ਮੁੰਬਈ (ਸਮਾਜ ਵੀਕਲੀ): ਕਾਰੋਬਾਰੀ ਰਾਜ ਕੁੰਦਰਾ ਮੈਜਿਸਟਰੇਟੀ ਅਦਾਲਤ ਵੱਲੋਂ ਦਿੱਤੀ ਜ਼ਮਾਨਤ ਤੋਂ ਇਕ ਦਿਨ ਮਗਰੋਂ ਅੱਜ ਮੁੰਬਈ ਜੇਲ੍ਹ ’ਚੋਂ ਬਾਹਰ ਆ ਗਿਆ ਹੈ। ਅਸ਼ਲੀਲ ਫ਼ਿਲਮਾਂ ਕੇਸ ਵਿੱਚ ਮੁੁੱਖ ਮੁਲਜ਼ਮ ਕੁੰਦਰਾ ਨੂੰ ਦੋ ਮਹੀਨੇ ਪਹਿਲਾਂ ਗ੍ਰਿਫ਼ਤਾਰ ਕੀਤਾ ਗਿਆ ਸੀ। ਜੇਲ੍ਹ ਅਧਿਕਾਰੀਆਂ ਨੇ ਕਿਹਾ ਕਿ ਕੁੰਦਰਾ ਨੂੰ ਅੱਜ ਸਵੇਰੇ 11:30 ਵਜੇ ਮਗਰੋਂ ਆਰਥਰ ਰੋਡ ਜੇਲ੍ਹ ’ਚੋਂ ਰਿਹਾਅ ਕੀਤਾ ਗਿਆ ਹੈ। ਚੀਫ ਮੈਟਰੋਪਾਲਿਟਨ ਮੈਜਿਸਟਰੇਟ ਐੱਸ.ਬੀ.ਭਾਜੀਪਾਲੇ ਨੇ ਸੋਮਵਾਰ ਨੂੰ ਕੁੰਦਰਾ ਦੀ ਜ਼ਮਾਨਤ ਅਰਜ਼ੀ ਮਨਜ਼ੂਰ ਕਰਦਿਆਂ 50 ਹਜ਼ਾਰ ਰੁਪਏ ਦਾ ਨਿੱਜੀ ਮੁਚੱਲਕਾ ਭਰਨ ਲਈ ਕਿਹਾ ਸੀ।
ਕੁੰਦਰਾ ਦੇ ਸਾਥੀ ਤੇ ਇਸ ਕੇਸ ਵਿੱਚ ਸਹਿ-ਮੁਲਜ਼ਮ ਰਾਇਨ ਥੋਰਪੇ, ਜਿਸ ਨੂੰ ਕੁੰਦਰਾ ਦੇ ਨਾਲ ਹੀ 19 ਜੁਲਾਈ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ, ਨੂੰ ਵੀ ਕੋਰਟ ਨੇ ਇਸ ਕੇਸ ਵਿਚ ਜ਼ਮਾਨਤ ਦੇ ਦਿੱਤੀ ਸੀ। ਕੁੰਦਰਾ (46) ਨੂੰ ਕੇਂਦਰੀ ਮੁੰਬਈ ਦੀ ਆਰਥਰ ਰੋਡ ਜੇਲ੍ਹ ਵਿੱਚ ਨਿਆਂਇਕ ਹਿਰਾਸਤ ਵਿੱਚ ਰੱਖਿਆ ਗਿਆ ਸੀ। ਬੌਲੀਵੁੱਡ ਅਦਾਕਾਰ ਸ਼ਿਲਪਾ ਸ਼ੈੱਟੀ ਦੇ ਪਤੀ ਕੁੰਦਰਾ ਨੂੰ ਮੁੰਬਈ ਪੁਲੀਸ ਦੀ ਅਪਰਾਧ ਸ਼ਾਖਾ ਨੇ ਆਈਪੀਸੀ, ਸੂਚਨਾ ਤਕਨਾਲੋਜੀ ਐਕਟ ਤੇ ਮਹਿਲਾਵਾਂ ਨੂੰ ਅਸੱਭਿਅਕ ਤਰੀਕੇ ਨਾਲ ਪੇਸ਼ ਕਰਨ ਤੋਂ ਰੋਕਣ ਨਾਲ ਸਬੰਧਤ ਐਕਟ ਦੀਆਂ ਵੱਖ ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰਨ ਮਗਰੋਂ ਗ੍ਰਿਫ਼ਤਾਰ ਕੀਤਾ ਸੀ।
ਅਪਰਾਧ ਸ਼ਾਖਾ ਨੇ 15 ਸਤੰਬਰ ਨੂੰ ਕੁੰਦਰਾ ਤੇ ਥੋਰਪੇ ਖ਼ਿਲਾਫ਼ ਕਰੀਬ 1500 ਸਫ਼ਿਆਂ ਦੀ ਚਾਰਜਸ਼ੀਟ ਦਾਖ਼ਲ ਕੀਤੀ ਸੀ। ਚਾਰਜਸ਼ੀਟ ਵਿੱਚ ਸਿੰਗਾਪੁਰ ਦੇ ਵਸਨੀਕ ਯਸ਼ ਠਾਕੁਰ ਤੇ ਲੰਡਨ ਅਧਾਰਿਤ ਪ੍ਰਦੀਪ ਬਖ਼ਸ਼ੀ ਨੂੰ ਵੀ ਲੋੜੀਂਦੇ ਮੁਲਜ਼ਮ ਵਜੋਂ ਵਿਖਾਇਆ ਗਿਆ ਸੀ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly