ਕੋਲਕਾਤਾ, ਸਮਾਜ ਵੀਕਲੀ: ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਅੱਜ ਪ੍ਰਧਾਨ ਮੰਤਰੀ ਦਫ਼ਤਰ ’ਤੇ ਉਸ ਦੀ ਬੇਇੱਜ਼ਤੀ ਕਰਨ ਤੇ ਅਕਸ ਨੂੰ ਢਾਹ ਲਾਉਣ ਦਾ ਦੋਸ਼ ਲਾਇਆ ਹੈ। ਉਨ੍ਹਾਂ ਕਿਹਾ ਕਿ ਉਹ ਸੂਬੇ ਦੇ ਵਿਕਾਸ ਲਈ ਪ੍ਰਧਾਨ ਮੰਤਰੀ ਦੇ ਪੈਰੀਂ ਪੈਣ ਲਈ ਵੀ ਤਿਆਰ ਹਨ ਪਰ ਉਨ੍ਹਾਂ ਦੀ ਇਸ ਤਰ੍ਹਾਂ ਬੇਇੱਜ਼ਤੀ ਨਾ ਕੀਤੀ ਜਾਵੇ ਤੇ ਨੀਵਾਂ ਨਾ ਹੀ ਦਿਖਾਇਆ ਜਾਵੇ। ਉਨ੍ਹਾਂ ਦੋਸ਼ ਲਾਇਆ ਕਿ ਪ੍ਰਧਾਨ ਮੰਤਰੀ ਦਫ਼ਤਰ ਨੇ ਉਸ ਦੇ ਮੀਟਿੰਗ ’ਚ ਸ਼ਾਮਲ ਨਾ ਹੋਣ ’ਤੇ ਟਵੀਟ ਕਰਕੇ ਉਸ ਦਾ ਅਕਸ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਮੁੱਖ ਸਕੱਤਰ ਅਲਪਨ ਬੰਦੋਪਾਧਿਆਏ ਨੂੰ ਬੁਲਾਉਣ ਦਾ ਫ਼ੈਸਲਾ ਵਾਪਸ ਲਵੇ ਤੇ ਸੀਨੀਅਰ ਨੌਕਰਸ਼ਾਹ ਨੂੰ ਕੋਵਿਡ-19 ਸੰਕਟ ਦੌਰਾਨ ਲੋਕਾਂ ਲਈ ਕੰਮ ਕਰਨ ਦੀ ਇਜਾਜ਼ਤ ਦਿੱਤੀ ਜਾਵੇ।
ਮਮਤਾ ਬੈਨਰਜੀ ਨੇ ਕਿਹਾ ਕਿ ‘ਯਾਸ’ ਕਾਰਨ ਹੋਈ ਤਬਾਹੀ ਦੀ ਸਮੀਖਿਆ ਲਈ ਰੱਖੀ ਮੀਟਿੰਗ ਭਾਜਪਾ ਆਗੂ ਸ਼ੁਵੇਂਦੂ ਅਧਿਕਾਰੀ ਤੇ ਰਾਜਪਾਲ ਜਗਦੀਪ ਧਨਖੜ ਨੂੰ ਸੱਦੇ ਜਾਣ ਉਹ ਬੇਇੱਜ਼ਤ ਮਹਿਸੂਸ ਕਰ ਰਹੀ ਹੈ ਅਤੇ ਇਸ ਮਾਮਲੇ ’ਚ ਭਾਜਪਾ ਦੇ ਕਈ ਆਗੂ ਤੇ ਪੀਐੱਮਓ ਵੱਲੋਂ ਕੀਤੇ ਗਏ ਟਵੀਟਾਂ ਕਾਰਨ ਉਸ ਦੇ ਅਤੇ ਉਨ੍ਹਾਂ ਦੇ ਮੁੱਖ ਸਕੱਤਰ ਦੇ ਅਕਸ ਨੂੰ ਢਾਹ ਲੱਗੀ ਹੈ। ਉਨ੍ਹਾਂ ਕਿਹਾ, ‘ਜਦੋਂ ਅਸੀਂ ਪੁੱਜੇ ਤਾਂ ਮੀਟਿੰਗ ਸ਼ੁਰੂ ਹੋ ਚੁੱਕੀ ਸੀ। ਉਨ੍ਹਾਂ ਸਾਨੂੰ ਉਡੀਕ ਕਰਨ ਲਈ ਕਿਹਾ ਤਾਂ ਮੈਂ ਰਿਪੋਰਟ ਪੇਸ਼ ਕਰਨ ਲਈ ਇੱਕ ਮਿੰਟ ਦਾ ਸਮਾਂ ਮੰਗਿਆ।
ਸਾਨੂੰ ਦੱਸਿਆ ਗਿਆ ਕਿ ਮੀਟਿੰਗ ਇੱਕ ਘੰਟੇ ਬਾਅਦ ਸ਼ੁਰੂ ਹੋਵੇਗੀ। ਮੈਨੂੰ ਕਾਨਫਰੰਸ ਰੂਮ ’ਚ ਕੁਰਸੀਆਂ ਖਾਲੀ ਮਿਲੀਆਂ। ਮੈਂ ਪੁੱਛਿਆ ਕਿ ਮੀਟਿੰਗ ਪ੍ਰਧਾਨ ਮੰਤਰੀ ਤੇ ਮੁੱਖ ਮੰਤਰੀ ਵਿਚਾਲੇ ਸੀ ਫਿਰ ਹੋਰ ਭਾਜਪਾ ਆਗੂਆਂ ਨੂੰ ਸੱਦਾ ਕਿਉਂ ਦਿੱਤਾ ਗਿਆ ਹੈ।’ ਇਸ ਦੇ ਨਾਲ ਹੀ ਮਮਤਾ ਨੇ ਇਹ ਵੀ ਸਪਸ਼ਟ ਕੀਤਾ ਕਿ ਉਹ ਮੀਟਿੰਗ ’ਚੋਂ ਪ੍ਰਧਾਨ ਮੰਤਰੀ ਤੋਂ ਪ੍ਰਵਾਨਗੀ ਲੈਣ ਮਗਰੋਂ ਹੀ ਬਾਹਰ ਆਈ ਸੀ। ਉਨ੍ਹਾਂ ਦਾਅਵਾ ਕੀਤਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਉਨ੍ਹਾਂ ਦੀ ਸਰਕਾਰ ਲਈ ਹਰ ਕਦਮ ’ਤੇ ਮੁਸ਼ਕਿਲਾਂ ਖੜ੍ਹੀਆਂ ਕਰ ਰਹੇ ਹਨ ਕਿਉਂਕਿ ਉਹ ਹੁਣ ਵੀ ਵਿਧਾਨ ਸਭਾ ਚੋਣਾਂ ’ਚ ਭਾਰਤੀ ਜਨਤਾ ਪਾਰਟੀ ਦੀ ਹੋਈ ਹਾਰ ਨੂੰ ਬਰਦਾਸ਼ਤ ਨਹੀਂ ਕਰ ਸਕੇ ਹਨ।
ਉਨ੍ਹਾਂ ਅੱਗੇ ਕਿਹਾ ਕਿ ਜੇਕਰ ਬੰਗਾਲ ਦੇ ਵਿਕਾਸ ਤੇ ਵਾਧੇ ਲਈ ਉਨ੍ਹਾਂ ਨੂੰ ਮੋਦੀ ਦੇ ਪੈਰੀਂ ਪੈਣ ਨੂੰ ਕਿਹਾ ਜਾਵੇਗਾ ਤਾਂ ਉਹ ਇਸ ਲਈ ਵੀ ਤਿਆਰ ਹੈ। ਉਨ੍ਹਾਂ ਕਿਹਾ, ‘ਕਿਉਂਕਿ ਤੁਸੀਂ (ਮੋਦੀ ਤੇ ਸ਼ਾਹ) ਭਾਜਪਾ ਦੀ ਹਾਰ ਬਰਦਾਸ਼ਤ ਨਹੀਂ ਕਰ ਪਾ ਰਹੇ। ਤੁਸੀਂ ਪਹਿਲੇ ਦਿਨ ਤੋਂ ਹੀ ਸਾਡੇ ਲਈ ਮੁਸ਼ਕਲਾਂ ਖੜ੍ਹੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਮੁੱਖ ਸਕੱਤਰ ਦੀ ਕੀ ਗਲਤੀ ਹੈ? ਕੋਵਿਡ-19 ਸੰਕਟ ਦੌਰਾਨ ਮੁੱਖ ਸਕੱਤਰ ਨੂੰ ਵਾਪਸ ਸੱਦਣਾ ਸਪੱਸ਼ਟ ਕਰਦਾ ਹੈ ਕਿ ਕੇਂਦਰ ਬਦਲੇ ਦੀ ਸਿਆਸਤ ਕਰ ਰਿਹਾ ਹੈ।’
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly