ਬਰੀਕੀ ਨਾਲ ਸ਼ਹਿਰ ਬਾਰੇ ਦੱਸਿਆ ਅਤੇ ਬਹੁਤ ਹੀ ਵਧੀਆ ਜਗ੍ਹਾ ਵੀ ਦਿਖਾਈਆਂ ਅਤੇ ਬਾਅਦ ਵਿੱਚ ਗੱਡੀ ਵਾਲੇ ਸਾਨੂੰ ਸਾਡੇ ਬਣੇ ਹੋਏ ਪੈਕੇਜ ਮੁਤਾਬਕ ਚੁੰਬਈ ਮਾਲ ਛੱਡ ਗਏ ਜਿਥੇ ਅਸੀਂ ਸ਼ਾਮੀਂ 7 ਵਜੇ ਬੁਰਜ ਖ਼ਲੀਫਾ ਅੰਦਰ ਜਾਣ ਦੀਆਂ ਟਿਕਟਾਂ ਲਈਆ ਹੋਈਆ ਸਨ। ਅਸੀਂ ਤਕਰੀਬਨ 7 ਵਜੇ ਬੁਰਜ ਖ਼ਲੀਫਾ ਦੇਖਣ ਲਈ ਪਹੁੰਚ ਗਏ ਉਸ ਦਿਨ ਮੌਸਮ ਸਾਫ਼ ਨਾ ਹੋਣ ਕਰਕੇ ਕੋਈ ਵੀ ਬਿਲਡਿੰਗ ਸਾਫ਼ ਦਿਖਾਈ ਨਹੀਂ ਦੇ ਰਹੀ ਸੀ। ਅਸੀਂ ਆਪਣੀਆ ਟਿਕਟਾਂ ਦਿਖਾਕੇ ਅੰਦਰ ਚਲੇ ਗਏ। ਉੱਥੇ ਜਾਕੇ ਅਸੀਂ ਕੁੱਝ ਯਾਦਗਾਰ ਤਸਵੀਰਾਂ ਖਿੱਚੀਆਂ ਅਤੇ ਵਾਪਿਸ ਆ ਗਏ ਵਾਪਿਸ ਆਕੇ ਅਸੀਂ ਆਪਣੇ ਡਰਾਇਵਰ ਨੂੰ ਫੋਨ ਕਰਕੇ ਸੱਦਿਆ ਅਤੇ ਹੋਟਲ ਵਿੱਚ ਵਾਪਿਸ ਆ ਗਏ ।
ਤੀਜੇ ਦਿਨ 16/08/2022 ਨੂੰ ਅਸੀਂ ਪੈਕੇਜ ਮੁਤਾਬਕ ਡੈਜ਼ਰਟ ਸਫ਼ਾਰੀ ਜਾਣਾ ਸੀ। ਸਹੀ ਸਮੇਂ ਤੇ ਸਾਡਾ ਡਰਾਇਵਰ ਜਿਸਦਾ ਨਾਮ ਅਮਜ਼ਦ ਖ਼ਾਨ  ਸੀ ਜੋ ਕਿ ਪਾਕਿਸਤਾਨੀ ਸੀ ਸਾਨੂੰ ਲੈਣ ਲਈ ਹੋਟਲ ਆ ਗਿਆ ਅਤੇ ਉਸਨੇ ਸਾਨੂੰ ਦੱਸਿਆ ਕਿ ਡੈਜ਼ਰਟ ਸਫ਼ਾਰੀ ਜਾਣ ਤੋਂ ਪਹਿਲਾਂ ਗੱਡੀ ਦੇ ਟਾਇਰਾਂ ਵਿੱਚ ਹਵਾ ਥੋੜ੍ਹੀ ਜਿਹੀ ਘੱਟ ਕਰਨੀ ਪੈਂਦੀ ਹੈ ਤਾਂ ਜੋ ਰੇਤੇ ਤੇ  ਗੱਡੀ ਸਹੀ ਤਰੀਕੇ ਨਾਲ ਚੱਲ ਸਕੇ।  ਜਦ ਅਸੀਂ ਡੈਜਰਟ ਸਫ਼ਾਰੀ  ਪਹੁੰਚੇ ਤਾਂ ਉਹ ਦਿਨ ਸਾਡੇ ਲਈ ਸਭ ਤੋਂ ਵੱਧ ਖੁਸ਼ੀ ਵਾਲਾ ਸੀ। ਕਿਉਂ ਕਿ ਸਭ ਤੋਂ ਵੱਧ ਅਨੰਦ ਇਸੇ ਦਿਨ ਰੇਤੇ ਤੇ ਆਇਆ ਸਾਡੇ ਡਰਾਇਵਰ ਨੇ ਸਾਨੂੰ ਸੀਟ ਬੈਲਟ ਲਗਾਉਣ ਲਈ ਕਿਹਾ ਅਤੇ ਗੱਡੀ ਰੇਤੇ ਦੇ ਬਣੇ ਪਹਾੜਾਂ ਤੇ ਚੜ੍ਹਾ ਦਿੱਤੀ। ਬੱਚੇ ਬਹੁਤ ਜ਼ਿਆਦਾ ਇਨਜੁਆਏ ਕਰ ਰਹੇ ਸਨ। ਸਾਨੂੰ ਵੀ ਬਹੁਤ ਮਜ਼ਾ ਆਇਆ ।ਪਰ ਕੁੱਝ ਸਮੇਂ ਬਾਅਦ ਹੀ ਸਾਡੇ ਪਿੱਛੇ ਆਉਂਦੀ ਇੱਕ ਗੱਡੀ ਰੇਤੇ ਵਿੱਚ ਫਸ ਗਈ। ਸਾਡੇ ਡਰਾਇਵਰ ਨੇ ਗੱਡੀ ਰੋਕ ਕੇ ਉਹਨਾਂ ਦੀ ਮੱਦਦ ਕੀਤੀ।  ਰਾਤ ਨੂੰ ਅਸੀਂ ਪੈਕੇਜ ਮੁਤਾਬਕ ਆਪਣੇ ਕੈਂਪ ਵਿਚ ਚਲੇ ਗਏ ਉੱਥੇ  ਅਸੀਂ ਊਠਾਂ ਦੀ ਸਵਾਰੀ ਕੀਤੀ ਅਤੇ ਚਾਹ ਪਾਣੀ ਪੀਤਾ ਅਤੇ ਰਾਤ ਦੀ ਰੋਟੀ ਵੀ ਉੱਥੋਂ ਹੀ ਖਾਧੀ। ਬਾਅਦ ਦੇ ਵਿੱਚ ਅਮਜ਼ਦ ਖ਼ਾਨ ਰਾਤ ਨੂੰ 10 ਵਜੇ ਸਾਡੇ ਸਾਡੇ ਹੋਟਲ ਵਿਚ ਛੱਡ ਆਇਆ।
ਚੌਥੇ ਦਿਨ ਮਿਤੀ 17/08/2007 ਨੂੰ ਅਸੀਂ ਦੁਬਈ ਫਰੇਮ ਦੇਖਣ ਜਾਣਾ ਸੀ ਜੋ ਕਿ ਸਾਡੇ ਪੈਕੇਜ ਵਿਚ ਨਹੀਂ ਸੀ। ਅਸੀਂ ਆਪਣੀ ਪਰਸਨਲ ਟੈਕਸੀ ਕਰਕੇ ਦੁਬਈ ਫਰੇਮ ਦੇਖਣ ਪਹੁੰਚੇ ਜੋ ਕਿ ਸਾਡੇ ਹੋਟਲ ਤੋਂ ਤਕਰੀਬਨ 3 ਕਿਲੋਮੀਟਰ ਹੀ ਦੂਰ ਸੀ। ਉੱਥੇ ਜਾਕੇ ਅਸੀਂ ਟਿਕਟਾਂ ਲਈਆਂ ਅਤੇ ਲਿਫਟ ਰਾਹੀਂ ਉੱਪਰ ਚਲੇ ਗਏ। ਜਿੱਥੇ ਸ਼ੀਸ਼ਾ ਲੱਗਿਆ ਹੋਇਆ ਸੀ। ਉੱਥੇ ਜਾਕੇ ਜ਼ਿਆਦਾ ਉਚਾਈ ਹੁਣ ਕਰਕੇ ਸ਼ੀਸ਼ੇ ਤੇ ਤੁਰਨ ਲੱਗਿਆਂ ਸਾਨੂੰ ਬਹੁਤ ਜ਼ਿਆਦਾ ਡਰ ਲੱਗ ਰਿਹਾ ਸੀ। ਸਾਰੇ ਜਣੇ ਸ਼ੀਸ਼ੇ ਤੇ ਤੁਰ ਰਹੇ ਸਨ ਅਤੇ ਥੱਲੇ ਦੇਖਕੇ ਡਰ ਵੀ ਰਹੇ ਸਨ। ਕਾਫੀ ਸਮਾਂ ਉੱਥੇ ਇਨਜੁਆਏ ਕਰਕੇ ਅਸੀਂ ਵਾਪਿਸ ਹੋਟਲ ਆ ਗਏ ਅਤੇ ਸ਼ਾਮ ਨੂੰ ਅਸੀ ਕਰੂਜ ਤੇ ਜਾਣਾ ਸੀ ਜੋ ਕਿ ਸਾਡੇ ਪੈਕੇਜ ਦੇ ਵਿੱਚ ਹੀ ਸੀ ਅਸੀਂ ਸ਼ਾਮ ਨੂੰ 6 ਵਜੇ ਤਕਰੀਬਨ ਤਿਆਰ ਹੋ ਗਏ । ਅਮਜ਼ਦ ਗੱਡੀ ਲੈ ਕੇ ਆਇਆ ਅਤੇ ਅਸੀਂ ਗੱਡੀ ਵਿਚ ਬੈਠਕੇ ਕਰੂਜ ਤੇ ਚਲੇ ਗਏ ਕਰੂਜ ਬਹੁਤ ਹੀ ਜਿਆਦਾ ਸੋਹਣਾ ਸੀ ਅਤੇ ਲਾਇਟਾਂ ਲਾਕੇ ਉਸਨੂੰ ਹੋਰ ਵੀ ਸੋਹਣਾ ਬਣਾਇਆ ਹੋਇਆ ਸੀ। ਅਸੀਂ ਉਪਰ ਛੱਤ ਤੇ ਜਾਕੇ ਸਮੁੰਦਰ ਦਾ ਨਜ਼ਾਰਾ ਦੇਖਿਆ ਅਤੇ ਗਰਮੀ ਜ਼ਿਆਦਾ ਹੋਣ ਕਰਕੇ ਛੇਤੀ ਹੀ ਥੱਲੇ ਆ ਗਏ ਅਤੇ ਫਿਰ ਉਹਨਾਂ ਦੇ ਕਲਾਕਾਰਾਂ ਨੇ  ਡੀ ਜੇ ਤੇ ਨੱਚ ਗਾ ਕੇ ਸਾਡਾ ਮਨੋਰੰਜਨ ਕੀਤਾ। ਸਾਨੂੰ ਰਾਤ ਦੀ ਰੋਟੀ ਖਵਾਈ ਰਾਤ ਦਾ ਖਾਣਾ ਖਾਣ ਤੋਂ ਬਾਅਦ ਅਸੀ ਵਾਪਿਸ ਆਪਣੇ ਹੋਟਲ ਆ ਗਏ।
ਪੰਜਵੇਂ ਦਿਨ ਮਿਤੀ 18-08-2022 ਨੂੰ ਅਸੀਂ ਸਵੇਰ ਦਾ ਨਾਸ਼ਤਾ ਕਰਕੇ ਤਿਆਰ ਹੋ ਗਏ ਅਤੇ ਅਸੀ ਸ਼ੌਪਿੰਗ ਕਰਨ ਲਈ ਮਾਰਕੀਟ ਚਲੇ ਗਏ। ਉੱਥੇ ਕੁਝ ਚੀਜ਼ਾਂ ਇੰਡੀਆ ਨਾਲੋਂ ਸਸਤੀਆਂ ਸਨ ਅਤੇ ਕੁੱਝ ਮਹਿੰਗੀਆਂ ਸਨ। ਅਸੀਂ ਸ਼ੌਪਿੰਗ ਕੀਤੀ ਅਤੇ ਵਾਪਿਸ ਹੋਟਲ ਆ ਗਏ। ਉਸ ਤੋਂ ਬਾਅਦ ਸਾਡੇ ਕੋਲ ਥੋੜ੍ਹਾ ਹੋਰ ਸਮਾਂ ਸੀ ਕਿਉਂ ਕਿ ਸਾਡੀ ਵਾਪਸੀ ਦੀ ਫਲਾਇਟ ਰਾਤ 10 ਵਜੇ ਸੀ ਅਸੀਂ ਗੋਲਡ ਮਾਰਕੀਟ ਦੇਖਣ ਦਾ ਮਨ ਬਣਾਇਆ ਜੋ ਕਿ ਸਾਡੇ ਪੈਕੇਜ ਤੋਂ ਬਾਹਰ ਸੀ। ਅਸੀਂ ਆਪਣੀ ਟੈਕਸੀ ਕਰਕੇ ਗੋਲਡ ਮਾਰਕੀਟ ਪੁੱਜੇ। ਇੰਨਾ ਸੋਨਾ ਮੈਂ ਅਤੇ ਮੇਰੇ ਪ੍ਰਵਾਰ ਨੇ ਪਹਿਲੀ ਵਾਰ  ਦੇਖਿਆ ਸੀ ਬਹੁਤ ਜ਼ਿਆਦਾ ਗਹਿਣੇ ਤਿਆਰ ਕਰਕੇ ਦੁਕਾਨਦਾਰਾਂ ਵਲੋਂ ਕਾਊਂਟਰ ਤੇ ਸਜਾ ਦੇ ਰੱਖੇ ਹੋਏ ਸਨ ।ਟੂਰਿਸਟ ਸੋਨਾ ਦੇਖ ਅਤੇ ਖਰੀਦ ਰਹੇ ਸਨ ।ਅਸੀਂ ਵੀ ਬਹੁਤ ਦੁਕਾਨਾ ਤੇ ਜਾਕੇ ਸੋਨਾ ਦੇਖਿਆ। ਇੱਥੇ ਸੋਨਾ ਭਾਰਤ ਨਾਲੋਂ ਸਸਤਾ ਸੀ। ਸਾਨੂੰ ਸੋਨਾ ਲਿਆਉਣ ਦੇ ਨਿਯਮਾਂ ਬਾਰੇ ਜਾਣਕਾਰੀ ਨਹੀਂ ਸੀ ।ਇਸ ਲਈ ਅਸੀਂ ਸੋਨਾ ਨਹੀਂ ਖਰੀਦਿਆ ਅਤੇ ਅਸੀਂ ਵਾਪਸ ਆਪਣੇ ਹੋਟਲ ਆ ਗਏ ਇਹ ਦੁਬਈ ਪੈਕੇਜ ਦਾ ਸਾਡਾ ਆਖਰੀ ਦਿਨ ਸੀ ਅਸੀਂ ਆਪਣਾ ਸਮਾਨ ਇੱਕਠਾ ਕੀਤਾ। ਖਰੀਦਿਆ ਹੋਇਆ ਪੈਕ ਕੀਤਾ ਅਤੇ ਪੂਰੀ ਤਰ੍ਹਾਂ ਤਿਆਰੀ ਕਰ ਲਈ ਸ਼ਾਮ ਨੂੰ 7 ਕੁ ਵਜੇ ਅਮਜ਼ਦ ਖ਼ਾਨ ਵੀ ਆ ਗਿਆ ਅਤੇ ਉਹ ਸਾਨੂੰ ਦੁਬਈ ਏਅਰਪੋਰਟ ਤੇ ਛੱਡ ਆਇਆ। ਅਮਜ਼ਦ ਖ਼ਾਨ ਸਾਨੂੰ ਆਪਣੇ ਪਰਿਵਾਰ ਦਾ ਮੈਂਬਰ ਹੀ ਲੱਗਣ ਲੱਗ ਪਿਆ ਸੀ। ਏਅਰਪੋਰਟ ਜਾਕੇ ਸਾਨੂੰ ਪਤਾ ਲੱਗਾ ਕਿ ਫਲਾਇਟ 4 ਘੰਟੇ ਲੇਟ ਹੈ ਅਸੀਂ ਦੂਜੇ ਯਾਤਰੀਆਂ ਨਾਲ ਬੈਠਕੇ ਇੰਤਜਾਰ ਕਰਨ ਲੱਗੇ ਉਥੇ ਸਾਨੂੰ ਸਾਡੇ ਨਾਲ ਇੰਡੀਆ ਤੋਂ ਆਏ ਕੁੱਝ ਹੋਰ ਲੋਕ ਵੀ ਮਿਲੇ। ਜੋ ਆਉਣ ਸਮੇਂ ਸਾਡੇ ਨਾਲ ਹੀ ਜਹਾਜ਼ ਵਿੱਚ ਆਏ ਸਨ ਉਨਾਂ ਨੂੰ ਦੇਖਕੇ ਸਾਨੂੰ ਬਹੁਤ ਖੁਸ਼ੀ ਹੋਈ ਉਨਾਂ ਨਾਲ ਗੱਲਬਾਤ ਕਰਦਿਆਂ ਸਾਨੂੰ ਪਤਾ ਹੀ ਨਹੀਂ ਲੱਗਾ ਕਿ ਕਦੇ ਸਮਾਂ ਬੀਤ ਗਿਆ ਅਤੇ ਫਲਾਇਟ ਦਾ ਟਾਇਮ ਹੋ ਗਿਆ ਅਸੀਂ ਆਪਣੇ ਕਾਗਜ਼ ਪੱਤਰ ਕੰਪਲੀਟ ਕਰਾਕੇ ਸਾਰੀ ਫਾਰਮੈਲਟੀ ਕਰਕੇ ਸਮਾਨ ਵਗੈਰਾ ਜਮ੍ਹਾਂ ਕਰਾਕੇ ਅਸੀਂ ਜਹਾਜ ਵਿੱਚ ਬੈਠ ਗਏ ਅਤੇ ਤਕਰੀਬਨ 4 ਘੰਟੇ ਬਾਅਦ ਅਸੀਂ ਵਾਪਿਸ ਆਪਣੇ ਵਤਨ ਇੰਡੀਆ ਦੁਬਈ ਦੀਆਂ ਕੁੱਝ ਖੱਟੀਆਂ ਮਿੱਠੀਆਂ ਯਾਦਾਂ ਲੈ ਕੇ ਆ ਗਏ।
ਪਰਮਜੀਤ ਕੌਰ
ਮੰਡੀ ਮੁੱਲਾਂਪੁਰ, ਜਿਲਾ ਲੁਧਿਆਣਾ
9417449390
Previous articleਤਕਸ਼ਿਲਾ ਮਹਾਂ ਬੁੱਧ ਵਿਹਾਰ ਲੁਧਿਆਣਾ ਵਿਖੇ ਮਿਤੀ 18/09/2022 ਨੂੰ ਮਿਸ਼ਨਰੀ ਸਮਾਗਮ ਕਰਵਾਇਆ ਜਾ ਰਿਹਾ ਹੈ ‌
Next articleSULAKHAN SINGH DARD RECIEVES  BRITISH EMPIRE MEDAL