ਮਿੱਤਰਾਂ ਦੀ ਨੂਣ ਦੀ ਡਲੀ !

ਬੁੱਧ ਸਿੰਘ ਨੀਲੋਂ

*ਭਾਗ ੨*
—————-
(ਸਮਾਜ ਵੀਕਲੀ)-  ਕੂੜ ਫਿਰੇ ਪਰਧਾਨ ਵੇ ਲਾਲੋ..ਬਾਬਰ ਨੂੰ ਜਾਬਰ ਆਖਣ ਵਾਲਾ ਕੋਈ ਨਾਨਕ ਨਹੀਂ ਰਿਹਾ ..ਭਾਵੇਂ ” ਕੁਰਸੀ ਤੇ ਪਹਿਰਾ” ਦੇਣ ਵਾਲਿਆਂ ਲਿਖਾਰੀਆਂ ਦੀ “ਭੀੜ ” ਦਿਨੋ ਦਿਨ ਵੱਡੀ ਹੋ ਰਹੀ ਹੈ…!
ਗੱਲ ਤੇ ਮਿੱਤਰਾਂ ਦੇ ਰਿਣ ਦੀ ਸੀ।ਜਿਹੜਾ ਰੂੜ੍ਹੀ ਵਾਂਗ ਵਧਣ ਦੀ ਵਜਾਏ, ਘੱਟ ਰਿਹਾ।ਕੋਈ ਮਿੱਤਰ ਨਹੀਂ ਰਿਹਾ। ਸਭ ਪੈਸੇ ਦੇ ਪੀਰ ਤੇ ਭਾਵੇਂ ਮਿੱਤਰ ਨੇ ਤੇ ਸਕੇੇ ਵੀਰ ਨੇ। ਹੁਣ ” ਪੱਗ-ਵੱਟ ਭਰਾ ਨਹੀਂ, ਪੈਗ-ਵਟਾ ਯਾਰ” ਨੇ। ਹੁਣ ਯਾਰੀ ਤੂਤ ਦਾ ਮੋਛਾ ਨਹੀਂ ।ਤੂਤ ਦੀ ਲਗਰ ਹੈ।ਜਿਹੜੀ ਵਕਤ ਪਵੇ ਉਤੇ ਲੰਗਾਰ ਲਾਉਦੀ ਹੈ ।
ਹੁਣ ਡੋਲੇ ਨਹੀਂ ਫਰਕਦੇ।ਸਗੋ ਕੰਧਾਂ ਕੰਬਦੀਆਂ ਹਨ । ਜਦ ਅੱਖਾਂ ਬਦਲ ਦੀਆਂ ਹਨ ਹੁਣ ਅੱਖਾਂ ਮਿਲਾਉਣ ਵਾਲੇ ਨਹੀਂ ਸਗੋ ਅੱਖਾਂ ਦਿਖਾਉਣ ਵਾਲਿਆਂ ਦਾ ਬੋਲਬਾਲਾ ਹੈ। ਪਤਾ ਕੌਣ ਜੀਜਾ ਤੇ ਕੌਣ ਸਾਲਾ ਹੈ ? ਲਾਲਸਾ ਨੇ ਲੋਕਾਈ ਦੀਆਂ ਅੱਖਾਂ ਦੀ ਨਹੀਂ, ਅਕਲ ਵੀ ਮਾਰ ਦਿੱਤੀ ਹੈ।
.ਹੁਣ ਪੁਤਰਾਂ ਨੂੰ ਮਾਪਿਆਂ ਦਾ ਖਿਆਲ ਨਹੀਂ ..ਪਰ ਅੰਨ੍ਹੀ ਮਾਂ ਨੂੰ ਮਮਤਾ ਮਾਰਦੀ ਹੈ। ਉਹਦੇ ਪੁੱਤ ਦਾ ਬਾਪ ਕੌਣ ਐ ? ਮਾਂ ਜਾਣਦੀ ਹੈ । ਬੱਚਾ ਜੰਮਣ ਉਤੇ ਪਾਰਖੂ ਅੱਖਾਂ ਦੇ ਨਕਸ਼ ਪਛਾਣ ਲੈਂਦੇ ਹਨ ਕਿ ਨਾਨਕਿਆਂ ਦਾ ਜਾਂ ਫਿਰ ਇਹ ਦਾਦਕਿਆਂ ਦਾ ਮੁੜੰਗਾ !
ਹੁਣ ਜੇ ਕੋਈ ਮਿੱਤਰ ਦਾ ਰਿਣ ਨਹੀਂ ਮੋੜਦਾ ਤਾਂ ਮਿੱਤਰਤਾ ਟੁੱਟ ਜਾਵੇਗੀ ਤੇ ਜੇ ਨਹੀਂ ਤੇ ਫਿਰ ਮਨ ‘ਤੇ ਫੁੱਲ ਜਿੰਨਾਂ ਭਾਰ ਰਹੇਗਾ ਤੇ ਬੰਦਾ ਬੀਮਾਰ ਰਹੇਗਾ ।
“ਮਰਦੀ ਨੇ ਅੱਕ ਚੱਬਿਆ,
ਨੀ ਮੈਂ ਹਾਰ ਕੇ ਜੇਠ ਨਾਲ ਲਾਈਆਂ।”
ਹੁਣ ਕਿਸ ਨੇ ਕਿਸਦੇ ਨਾਲ਼ ਲਾਈਆਂ ਹਨ ! ਕਿਧਰੇ ਸਾਈਆਂ ਨੇ ਤੇ ਕਿਧਰੇ ਵਧਾਈਆਂ ਨੇ?” ਰੱਬ ਹੀ ਜਾਣੈ!
.ਅੰਨ੍ਹੀ ਪੀਵੇ ਤੇ ਕੁੱਤੇ ਚੱਟੇ।ਚਾਰੇ ਪਾਸੇ ਘੋੜੇ ਵਾਲਾ ਫਿਰ ਗਿਆ ਤੇ ਕਸਮਾਂ ਖਾ ਕੇ ਗੁਟਕੇ ਨੂੰ ਹੱਥ ਲਾ ਕੇ ਮੁਕਰ ਗਏ ਹਨ।
ਜਿਵੇਂ ਹੁਣ ਹਾਕਮਾਂ ਦੀ ਝੂਠੀ ਹੋਗੀ ਸਹੁੰ ਦਾ ਨੀ ਲੋਕ ਕੁੱਝ ਕਰ ਸਕੇ? ਕੀ ਹੋ ਗਿਆ ਹੈ ਲੋਕਮਤ ਨੂੰ ? ਕਿਥੇ ਗਏ ਭਾਜੀਆਂ ਮੋੜਨ ਵਾਲੇ….?
ਕਦੇ ਜੋੜ ਮੰਜੀਆਂ ਨਾ ਡਾਹੀਆਂ
ਜਦੋਂ ਦੀ ਜੰਗੀਰੋ ਜੰਮ ਪਈ !”
ਕੁੜੀ ਮਾਰ ਭਰਧਾਨ ਤੇ ਅਰੂਸਾ ਹੈਰਾਨ ?
ਪੰਥ ਪਰੇਸ਼ਾਨ !
ਪਰ ਕੌਣ ਸਾਹਿਬ ਨੂੰ ਆਖੇ
ਕਿ ਇੰਝ ਨਹੀਂ ਇੰਝ ਕਰ! ਕੋਈ ਬੋਲਦਾ ਹੈ ਕਿ ਭਾਈ ਸਾਹਿਬ ਜੰਜੀਰੋ ਤਾਂ ਹੁਣ ਆਪ ਜ਼ਮਾਨਤ ਤੇ ਹੈ। ਲੋਕ ਵੀ ਬਹੁਤ ਕੱਬੇ ਹਨ ਕਿ ਗੱਲ ਭੂੰਜੇ ਨੀ ਪੈਣ ਦੇਦੇ।

ਸੱਦੀ ਹੋਈ ਮਿੱਤਰਾਂ ਦੀ ਪੈਰੀ ਜੁੱਤੀ ਨਾ ਪਾਵਾਂ । ਵਰਗੇ ਮਿੱਤਰ ਨਹੀਂ ਰਹੇ।
ਹੁਣ ਤੇ ਸੁਣ ਮਿੱਤਰਾ ਪੈਰ ਦਿਆ
ਛਿੱਤਰਾ ਘਸ ਟੁੱਟ ਜਾਏਗਾ।
ਹੁਣ ਬੱਗੀ ਤਿੱਤਰੀ ਕਮਾਂਦ ਵਿੱਚੋਂ ਨਹੀਂ ਹੋਟਲਾਂ / ਮੋਟਲਾਂ ਵਿੱਚੋਂ ਨਿਕਲਦੀ ਹੈ।ਹੁਣ ਬਾਜ਼ ਅਚਿੰਤੇ ਨੀ ਪੈਂਦਾ ਸਗੋਂ ਤਿਤਰੀ ਬਾਜ਼ਾਂ ਕੋਲ ਆਪ ਜਾਂਦੀ ਐ। ਚਿੜੀਆਂ, ਗੁਟਾਰਾਂ, ਕਬੂਤਰੀਆਂ ਤੇ ਬਿੱਲੀਆਂ ਘਰਾਂ ਵਿੱਚ ਭੁਜਦੀ ਭੁੱਖ ਨੂੰ ਝੁਲਕਾ ਦੇਣ ਲਈ ਦੇਹ ਵੇਚਣ ਜਾਂਦੀਆਂ ਹਨ।
ਹੁਣ ਅਣਖ ਕਤਲ ਨੀ ਕਰਦੀ, ਸਗੋਂ ਚੁਲੇ ਉਤੇ ਤੜਕਾ ਲਗਾਉਦੀ ਹੈ। ਨੰਗ ਭੁੱਖ ਲਲਕਾਰੇ ਮਾਰਦੀ ਹੈ। ਹੁਣ ਪਹਿਲਾ ਮੁੰਡਾ ਮਿੱਤਰਾਂ ਦਾ ਨੀ ਲਾਵਾਂ ਵਾਲੇ ਦਾ ਉਜ਼ਰ ਨਾ ਕੋਈ ।ਰਸ ਪੀ ਗਏ ਪਿੰਡ ਦੇ ਮੁੰਡੇ ਲਈ ਜਾਨੇ ਤੂੰ ਕੜਬ ਦੇ ਟਾਂਡੇ।
ਹੁਣ ਤੇ ਨਾ ਮੱਕੀ ਹੈ ਤੇ ਨਾ ਹੀ ਕੱਢ ਕੇ ਕਾਲਜਾ ਲੈ ਕੇ ਜਾਣ ਵਾਲੇ / ਵਾਲੀਆਂ ਹਨ।
ਹੁਣ ਤੇ ਭਾਊ ਕੋਈ ਪਰਲੋ ਈ ਆਊ ।ਲੋਕਾਂ ਦਾ ਮੱਚ ਮਰ ਗਿਆ ਹੈ। ਹੁਣ ਉਹ ਆਪ ਹੀ ਆਪਣੀ ਅੱਗ ਦੇ ਭਾਂਬੜ ਬਾਲ ਕੇ ਬੈਠੇ । ਇਸੇ ਕਰਕੇ ਹੁਣ ਗਲੀਆਂ ਦੇ ਵਿੱਚ ਛਿੱਕੜ ਵੱਧ ਰਿਹਾ।ਹੁਣ ਤੇ ਮਿੱਤਰਾਂ ਦੇ ਫੁਲਕੇ ਨੂੰ ਨੀ ਮੈਂ ਖੰਡ ਦਾ ਨੀ ਪਲੇਥਣ ਕਹਿਣ ਵਾਲੀਆਂ ਨਹੀਂ ਸਗੋਂ ਚਿੱਟੇ ਦਾ ਪਲੇਥਣ ਲਾਵਾਂ ਦਾ ਬੋਲਬਾਲਾ ਹੈ।
ਹੁਣ ਆਪਾਂ ਕੀ ਲੈਣਾ ਲਾਵਾਂ ਵਾਲੇ ਤੋਂ ?
ਫੱਤੋ ਦੇ ਯਾਰ ਵਥੇਰੇ। ਮਿੱਤਰਾਂ ਦਾ ਰਿਣ
ਸਿਰ ਮੱਥੇ ..!
ਹੁਣ ਦਿਮਾਗ਼ੋ ਪੈਦਲ ਤੁਰਨ ਵਾਲਿਆਂ ਦੀ ਹੜ੍ਹ ਆ ਰਿਹਾ ਹੈ। ਹੁਣ ਬੰਦਾ ਕੀ ਹੁੰਦਾ ਹੈ? ਬੰਦਾ ਆਪਣੇ ਆਪ ਤੋਂ ਪੁੱਛਦਾ ਹੈ। ਪਰ ਉਸਨੂੰ ਪਤਾ ਨਹੀਂ ਕਿ ਧਰਤੀ ਗੋਲ ਹੈ। ਪਰ ਧਰਤੀ ਉਤੇ ਢਾਈ ਹੱਥ ਥਾਂ ਵੀ ਨਹੀਂ ।
ਗੱਲਾਂ ਤੇ ਧੰਦੇ ਨੇ ਮੁੱਕਦੇ ਬੰਦੇ ਮੁਕ ਜਾਂਦੇ ਹਨ। ਪਰ ਮਰ ਕੇ ਜਿਉਂਦੇ ਉਹ ਹਨ ਜੋ ਆਪਣੇ ਖੋਲ ਦੇ ਵਿੱਚੋ ਨਿਕਲਕੇ ਲੋਕਾਂ ਦੇ ਨਾਲ ਤੁਰਦੇ ਹਨ ਤੇ ਹੋਰਨਾਂ ਨੂੰ ਜੋੜਦੇ ਹਨ। ਮਣਕੇ ਧਾਗੇ ਵਿੱਚ ਪਰੋਇਆ ਹੀ ਮਾਲਾ ਬਣਦੇ ਹਨ। ਜਾਤੀਆਂ ਜੁੜ ਕੇ ਜਮਾਤ ਬਣਦੀਆਂ ਹਨ ਪਰ ਕੌਣ ਨਿਕਲੇਗਾ ਜਾਤ, ਧਰਮ ਤੇ ਧੜੇ ਵਿੱਚੋ ਬਾਹਰ ?

ਬੁੱਧ ਸਿੰਘ ਨੀਲੋੰ
9464370823

Previous articleBSP to focus on loyalty factor in candidate selection
Next article“ਪ੍ਰਿੰਸੀਪਲ ‘ਆਹੂਜਾ’ ਵੱਲੋਂ ਵੋਕੇਸ਼ਨਲ ਲੈਕਚਰਾਰ ਸੌਰਭ ਥਾਪਰ ਦੀ ਕਿਤਾਬ ਰਿਲੀਜ਼”