ਮੁਕੁਲ ਰਾਏ ਦੀ ਤ੍ਰਿਣਮੂਲ ਵਿੱਚ ਵਾਪਸੀ

ਕੋਲਕਾਤ (ਸਮਾਜ ਵੀਕਲੀ): ਭਗਵਾ ਬ੍ਰਿਗੇਡ ਦੇ ਵੱਕਾਰ ਨੂੰ ਵੱਡਾ ਝਟਕਾ ਦਿੰਦਿਆਂ ਭਾਜਪਾ ਦਾ ਕੌਮੀ ਮੀਤ ਪ੍ਰਧਾਨ ਮੁਕੁਲ ਰਾਏ ਆਪਣੇ ਪੁੱਤਰ ਸੁਭਰਾਂਸ਼ੂ ਦੇ ਨਾਲ ਅੱਜ ਮੁੜ ਤ੍ਰਿਣਮੂਲ ਕਾਂਗਰਸ ’ਚ ਸ਼ਾਮਲ ਹੋ ਗਿਆ ਹੈ। ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਅਤੇ ਹੋਰ ਆਗੂਆਂ ਨੇ ਦੋਹਾਂ ਦੇ ਪਾਰਟੀ ’ਚ ਵਾਪਸੀ ਦਾ ਸਵਾਗਤ ਕੀਤਾ। ਟੀਐੱਮਸੀ ’ਚ ਵਾਪਸੀ ਤੋਂ ਪਹਿਲਾਂ ਮੁਕੁਲ ਰਾਏ ਨੇ ਤ੍ਰਿਣਮੂਲ ਭਵਨ ਦੇ ਬੰਦ ਕਮਰੇ ’ਚ ਮਮਤਾ ਬੈਨਰਜੀ ਨਾਲ ਮੁਲਾਕਾਤ ਕੀਤੀ ਅਤੇ ਬਾਅਦ ’ਚ ਕਿਹਾ ਕਿ ਉਹ ‘ਸਾਰੇ ਜਾਣੇ-ਪਛਾਣੇ ਚਿਹਰੇ ਮੁੜ ਦੇਖ ਕੇ ਖੁਸ਼ ਹੈ।’

ਬਾਅਦ ’ਚ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਮਮਤਾ ਬੈਨਰਜੀ ਨੇ ਕਿਹਾ ਕਿ ਮੁਕੁਲ ਰਾਏ ਨੂੰ ਭਾਜਪਾ ’ਚ ਧਮਕੀਆਂ ਅਤੇ ਤਸੀਹੇ ਦਿੱਤੇ ਗਏ ਜਿਸ ਕਾਰਨ ਉਸ ਦੀ ਸਿਹਤ ’ਤੇ ਮਾੜਾ ਅਸਰ ਪਿਆ। ਮੁੱਖ ਮੰਤਰੀ ਨੇ ਕਿਹਾ,‘‘ਮੁਕੁਲ ਦੀ ਵਾਪਸੀ ਤੋਂ ਸਾਬਿਤ ਹੁੰਦਾ ਹੈ ਕਿ ਭਾਜਪਾ ਕਿਸੇ ਨੂੰ ਸ਼ਾਂਤੀ ਨਾਲ ਜਿਊਣ ਨਹੀਂ ਦਿੰਦੀ ਅਤੇ ਹਰ ਕਿਸੇ ’ਤੇ ਬੇਲੋੜਾ ਦਬਾਅ ਪਾਉਂਦੀ ਹੈ।’’ ਸ੍ਰੀ ਰਾਏ, ਮਮਤਾ ਬੈਨਰਜੀ ਦੇ ਖੱਬੇ ਅਤੇ ਇਕ ਹੋਰ ਸੀਨੀਅਰ ਆਗੂ ਪਾਰਥਾ ਚੈਟਰਜੀ ਸੱਜੇ ਪਾਸੇ ਬੈਠੇ ਹੋਏ ਸਨ। ਸੂਤਰਾਂ ਮੁਤਾਬਕ ਟੀਐੱਮਸੀ ’ਚ ਨੇਤਾਵਾਂ ਦੀ ਸੀਨੀਆਰਤਾ ਦਾ ਇਥੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ। ਨਾਰਦਾ ਟੇਪ ਸਟਿੰਗ ’ਚ ਦੋਸ਼ ਲੱਗਣ ਮਗਰੋਂ ਸ੍ਰੀ ਰਾਏ 2017 ’ਚ ਭਾਜਪਾ ’ਚ ਸ਼ਾਮਲ ਹੋ ਗਏ ਸਨ। ਉਨ੍ਹਾਂ ਦੀ ਤ੍ਰਿਣਮੂਲ ’ਚ ਵਾਪਸੀ ਦਾ ਮੁੱਢ ਉਸ ਸਮੇਂ ਬੱਝ ਗਿਆ ਸੀ ਜਦੋਂ ਇਸ ਮਹੀਨੇ ਦੇ ਸ਼ੁਰੂ ’ਚ ਮਮਤਾ ਦੇ ਭਤੀਜੇ ਅਭਿਸ਼ੇਕ ਨੇ ਇਕ ਹਸਪਤਾਲ ’ਚ ਮੁਕੁਲ ਰਾੲੇ ਦੀ ਪਤਨੀ ਨਾਲ ਮੁਲਾਕਾਤ ਕੀਤੀ ਸੀ।

ਅਭਿਸ਼ੇਕ ਦੇ ਦੌਰੇ ਮਗਰੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਫੋਨ ਕਰਕੇ ਰਾਏ ਦੀ ਪਤਨੀ ਦਾ ਹਾਲ-ਚਾਲ ਪੁੱਛਿਆ ਸੀ। ਸਿਆਸੀ ਮਾਹਿਰਾਂ ਮੁਤਾਬਕ ਪ੍ਰਧਾਨ ਮੰਤਰੀ ਨੇ ਰਾਏ ਨੂੰ ਭਾਜਪਾ ’ਚ ਰੱਖਣ ਲਈ ਹੀ ਇਹ ਜੁਗਤ ਲੜਾਈ ਸੀ। ਇਸ ਤੋਂ ਪਹਿਲਾਂ ਮਾਰਚ ’ਚ ਚੋਣ ਰੈਲੀ ਦੌਰਾਨ ਮਮਤਾ ਬੈਨਰਜੀ ਨੇ ਆਖਿਆ ਸੀ ਕਿ ਮੁਕੁਲ ਰਾਏ ਦੀ ਵਿਵਹਾਰ ਇੰਨਾ ਬੁਰਾ ਨਹੀਂ ਹੈ। ਦਿਲਚਸਪ ਗੱਲ ਇਹ ਹੈ ਕਿ ਸ਼ੁੱਕਰਵਾਰ ਨੂੰ ਦੋਵੇਂ ਮਮਤਾ ਅਤੇ  ਮੁਕੁਲ ਰਾਏ ਨੇ ਦਾਅਵਾ ਕੀਤਾ ਕਿ  ਉਨ੍ਹਾਂ ’ਚ ਕਦੇ ਵੀ ਕੋਈ ਮੱਤਭੇਦ ਨਹੀਂ ਰਹੇ। ਮੁੱਖ ਮੰਤਰੀ ਨੇ ਕਿਹਾ ਕਿ ਉਹ ਮੁਕੁਲ ਨਾਲ ਪਾਰਟੀ ਛੱਡ ਕੇ ਭਾਜਪਾ ’ਚ ਸ਼ਾਮਲ ਹੋਣ ਵਾਲੇ ਆਗੂਆਂ ਦੀ ਵਾਪਸੀ ਬਾਰੇ ਵਿਚਾਰ ਕਰਨਗੇ। ਇਥੋਂ ਸੰਕੇਤ ਮਿਲਦਾ ਹੈ ਕਿ ਭਾਜਪਾ ਦੀ ਬੰਗਾਲ ਇਕਾਈ ਦੇ ਕਈ ਆਗੂ ਦਲ-ਬਦਲੀ ਜਾਂ ‘ਘਰ ਵਾਪਸੀ’ ਕਰ ਸਕਦੇ ਹਨ। ਉਂਜ ਮਮਤਾ ਬੈਨਰਜੀ ਨੇ ਸਪੱਸ਼ਟ ਕੀਤਾ ਕਿ ਜਿਹੜੇ ਟੀਐੱਮਸੀ ਆਗੂ ਅਤੇ ਵਰਕਰ ਵਿਧਾਨ ਸਭਾ ਚੋਣਾਂ ਤੋਂ ਐਨ ਪਹਿਲਾਂ ਭਾਜਪਾ ’ਚ ਸ਼ਾਮਲ ਹੋ ਗਏ ਸਨ, ਉਨ੍ਹਾਂ ਨੂੰ ਪਾਰਟੀ ’ਚ ਵਾਪਸ ਨਹੀਂ ਲਿਆ ਜਾਵੇਗਾ।

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਅਕਾਲੀ ਦਲ ਦਾ ਚੋਣ ਮਨੋਰਥ ਪੱਤਰ ਅਕਤੂਬਰ ਦੇ ਅਖ਼ੀਰ ਤੱਕ ਹੋਵੇਗਾ ਤਿਆਰ: ਸੁਖਬੀਰ
Next articleਸ਼ਾਰਜਾਹ ਵਿੱਚ ਫਸੇ 30 ਨੌਜਵਾਨਾਂ ਨੇ ਵੀਡੀਓ ਜਾਰੀ ਕਰ ਕੇ ਦਰਦ ਬਿਆਨ ਕੀਤਾ