ਡੇਰਾਬੱਸੀ (ਸਮਾਜਵੀਕਲੀ) : ਨੇੜਲੇ ਪਿੰਡ ਮੁਬਾਰਿਕਪੁਰ ਦੇ 8 ਜਣਿਆਂ ਦੀ ਕਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ। ਸਿਵਲ ਸਰਜਨ (ਮੁਹਾਲੀ) ਡਾ. ਮਨਜੀਤ ਸਿੰਘ ਨੇ ਮੌਕੇ ਦਾ ਦੌਰਾ ਕਰ ਕੇ ਲੋਕਾਂ ਨੂੰ ਕੋਵਿਡ ਨਿਯਮਾਂ ਦੀ ਪਾਲਣਾ ਕਰਨ ਅਤੇ ਅਫਵਾਹਾਂ ਵੱਲ ਧਿਆਨ ਨਾ ਦੇਣ ਦੀ ਨਸੀਹਤ ਦਿੱਤੀ ਹੈ।
ਬੀਤੇੇ ਦਿਨੀਂ ਦਿੱਲੀ ਤੋਂ ਪਰਤੇ 42 ਸਾਲਾ ਵਿਅਕਤੀ ਦੀ ਰਿਪੋਰਟ ਪਾਜ਼ੇਟਿਵ ਆਉਣ ਮਗਰੋਂ ਸਿਹਤ ਵਿਭਾਗ ਨੇ 46 ਸੈਂਪਲ ਲਏ ਸਨ ਜਿਨ੍ਹਾਂ ਵਿਚੋਂ ਅੱਜ 8 ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਇਨ੍ਹਾਂ ਵਿੱਚ 4 ਸਾਲ, 7 ਸਾਲ, 8 ਸਾਲ, 12 ਸਾਲ ਤੇ 14 ਸਾਲ ਦੇ ਬੱਚਿਆਂ ਸਮੇਤ ਬਾਕੀ ਵੱਡੀ ਉਮਰ ਦੇ ਲੋਕ ਸ਼ਾਮਲ ਹਨ। ਇਨ੍ਹਾਂ ਮਰੀਜ਼ਾਂ ਨੂੰ ਬਨੂੜ ਦੇ ਗਿਆਨ ਸਾਗਰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਪੁਲੀਸ ਤੇ ਸਥਾਨਕ ਪ੍ਰਸ਼ਾਸਨ ਨੇ ਪਿੰਡ ਨੂੰ ਸੀਲ ਕਰ ਦਿੱਤਾ ਹੈ।
ਜ਼ੀਰਕਪੁਰ: ਸ਼ਹਿਰ ਵਿੱਚ ਕਰੋਨਾ ਦੇ ਤਿੰਨ ਨਵੇਂ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਵਿੱਚੋਂ ਦੋ ਮਰੀਜ਼ ਬਲਟਾਣਾ ਦੇ ਵਸਨੀਕ ਹਨ ਅਤੇ ਇਕ ਮਰੀਜ਼ ਵੀਆਈਪੀ ਰੋਡ ’ਤੇ ਸਥਿਤ ਨਿਰਮਲ ਛਾਇਆ ਸੁਸਾਇਟੀ ਦਾ ਵਸਨੀਕ ਹੈ। ਇਨ੍ਹਾਂ ਨਵੇਂ ਕੇਸਾਂ ਨਾਲ ਸਬ-ਡਿਵੀਜ਼ਨ ਡੇਰਾਬੱਸੀ ਵਿੱਚ ਕਰੋਨਾ ਮਰੀਜ਼ਾਂ ਦੀ ਗਿਣਤੀ 11 ਹੋ ਗਈ ਹੈ।
ਸਿਹਤ ਵਿਭਾਗ ਅਨੁਸਾਰ ਬਲਟਾਣਾ ਦੇ ਗੋਬਿੰਦ ਵਿਹਾਰ ਵਸਨੀਕ ਮਨੀਸ਼ ਕੁਮਾਰ ਮਿੱਡਾ (41), ਸੈਣੀ ਵਿਹਾਰ ਫੇਜ਼-1 ਦਾ ਵਸਨੀਕ ਕੁਨਾਲ ਭਾਟੀਆ (23) ਅਤੇ ਵੀਆਈਪੀ ਰੋਡ ’ਤੇ ਸਥਿਤ ਨਿਰਮਲ ਛਾਇਆ ਸੁਸਾਇਟੀ ਦਾ ਵਸਨੀਕ ਯੋਗੇਸ਼ ਸੈਣੀ (54) ਪੀੜਤਾਂ ਵਿੱਚ ਸ਼ਾਮਲ ਹਨ। ਤਿੰਨੇ ਮਰੀਜ਼ਾਂ ਨੂੰ ਗਿਆਨ ਸਾਗਰ ਹਸਪਤਾਲ ਵਿਚ ਦਾਖਲ ਕਰਵਾ ਦਿੱਤਾ ਗਿਆ ਹੈ।