ਮਾਲਵਾ ਪੱਟੀ ਵਿਚ ਬੀਤੇ ਕੱਲ੍ਹ ਤੋਂ ਲਗਾਤਾਰ ਪੈ ਰਹੇ ਹਲਕੇ-ਫੁਲਕੇ ਮੀਂਹ ਨੇ ਸੈਂਕੜੇ ਏਕੜ ਰਕਬੇ ਵਿਚ ਤਾਜ਼ਾ ਬੀਜੀ ਹਾੜ੍ਹੀ ਦੀ ਮੁੱਖ ਫਸਲ ਕਣਕ ਨੂੰ ਕਰੰਡ ਕਰ ਦਿੱਤਾ ਹੈ। ਹੁਣ ਇਸ ਕਣਕ ਨੂੰ ਕਿਸਾਨਾਂ ਵੱਲੋਂ ਦੂਜੀ ਦਫਾ ਬੀਜਣਾ ਪੈਣਾ ਹੈ। ਕਿਸਾਨਾਂ ਦਾ ਮੰਨਣਾ ਹੈ ਕਿ ਲਗਾਤਾਰ ਮੀਂਹ ਕਾਰਨ ਕਣਕ ਦਾ ਬੀਜ ਹੁਣ ਮਿੱਟੀ ਦੀ ਚਿੱਪੀ ਨੂੰ ਤੋੜ ਕੇ ਬਾਹਰ ਨਹੀਂ ਨਿਕਲ ਸਕੇਗਾ, ਜਿਸ ਕਾਰਨ ਕਿਸਾਨ ਨੂੰ ਦੂਜੀ ਦਫਾ ਮਜਬੂਰਨ ਕਣਕ ਬੀਜਣੀ ਪਵੇਗੀ। ਉਧਰ ਇਸ ਮੀਂਹ ਨੇ ਦੋ ਦਿਨਾਂ ਤੋਂ ਪਿਛੇਤੇ ਨਰਮੇ ਦੀ ਆਖਰੀ ਚੁਗਾਈ ਅਤੇ ਮੰਡੀਆਂ ਵਿੱਚ ਤੁਲਾਈ ਦਾ ਕੰਮ ਵਿਗਾੜਿਆ ਹੋਇਆ ਹੈ ਅਤੇ ਮੰਡੀਆਂ ‘ਚ ਲਿਫਟਿੰਗ ਹੋਣ ਵੰਨੀਓ ਝੋਨੇ ਦੇ ਅੰਬਾਰ ਲੱਗੇ ਪਏ ਹਨ। ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਦੇ ਆਗੂ ਦਰਸ਼ਨ ਸਿੰਘ ਗੁਰਨੇ ਨੇ ਦੱਸਿਆ ਕਿ ਇਸ ਬੇਵਕਤੀ ਬਰਸਾਤ ਨੇ ਤਾਜ਼ਾ ਬੀਜੀ ਕਣਕ ਨੂੰ ਕਰੰਡ ਹੀ ਨਹੀਂ ਕੀਤਾ, ਸਗੋਂ ਬੀਜਣ ਲਈ ਤਿਆਰ ਕੀਤੇ ਖੇਤਾਂ ਦੀ ਬੱਤਰ ਵੀ ਖਤਮ ਕਰ ਧਰੀ ਹੈ, ਜਿਸ ਨਾਲ ਬਿਜਾਈ ਦਾ ਕਾਰਜ ਲੇਟ ਪੈ ਗਿਆ ਹੈ। ਉਨ੍ਹਾਂ ਕਿਹਾ ਕਿ ਇਕ ਹਫਤਾ ਲੇਟ ਕਣਕ ਬੀਜਣ ਨਾਲ ਢਾਈ ਤੋਂ ਪੰਜ ਮਣ ਪ੍ਰਤੀ ਏਕੜ ਝਾੜ ਦਾ ਅਸਰ ਪੈ ਜਾਵੇਗਾ। ਇਸੇ ਦੌਰਾਨ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਬਠਿੰਡਾ ਸਥਿਤ ਖੇਤਰੀ ਖੋਜ ਕੇਂਦਰ ਦੇ ਵਿਗਿਆਨੀ ਡਾ. ਗੁਰਜਿੰਦਰ ਸਿੰਘ ਰੋਮਾਣਾ ਨੇ ਦੱਸਿਆ ਕਿ ਇਸ ਮੀਂਹ ਨੇ ਕਿਸਾਨਾਂ ਦੀਆਂ ਪ੍ਰੇਸ਼ਾਨੀਆਂ ਵਧਾਈਆਂ ਹਨ। ਉਨ੍ਹਾਂ ਕਿਹਾ ਕਿ ਨਾ ਹੀ ਹੁਣ ਕਣਕ ਨੂੰ ਪਾਣੀ ਦੀ ਲੋੜ ਸੀ, ਨਾ ਹੀ ਸ਼ਬਜੀਆਂ ਨੂੰ, ਪਰ ਜੇਕਰ ਇਹੋ ਮੀਂਹ 20 ਦਿਨੋਂ ਮਗਰੋਂ ਪੈਂਦਾ ਤਾਂ ਕਣਕ ਨੂੰ ਘਿਓ ਵਾਂਗ ਲੱਗਣਾ ਸੀ।