ਗਲਸੀ (ਸਮਾਜ ਵੀਕਲੀ) :ਕੂਚ ਬਿਹਾਰ ਗੋਲੀ ਕਾਂਡ ਦੇ ਪੀੜਤਾਂ ਦੀਆਂ ਲਾਸ਼ਾਂ ਨਾਲ ਰੈਲੀ ਕਰਨ ਦੀ ਕਥਿਤ ਸਲਾਹ ਦੇਣ ਬਾਰੇ ਆਡੀਓ ਟੇਪ ਸਾਹਮਣੇ ਆਉਣ ਮਗਰੋਂ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਅੱਜ ਦੋਸ਼ ਲਾਇਆ ਹੈ ਕਿ ਉਸ ਦਾ ਫੋਨ ਟੈਪ ਕੀਤਾ ਜਾ ਰਿਹਾ ਹੈ ਅਤੇ ਉਹ ਇਸ ਦੀ ਸੀਆਈਡੀ ਤੋਂ ਜਾਂਚ ਦੇ ਹੁਕਮ ਦੇਵੇਗੀ।
ਪੂਰਬੀ ਬਰਧਮਾਨ ਜ਼ਿਲ੍ਹੇ ਦੇ ਗਲਸੀ ’ਚ ਰੈਲੀ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਭਾਜਪਾ ’ਤੇ ਸਾਜ਼ਿਸ਼ ਘੜਨ ਦਾ ਦੋਸ਼ ਲਾਇਆ ਅਤੇ ਕਿਹਾ ਕਿ ਭਗਵਾਂ ਪਾਰਟੀ ਹੁਕਮਰਾਨ ਤ੍ਰਿਣਮੂਲ ਕਾਂਗਰਸ ਦੇ ਵਿਕਾਸ ਪ੍ਰੋਗਰਾਮਾਂ ਬਾਰੇ ਪ੍ਰਚਾਰ ਦਾ ਮੁਕਾਬਲਾ ਨਹੀਂ ਕਰ ਸਕਦੀ ਜਿਸ ਕਰਕੇ ਮਨਘੜਤ ਦੋਸ਼ ਲਗਾ ਕੇ ਲੋਕਾਂ ਨੂੰ ਭਰਮਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਟੀਐੱਮਸੀ ਸੁਪਰੀਮੋ ਨੇ ਕਿਹਾ,‘‘ਭਾਜਪਾ ਆਗੂ ਹੁਣ ਸਾਡੀ ਰੋਜ਼ਾਨਾ ਦੀ ਗੱਲਬਾਤ ਵੀ ਕੰਨ ਲਾ ਕੇ ਸੁਣ ਰਹੇ ਹਨ।
ਇੰਜ ਜਾਪਦਾ ਹੈ ਕਿ ਉਹ ਰੋਟੀ ਪਕਾਉਣ ਅਤੇ ਘਰ ਦੇ ਹੋਰ ਕੰਮਾਂ ਸਮਤੇ ਬਾਕੀ ਗੱਲਬਾਤ ਨੂੰ ਸੁਣਨ ਲਈ ਸਾਡੀਆਂ ਫੋਨ ਕਾਲਾਂ ਟੈਪ ਕਰ ਰਹੇ ਹਨ। ਇਸ ਮੁੱਦੇ ’ਤੇ ਮੈਂ ਸੀਆਈਡੀ ਜਾਂਚ ਦੇ ਹੁਕਮ ਦੇਵਾਂਗੀ। ਜਾਸੂਸੀ ਦੇ ਕੰਮਾਂ ’ਚ ਲੱਗੇ ਕਿਸੇ ਵੀ ਵਿਅਕਤੀ ਨੂੰ ਮੈਂ ਨਹੀਂ ਬਖ਼ਸ਼ਾਂਗੀ। ਮੈਨੂੰ ਪਹਿਲਾਂ ਹੀ ਪਤਾ ਲੱਗ ਚੁੱਕਾ ਹੈ ਕਿ ਇਸ ਪਿੱਛੇ ਕਿਸ ਦਾ ਹੱਥ ਹੈ।’’ ਮਮਤਾ ਨੇ ਦਾਅਵਾ ਕੀਤਾ ਕਿ ਉਸ ਕੋਲ ਜਾਣਕਾਰੀ ਹੈ ਕਿ ਕੇਂਦਰੀ ਸੁਰੱਖਿਆ ਬਲ ਕੁਝ ਏਜੰਟਾਂ ਨਾਲ ਮਿਲ ਕੇ ਅਜਿਹੀਆਂ ਹਰਕਤਾਂ ’ਚ ਸ਼ਾਮਲ ਹਨ।
ਉਨ੍ਹਾਂ ਕਿਹਾ ਕਿ ਇਹ ਸਪੱਸ਼ਟ ਹੈ ਕਿ ਇਸ ਹਰਕਤ ਪਿੱਛੇ ਭਾਜਪਾ ਹੈ ਪਰ ਉਹ ਦਾਅਵਾ ਕਰ ਰਹੇ ਹਨ ਕਿ ਉਨ੍ਹਾਂ ਦੀ ਇਸ ’ਚ ਕੋਈ ਭੂਮਿਕਾ ਨਹੀਂ ਹੈ। ਜ਼ਿਕਰਯੋਗ ਹੈ ਕਿ ਭਾਜਪਾ ਨੇ ਸ਼ੁੱਕਰਵਾਰ ਨੂੰ ਆਡੀਓ ਕਲਿੱਪ ਜਾਰੀ ਕੀਤੀ ਹੈ ਜਿਸ ’ਚ ਮਮਤਾ ਬੈਨਰਜੀ ਸੀਤਲਕੂਚੀ ਤੋਂ ਪਾਰਟੀ ਦੇ ਉਮੀਦਵਾਰ ਨੂੰ ਆਖਦੀ ਸੁਣਾਈ ਦੇ ਰਹੀ ਹੈ ਕਿ ਉਹ ਸੀਆਈਐੱਸਐੱਫ ਦੀ ਗੋਲੀਆਂ ਨਾਲ ਮਾਰੇ ਗਏ ਚਾਰ ਵਿਅਕਤੀਆਂ ਦੀਆਂ ਲਾਸ਼ਾਂ ਨਾਲ ਰੈਲੀਆਂ ਕਰਨ। ਉਂਜ ਤ੍ਰਿਣਮੂਲ ਕਾਂਗਰਸ ਨੇ ਦਾਅਵਾ ਕੀਤਾ ਹੈ ਕਿ ਅਜਿਹੀ ਕੋਈ ਗੱਲਬਾਤ ਕਦੇ ਵੀ ਨਹੀਂ ਹੋਈ ਅਤੇ ਇਹ ਆਡੀਓ ਕਲਿੱਪ ਫਰਜ਼ੀ ਹੈ।