ਪਟਿਆਲਾ (ਸਮਾਜ ਵੀਕਲੀ) : ਮੁੱਖ ਮੰਤਰੀ ਅਮਰਿੰਦਰ ਸਿੰਘ ਦੇ ਸ਼ਹਿਰ ਪਟਿਆਲਾ ਅੰਦਰ ਅੱਜ ਬੇਰੁਜ਼ਗਾਰ ਅਧਿਆਪਕਾਂ ਵੱਲੋਂ ਵੀ “ਆਲ ਪੰਜਾਬ ਬੇਰੁਜ਼ਗਾਰ 873 ਡੀਪੀਈ ਯੂਨੀਅਨ ਦੀ ਅਗਵਾਈ ਹੇਠ ਅਣਮਿੱਥੇ ਸਮੇਂ ਦਾ ਧਰਨਾ ਸ਼ੁਰੂ ਕਰ ਦਿੱਤਾ। ਅੱਜ ਪਹਿਲੇ ਦਿਨ ਦਰਜਨ ਦੇ ਕਰੀਬ ਬੇਰੁਜ਼ਗਾਰ ਪੁਰਸ਼ ਤੇ ਮਹਿਲਾ ਕਾਰਕੁਨ ਤ੍ਰਿਪੜੀ ਨਜ਼ਦੀਕ ਡੀਐੱਲਐੱਫ ਕਲੋਨੀ ਕੋਲ ਸਥਿਤ ਖਸਤਾ ਹਾਲ ਪਾਣੀ ਵਾਲੀ ਟੈਂਕੀ ਉੱਤੇ ਚੜ੍ਹ ਗਏ, ਜਿਸ ਨਾਲ ਪੁਲੀਸ ਨੂੰ ਹੱਥਾਂ-ਪੈਰਾਂ ਦੀ ਪੈ ਗਈ।
ਯੂਨੀਅਨ ਆਗੂ ਹਰਦੀਪ ਸਿੰਘ ਨੇ ਦੱਸਿਆ ਕਿ ਸੂਬਾ ਪ੍ਰਧਾਨ ਜਗਸੀਰ ਸਿੰਘ ਦਿੜ੍ਹਬਾ ਦੀ ਅਗਵਾਈ ਹੇਠ ਪਟਿਆਲਾ ’ਚ ਮੰਗਾਂ ਮੰਨੇ ਜਾਣ ਤੱਕ ਪ੍ਰਦਰਸ਼ਨ ਜਾਰੀ ਰੱਖਿਆ ਜਾਵੇਗਾ ਤੇ ਹਰ ਰੋਜ਼ ਵੱਖ-ਵੱਖ ਜ਼ਿਲ੍ਹਿਆਂ ਤੋਂ ਕਾਰਕੁਨ ਪਟਿਆਲਾ ਦਸਤਕ ਦਿੰਦੇ ਰਹਿਣਗੇ। ਉਨ੍ਹਾਂ ਦੱਸਿਆ ਕਿ ਰੋਸ ਪ੍ਰੋਗਰਾਮ ਜ਼ਰੀਏ ਪੀਟੀਆਈ ਧਿਆਪਕਾਂ ਦੀਆਂ ਆਸਾਮੀਆਂ ’ਚ ਇਕ ਹਜ਼ਾਰ ਦਾ ਵਾਧਾ ਕੀਤੇ ਜਾਣ ਦੀ ਮੰਗ ਸਮੇਤ ਹੋਰ ਮਸਲਿਆਂ ਨੂੰ ਵੀ ਸਰਕਾਰ ਤੱਕ ਅੱਪੜਦਾ ਕੀਤਾ ਜਾਵੇਗਾ। ਅੱਜ ਦੇ ਰੋਸ ਪ੍ਰੋਗਰਾਮ ਦੌਰਾਨ ਕਾਰਕੁਨਾਂ ਨੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ ਗਈ।