ਚੰਡੀਗੜ੍ਹ (ਸਮਾਜ ਵੀਕਲੀ): ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਅੱਜ ਕਿਹਾ ਕਿ ਕੇਂਦਰ ਦੀ ਉੱਚ ਤਾਕਤੀ ਕਮੇਟੀ ਦੀ ਮੀਟਿੰਗ ਦੀ ਕਾਰਵਾਈ ਸਪੱਸ਼ਟ ਕਰਦੀ ਹੈ ਕਿ ਤਿੰਨੋਂ ਵਿਵਾਦਤ ਖੇਤੀ ਬਿੱਲਾਂ ਨੂੰ ਕਦੇ ਵੀ ਪੰਜਾਬ ਸਰਕਾਰ ਜਾਂ ਕਿਸੇ ਵੀ ਮੰਤਰੀ ਨਾਲ ਕਿਸੇ ਵੀ ਮੀਟਿੰਗ ਵਿੱਚ ਵਿਚਾਰਿਆ ਨਹੀਂ ਗਿਆ। ਕੇਂਦਰ ਸਰਕਾਰ ਨਾਲ ਹੋਈ ਮੀਟਿੰਗ ਦੀ ਕਾਰਵਾਈ ਪਹਿਲਾਂ ਹੀ ਜਨਤਕ ਕੀਤੀ ਜਾ ਚੁੱਕੀ।
ਇਸ ਤੋਂ ਸਾਫ ਹੈ ਕਿ ਖੇਤੀ ਬਿੱਲਾਂ ਨੂੰ ਨਾ ਤਾਂ ਉਭਾਰਿਆ ਗਿਆ ਅਤੇ ਨਾ ਹੀ ਵਿਚਾਰਿਆ ਗਿਆ ਅਤੇ ਨਾ ਹੀ ਉਹ (ਖੇਤੀ ਬਿੱਲ) ਮੀਟਿੰਗ ਦੇ ਏਜੰਡੇ ਵਿਚ ਸ਼ਾਮਲ ਸਨ। ਵਿੱਤ ਮੰਤਰੀ ਨੇ ਦੱਸਿਆ ਕਿ ਉਹ 18 ਸਤੰਬਰ 2020 ਨੂੰ ਮੀਟਿੰਗ ਦੀ ਕਾਰਵਾਈ ਸਬੰਧੀ ਅੱਠ ਪੰਨਿਆਂ ਦੀ ਜਾਣਕਾਰੀ ਪਹਿਲਾਂ ਹੀ ਜਨਤਕ ਕਰ ਚੁੱਕੇ ਹਨ। ਉਨ੍ਹਾਂ ਕਿਹਾ ਕਿ ਕਿਸਾਨੀ ਸੰਘਰਸ਼ ਦੀ ਹਮਾਇਤ ਕਰਨ ਦੀ ਥਾਂ ਆਮ ਆਦਮੀ ਪਾਰਟੀ ਵੀ ਭਾਜਪਾ ਤੇ ਅਕਾਲੀ ਦਲ ਵਾਂਗ ਕਿਸਾਨੀ ਸੰਘਰਸ਼ ਨੂੰ ਢਾਹ ਲਾਉਣ ਅਤੇ ਬਦਨਾਮ ਕਰਨ ਲਈ ਉਸੇ ਲੀਹ ’ਤੇ ਤੁਰ ਪਈ ਹੈ।
ਉਨ੍ਹਾਂ ਕਿਹਾ ਕਿ ਇਹ ਸਪੱਸ਼ਟ ਹੈ ਕਿ ਐੱਨਡੀਏ ਸਰਕਾਰ ਤੇ ‘ਆਪ’ ਮਿਲ ਕੇ ਲੋਕਾਂ ਨੂੰ ਰਾਹ ਤੋਂ ਭਟਕਾਉਣ ਲਈ ਗੁਮਰਾਹਕੁਨ ਬਿਆਨਬਾਜ਼ੀ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ‘ਆਪ’ ਦੀ ਪ੍ਰੈੱਸ ਕਾਨਫਰੰਸ ਬਹੁਤ ਸ਼ੱਕ ਖੜ੍ਹੇ ਕਰਦੀ ਹੈ ਕਿਉਂਕਿ ਇਹ ਅਜਿਹੇ ਸਮੇਂ ਕਰਵਾਈ ਜਾ ਰਹੀ ਹੈ ਜਦੋਂ ਮੁਜ਼ਾਹਰਾ ਕਰ ਰਹੇ ਕਿਸਾਨਾਂ ਨੇ ਟਰੈਕਟਰ ਰੈਲੀ ਦਾ ਐਲਾਨ ਕੀਤਾ ਹੋਇਆ ਹੈ। ‘ਆਪ’ ਤੇ ਅਕਾਲੀ ਦਲ ਇਸ ਗੱਲੋਂ ਭੜਕ ਰਹੇ ਹਨ ਕਿ ਉਹ ਕਿਸਾਨਾਂ ’ਚ ਫੁੱਟ ਪਾਉਣ ਵਿੱਚ ਅਸਫ਼ਲ ਰਹੇ ਤੇ ਇਹ ਦੋਵੇਂ ਪਾਰਟੀਆਂ ਐੱਨਡੀਏ ਸਰਕਾਰ ਦੇ ਬੁਲਾਰਿਆਂ ਵਾਂਗ ਕੰਮ ਕਰ ਰਹੀਆਂ ਹਨ।