ਮਿੱਟੀ ਨਾਲ ਭਰਿਆ ਟਰਾਲਾ ਦੋ ਕਾਰਾਂ ’ਤੇ ਪਲਟਿਆ, ਤਿੰਨ ਮੌਤਾਂ

ਬੰਗਾ (ਸਮਾਜ ਵੀਕਲੀ):  ਫਗਵਾੜਾ-ਮੁਹਾਲੀ ਮੁੱਖ ਮਾਰਗ ’ਤੇ ਕਸਬਾ ਬਹਿਰਾਮ ਵਿੱਚ ਮਿੱਟੀ ਨਾਲ ਭਰਿਆ ਇੱਕ ਟਰਾਲਾ ਸੜਕ ’ਤੇ ਜਾਂਦੀਆਂ ਦੋ ਕਾਰਾਂ ’ਤੇ ਪਲਟ ਗਿਆ। ਇਸ ਘਟਨਾ ਵਿੱਚ ਤਿੰਨ ਜਣਿਆਂ ਦੀ ਮੌਤ ਹੋ ਗਈ, ਜਦਕਿ ਦੂਜੀ ਕਾਰ ’ਚ ਸਵਾਰ ਤਿੰਨ ਜਣੇ ਜ਼ਖ਼ਮੀ ਹੋ ਗਏ ਹਨ। ਇਸ ਹਾਦਸੇ ਵਿੱਚ ਮਰਨ ਵਾਲਿਆਂ ਦੀ ਪਛਾਣ ਗੁਰਇਕਬਾਲ ਸਿੰਘ ਪੁੱਤਰ ਅਮਰੀਕ ਸਿੰਘ, ਉਸ ਦੀ ਪਤਨੀ ਰਮਨਦੀਪ ਕੌਰ ਤੇ ਪੁੱਤਰ ਜਸਮੀਤ ਸਿੰਘ ਵਾਸੀ ਪਿੰਡ ਚੀਮਾ ਖੁੰਡੀ ਤਹਿਸੀਲ ਬਟਾਲਾ ਜ਼ਿਲ੍ਹਾ ਗੁਰਦਾਸਪੁਰ ਵਜੋਂ ਹੋਈ ਹੈ।

ਮੌਕੇ ’ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਸੰਤੁਲਨ ਵਿਗੜਨ ਕਾਰਨ ਮਿੱਟੀ ਦਾ ਭਰਿਆ ਇਹ ਟਰਾਲਾ ਪਲਟ ਗਿਆ, ਜਿਸ ਕਾਰਨ ਨਾਲ ਜਾ ਰਹੀਆਂ ਦੋ ਕਾਰਾਂ ਇਸ ਦੇ ਹੇਠਾਂ ਦੱਬ ਗਈਆਂ। ਪਹਿਲੀ ਕਾਰ ’ਤੇ ਭਾਰ ਵੱਧ ਪੈ ਜਾਣ ਕਾਰਨ ਇਸ ’ਚ ਸਵਾਰ ਤਿੰਨ ਜਣਿਆਂ ਦੀ ਥਾਂ ’ਤੇ ਹੀ ਮੌਤ ਹੋ ਗਈ। ਦੂਜੀ ਕਾਰ ਮਨਜਿੰਦਰ ਸਿੰਘ ਵਾਸੀ ਪੱਦੀ ਮੱਠ ਵਾਲੀ ਚਲਾ ਰਿਹਾ ਸੀ। ਉਸ ਨਾਲ ਉਸ ਦੀ ਮਾਮੀ ਸੁਖਵਿੰਦਰ ਕੌਰ ਤੇ ਮਾਮੀ ਦਾ ਮੁੰਡਾ ਪਰਮਜੀਤ ਸਿੰਘ ਸਵਾਰ ਸਨ। ਇਹ ਤਿੰਨੇ ਜ਼ਖ਼ਮੀ ਹੋ ਗਏ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਇਸ ਹਾਦਸੇ ਮਗਰੋਂ ਟਰਾਲਾ ਚਾਲਕ ਮੌਕੇ ਤੋਂ ਫਰਾਰ ਹੋ ਗਿਆ ਹੈ। ਘਟਨਾ ਦੀ ਸੂਚਨਾ ਮਿਲਦਿਆਂ ਥਾਣਾ ਬਹਿਰਾਮ ਦੇ ਮੁਖੀ ਗੁਰਦਿਆਲ ਸਿੰਘ ਨੇ ਪੁਲੀਸ ਪਾਰਟੀ ਨਾਲ ਮੌਕੇ ’ਤੇ ਪੁੱਜ ਕੇ ਜਾਂਚ ਆਰੰਭ ਦਿੱਤੀ ਹੈ।

Previous articleਮੂਸੇਵਾਲਾ ਕਤਲ ਕੇਸ: ਸੰਦੀਪ ਕੇਕੜਾ ਦਾ ਭਰਾ ਬਿੱਟੂ ਗ੍ਰਿਫ਼ਤਾਰ
Next articleਤੂੰ ਹੀ ਦੱਸ ਸੱਜਣਾ