ਮੀਰਵਾਇਜ਼ ਦਹਿਸ਼ਤ ਫੰਡਿੰਗ ਕੇਸ ’ਚ ਐਨਆਈਏ ਮੂਹਰੇ ਪੇਸ਼

ਦਹਿਸ਼ਤਗਰਦਾਂ ਨੂੰ ਫੰਡਿੰਗ ਨਾਲ ਸਬੰਧਤ ਕੇਸ ਵਿੱਚ ਕੌਮੀ ਜਾਂਚ ਏਜੰਸੀ (ਐਨਆਈਏ) ਵੱਲੋਂ ਭੇਜੇ ਪਹਿਲੇ ਦੋ ਸੰਮਨਾਂ ਨੂੰ ਨਜ਼ਰਅੰਦਾਜ਼ ਕਰਨ ਮਗਰੋਂ ਵੱਖਵਾਦੀ ਆਗੂ ਤੇ ਹੁਰੀਅਤ ਕਾਨਫਰੰਸ ਦਾ ਚੇਅਰਮੈਨ ਮੀਰਵਾਇਜ਼ ਉਮਰ ਫਾਰੂਕ ਅੱਜ ਏਜੰਸੀ ਕੋਲ ਪੇਸ਼ ਹੋ ਗਿਆ। ਮੀਰਵਾਇਜ਼ ਤੋਂ ਤਕਰੀਬਨ ਅੱਠ ਘੰਟੇ ਪੁੱਛਗਿਛ ਕੀਤੀ ਗਈ ਤੇ ਭਲਕੇ ਉਸ ਨੂੰ ਅਤੇ ਵੱਖਵਾਦੀ ਆਗੂ ਸਈਦ ਅਲੀ ਸ਼ਾਹ ਗਿਲਾਨੀ ਦੇ ਪੁੱਤਰ ਨਸੀਮ ਗਿਲਾਨੀ ਨੂੰ ਪੇਸ਼ ਹੋਣ ਲਈ ਕਿਹਾ ਹੈ। ਮੀਰਵਾਇਜ਼ ਨੂੰ ਇੰਦਰਾ ਗਾਂਧੀ ਹਵਾਈ ਅੱਡੇ ’ਤੇ ਪੁੱਜਣ ਮੌਕੇ ਸੁਰੱਖਿਆ ਦਿੱਤੀ ਗਈ। ਹੁਰੀਅਤ ਆਗੂ ਅਬਦੁਲ ਗਨੀ ਭੱਟ, ਬਿਲਾਲ ਲੋਨ ਤੇ ਮੌਲਾਨਾ ਅੱਬਾਸ ਅਨਸਾਰੀ ਸਮੇਤ ਹੋਰ ਵੱਖਵਾਦੀ ਆਗੂਆਂ ਨਾਲ ਏਜੰਸੀ ਦੇ ਦਫ਼ਤਰ ਪੁੱਜਾ। ਐਨਆਈਏ ਨੇ ਇਸ ਤੋਂ ਪਹਿਲਾਂ ਮੀਰਵਾਇਜ਼ ਨੂੰ 11 ਮਾਰਚ ਤੇ 18 ਮਾਰਚ ਨੂੰ ਕੌਮੀ ਰਾਜਧਾਨੀ ਵਿੱਚ ਪੇਸ਼ ਹੋਣ ਲਈ ਸੰਮਨ ਭੇਜੇ ਸਨ, ਪਰ ਵੱਖਵਾਦੀ ਆਗੂ ਨੇ ਆਪਣੀ ਸੁਰੱਖਿਆ ਸਬੰਧੀ ਡਰ/ਫ਼ਿਕਰਮੰਦੀ ਜ਼ਾਹਰ ਕਰਦਿਆਂ ਦਿੱਲੀ ਆਉਣ ਤੋਂ ਅਸਮਰੱਥਾ ਜਤਾਈ ਸੀ। ਐਨਆਈਏ ਨੇ ਪਿਛਲੇ ਹਫ਼ਤੇ ਜਾਰੀ ਕੀਤੇ ਤੀਜੇ ਸੰਮਨਾਂ ’ਚ ਮੀਰਵਾਇਜ਼ ਨੂੰ ਹਰ ਸੰਭਵ ਸੁਰੱਖਿਆ ਮੁਹੱਈਆ ਕਰਵਾਉਣ ਦਾ ਵਾਅਦਾ ਕੀਤਾ ਸੀ। ਸੂਤਰਾਂ ਮੁਤਾਬਕ ਐਨਆਈਏ ਆਪਣੀ ਜਾਂਚ ਵਿੱਚ ਦਹਿਸ਼ਤਗਰਦਾਂ ਨੂੰ ਫੰਡ ਮੁਹੱਈਆ ਕਰਵਾਉਣ ਵਾਲੀ ਕੜੀ ਨਾਲ ਜੁੜੇ ਵਿਅਕਤੀਆਂ ਦੀ ਸ਼ਨਾਖਤ ਵਿੱਚ ਲੱਗੀ ਹੈ। ਵਾਦੀ ਵਿੱਚ ਸੁਰੱਖਿਆ ਬਲਾਂ ’ਤੇ ਪੱਥਰਬਾਜ਼ੀ ਲਈ, ਸਕੂਲਾਂ ਦੀ ਸਾੜ ਫੂਕ ਤੇ ਸਰਕਾਰੀ ਅਦਾਰਿਆਂ ਵਿੱਚ ਤੋੜ-ਭੰਨ ਲਈ ਦਹਿਸ਼ਤਗਰਦਾਂ ਨੂੰ ਫੰਡ ਮੁਹੱਈਆ ਕਰਵਾਏ ਜਾਂਦੇ ਹਨ। ਐਨਆਈਏ ਵੱਲੋਂ ਦਰਜ ਕੇਸ ਵਿੱਚ ਜਮਾਤ ਉਦ ਦਾਵਾ ਮੁਖੀ ਹਾਫ਼ਿਜ਼ ਸਈਦ ਨੂੰ ਮੁਲਜ਼ਮ ਵਜੋਂ ਨਾਮਜ਼ਦ ਕੀਤਾ ਗਿਆ ਹੈ।

Previous articleਕਾਂਗਰਸ ਨੇ ਪੰਜਾਬ ’ਚ ਬਿਜਲੀ ਸਭ ਤੋਂ ਮਹਿੰਗੀ ਕੀਤੀ: ਮਜੀਠੀਆ
Next articleਪਵਨ ਬਾਂਸਲ ਨੇ ਹਰਮੋਹਨ ਧਵਨ ਦੇ ਝਾੜੂ ਦਾ ਤੀਲਾ-ਤੀਲਾ ਖਿੰਡਾਇਆ