(ਸਮਾਜ ਵੀਕਲੀ)
ਕਈ ਵਾਰ ਇਹ ਹੰਝੂ ਕੋਸੇ ਕੋਸੇ
ਦਰ ਖੜਕਾਉਂਦੇ ਅੱਖੀਆਂ ਦਾ
ਗੱਚ ਵੀ ਜਿਵੇਂ, ਮੂੰਹ ਨੂੰ ਆਵੇ
ਮਨ ਡਰਦਾ ਘਬਰਾਉਂਦਾ
ਲਗਦਾ ਜਿਉਂ ਸ਼ਬਦਾਂ ਦਾ ਹੜ੍ਹ ਪਿਆ ਆਉਂਦਾ
ਸਾਂਝੀ ਉਹ ਰੂਹਾਂ ਦਾ,
ਰੂਹ ਨੂੰ ਧੂਹ ਪਿਆ ਪਾਉਂਦਾ
ਤਨਹਾਈ ਦਾ ਸਮਾਂ ਵੀ ਕੁਛ ਬਿਆਂ ਕਰੇ
ਮਨ ਵਿਚਾਰਾਂ ਦੀ ਕਸ਼ਮਕਸ਼ ਚ ਫਸੇ
ਅਚਾਨਕ ਸ਼ਬਦਾਂ ਦਾ ਬਵਾਲ ਭਾਰੀ ਹੋ ਜਾਂਦਾ
ਜਿਵੇਂ ਕਿਸੇ ਕਵਿਤਾ ਦੀ ਆਮਦ ਦਾ ਸਮਾਂ ਹੋ ਜਾਂਦਾ
ਕਰਾਂ ਕੋਸ਼ਿਸ਼ਾਂ ਭੁਲਾਣੇ ਦੀਆਂ
ਕਈ ਗ਼ਮ ਲਿਪਟੇ ਬਣ ਮਿੱਤਰ
ਤੇ ਕਈ ਸਤਾਉਣ ਵਾਂਗ ਸ਼ਰੀਕਾਂ
ਕੀ ਮੁੱਲ ਪਾਵਾਂ ਉਹਨਾਂ ਬਾਤਾਂ ਦਾ
ਜੋ ਰਿਸਦੇ ਜਖ਼ਮ ਸਿਉਂ ਗਈਆਂ
ਫੱਟਾਂ ਨੂੰ ਚੀਰ ਨਿਕਲਣ ਪੀੜ੍ਹਾਂ
ਫਿਰ ਕਈ ਯਾਦਾਂ ਜਖਮਾਂ ਤੇ ਲੂਣ ਛਿੜਕ
ਨਾਸੂਰ ਬਣ ਜ਼ਰਲਾਉਂਦੀਆਂ
ਚੀਸਾਂ ਦਾ ਉਠਣਾਂ
ਬਾਰ ਬਾਰ ਸਹਿ ਜਾਣਾਂ
ਤੇ ਤਲਿਸਮੀਂ ਕਲਮ ਦਾ ਕਾਗ਼ਜ ਵੱਲ ਜਾਣਾ
ਨਾਲ ਹੀ ਹੁੰਦੀ ਉਥਲ ਪੁਥਲ ਦਾ ਸ਼ਾਂਤ ਹੋਣਾ
ਫਿਰ ਅਨੰਦਿਤ ਪਲ ਬਣ ਜਾਣਾ
ਬੱਸ ਇਸੇ ਹੀ ਤਰ੍ਹਾਂ ਸ਼ਬਦਾਂ ਦਾ ਜੁੜਦੇ ਜਾਣਾ
ਮੇਰਾ ਸਤਰਾਂ ਨੂੰ ਬਾਰ-ਬਾਰ ਪੜ੍ਹਦੇ ਜਾਣਾ
ਅੱਖੀਆਂ ਚੌਂ ਵਗਦੇ ਨੀਰਾਂ ਦਾ,
ਕਾਗਜ਼ ਤੇ ਵਹਿੰਦੇ ਜਾਣਾ
ਇਉਂ ਮੇਰੀ ਕਵਿਤਾ ਦਾ
ਪੂਰਨ ਜਨਮ ਹੋ ਜਾਣਾ।
ਨਵਜੋਤਕੌਰ ਨਿਮਾਣੀ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly