ਚਾਰ ਸਾਲਾਂ ਤੋਂ ਪੱਕੇ ਕਰਨ ਦੀ ਮੰਗ ਨੂੰ ਲਟਕਾ ਰਹੀ ਹੈ ਸਰਕਾਰ – ਰਮੇਸ਼ ਲਾਧੂਕਾ
ਕਪੂਰਥਲਾ (ਸਮਾਜ ਵੀਕਲੀ) (ਕੌੜਾ )- ਪੰਜਾਬ ਦਾ ਕੋਈ ਵੀ ਨਾਗਰਿਕ ਜਾਂ ਕਾਂਗਰਸੀ ਆਗੂ ਮੁੱਖ ਮੰਤਰੀ ਨੂੰ ਮਿਲਾਵੇਗਾ। ਉਸ ਲਈ ਸਰਵ ਸਿੱਖਿਆ ਅਭਿਆਨ ਮਿੱਡ ਡੇ ਮੀਲ ਦਫਤਰੀ ਕਰਮਚਾਰੀ ਯੂਨੀਅਨ ਗੁਰਦੁਆਰਾ ਸਾਹਿਬ ਵਿਖੇ ਅਰਦਾਸ ਜਾਂ ਮੰਦਰ ਵਿਚ ਹਵਨ ਕਰਵਾਉਣਗੇ ਤਾਂ ਜੋ ਮੁੱਖ ਮੰਤਰੀ ਨੂੰ ਮਿਲਵਾਉਣ ਵਾਲੇ ਵਿਅਕਤੀ ਨੂੰ ਪੁੰਨ ਮਿਲ ਸਕੇ। ਇਸ ਗੱਲ ਦਾ ਪ੍ਰਗਟਾਵਾ ਇੱਥੇ ਸਰਵ ਸਿੱਖਿਆ ਅਭਿਆਨ ਮਿਡ ਡੇਅ ਮੀਲ ਦਫ਼ਤਰੀ ਕਰਮਚਾਰੀ ਯੂਨੀਅਨ ਪੰਜਾਬ ਦੇ ਆਗੂ ਰਮੇਸ਼ ਲਾਧੂਕਾ, ਬਨਵਾਰੀ ਲਾਲ, ਗਣੇਸ਼, ਰਜੀਵ ਪਠਾਣੀਆ ਆਦਿ ਨੇ ਸਾਂਝੇ ਤੌਰ ਤੇ ਕੀਤਾ।
ਯੂਨੀਅਨ ਦੇ ਆਗੂਆਂ ਨੇ ਕਿਹਾ ਕਿ ਸੂਬੇ ਚ ਸੱਤਾ ਚ ਆਈ ਕਾਂਗਰਸ ਸਰਕਾਰ ਦੇ ਚਾਰ ਸਾਲ ਬੀਤ ਗਏ ਹਨ ਅਤੇ ਚਾਰ ਸਾਲਾਂ ਤੋਂ ਲਗਾਤਾਰ ਮੁਲਾਜ਼ਮ ਆਪਣੀਆਂ ਮੰਗਾਂ ਨੂੰ ਲੈ ਕੇ ਸਰਕਾਰੇ ਦਰਬਾਰੇ ਗੱਲ ਰੱਖਦੇ ਆ ਰਹੇ ਹਨ । ਪਰ ਸਰਕਾਰ ਮਸਲੇ ਨੂੰ ਲਟਕਾ ਰਹੀ ਹੈ। ਆਗੂਆਂ ਨੇ ਕਿਹਾ ਕਿ ਦਫਤਰੀ ਮੁਲਾਜ਼ਮ ਲਗਾਤਾਰ ਮੁੱਖ ਮੰਤਰੀ ਨੂੰ ਮਿਲਣ ਲਈ ਅਪੀਲ ਕਰ ਰਹੇ ਹਨ। ਪਰ ਕੋਈ ਮੁਲਾਕਾਤ ਨਹੀਂ ਕਰਵਾ ਰਿਹਾ। ਜਿਸ ਕਰਕੇ ਮੁਲਾਜ਼ਮਾਂ ਵੱਲੋਂ ਹੁਣ ਇਹ ਵੱਖਰੀ ਮੁਹਿੰਮ ਮੁੱਖ ਮੰਤਰੀ ਨੂੰ ਮਿਲਾਓ ਪੁੰਨ ਕਮਾਊ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ ।
ਜਿਸ ਤਹਿਤ ਕੋਈ ਵੀ ਨਾਗਰਿਕ ਜਾਂ ਕਾਂਗਰਸੀ ਆਗੂ ਮੁਲਾਜ਼ਮਾਂ ਨੂੰ ਮੁੱਖ ਮੰਤਰੀ ਨਾਲ ਮਿਲਵਾਏਗਾ, ਉਹ ਪੁੰਨ ਕਮਾਏਗਾ। ਇਸ ਦੀ ਸ਼ੁਰੂਆਤ 24 ਅਪ੍ਰੈਲ ਨੂੰ ਅੰਮ੍ਰਿਤਸਰ ਤੋਂ ਕੀਤੀ ਜਾਵੇਗੀ । ਉਕਤ ਆਗੂਆਂ ਨੇ ਕਿਹਾ ਕਿ ਜੇਕਰ ਸਰਕਾਰ ਨੇ ਸਾਨੂੰ ਪੱਕਾ ਕਰਨ ਦੀ ਮੰਗ ਨੂੰ ਪੂਰਾ ਨਾ ਕੀਤਾ ਤਾਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ। ਜਿਸ ਦਾ ਖਮਿਆਜ਼ਾ ਸਰਕਾਰ ਨੂੰ ਆਉਣ ਵਾਲੀਆਂ ਵਿਧਾਨ ਸਭਾ ਦੀਆਂ 2022 ਦੀਆਂ ਚੋਣਾਂ ਵਿਚ ਭੁਗਤਣਾ ਪਵੇਗਾ