ਨਵੀਂ ਦਿੱਲੀ (ਸਮਾਜ ਵੀਕਲੀ): ਯੂਪੀ ਪੁਲੀਸ ਦੀ ਵਿਸ਼ੇਸ਼ ਜਾਂਚ ਟੀਮ ਵੱਲੋਂ ਲਖੀਮਪੁਰ ਖੀਰੀ ਹਿੰਸਾ ਨੂੰ ‘ਗਿਣੀ ਮਿੱਥੀ ਸਾਜ਼ਿਸ਼’ ਕਰਾਰ ਦੇਣ ਤੋਂ ਇਕ ਦਿਨ ਬਾਅਦ ਅੱਜ ਕਾਂਗਰਸ ਨੇ ਸਰਕਾਰ ’ਤੇ ਤਿੱਖਾ ਹੱਲਾ ਬੋਲਦਿਆਂ ਕੇਂਦਰੀ ਮੰਤਰੀ ਅਜੈ ਮਿਸ਼ਰਾ ਦਾ ਅਸਤੀਫ਼ਾ ਮੰਗਿਆ। ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਕਿ ਲਖੀਮਪੁਰ ਹਿੰਸਾ ਦੇ ਪੀੜਤਾਂ ਨੂੰ ਇਨਸਾਫ਼ ਦੇਣ ਲਈ ਸਰਕਾਰ ਨੂੰ ਮੰਤਰੀ ਨੂੰ ਅਹੁਦੇ ਤੋਂ ਹਟਾਉਣਾ ਚਾਹੀਦਾ ਹੈ। ਰਾਹੁਲ ਨੇ ਮੀਡੀਆ ਦੇ ਸਵਾਲ ਦਾ ਜਵਾਬ ਦਿੰਦਿਆਂ ਕਿਹਾ, ‘ਉਨ੍ਹਾਂ ਨੂੰ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ।’ ਰਾਹੁਲ ਨੇ ਨਾਲ ਹੀ ਕਿਹਾ ਕਿ ਵਿਰੋਧੀ ਧਿਰ ਲਖੀਮਪੁਰ ਖੀਰੀ ਹਿੰਸਾ ’ਤੇ ਸੰਸਦ ਵਿਚ ਵਿਚਾਰ-ਚਰਚਾ ਯਕੀਨੀ ਬਣਾਉਣ ਲਈ ਯਤਨ ਕਰ ਰਹੀ ਹੈ ਪਰ ਸਰਕਾਰ ਮਨਜ਼ੂਰ ਨਹੀਂ ਕਰ ਰਹੀ।
ਕਾਂਗਰਸ ਆਗੂ ਨੇ ਕਿਹਾ, ‘ਅਸੀਂ ਕੋਸ਼ਿਸ਼ ਕਰ ਰਹੇ ਹਾਂ। ਉਹ (ਸਰਕਾਰ) ਸਾਨੂੰ ਬੋਲਣ ਹੀ ਨਹੀਂ ਦੇ ਰਹੇ, ਇਸੇ ਲਈ ਸਦਨ ਦੀ ਕਾਰਵਾਈ ਵਿਚ ਅੜਿੱਕਾ ਪੈਂਦਾ ਹੈ।’ ਰਾਹੁਲ ਨੇ ਕਿਹਾ ਕਿ ਇਸ ਕੇਸ ਵਿਚ ‘ਮੰਤਰੀ ਦੀ ਸ਼ਮੂਲੀਅਤ ਹੈ ਤੇ ਅਸੀਂ ਮੁੱਦੇ ਉਤੇ ਚਰਚਾ ਕਰਾਉਣ ਲਈ ਕਿਹਾ ਸੀ, ਪਰ ਉਹ ਸਾਨੂੰ ਇਜਾਜ਼ਤ ਹੀ ਨਹੀਂ ਦੇ ਰਹੇ।’ ਇਸ ਤੋਂ ਪਹਿਲਾਂ ਵੀ ਰਾਹੁਲ ਗਾਂਧੀ ਨੇ ਲੋਕ ਸਭਾ ਵਿਚ ਲਖੀਮਪੁਰ ਮਾਮਲੇ ’ਤੇ ਤੁਰੰਤ ਵਿਚਾਰ-ਚਰਚਾ ਕਰਾਉਣ ਦੀ ਮੰਗ ਕੀਤੀ ਸੀ। ਰਾਹੁਲ ਨੇ ਕਿਹਾ ਕਿ ਉਨ੍ਹਾਂ ਨੋਟਿਸ ਦੇ ਕੇ ਸਦਨ ਦੀ ਕਾਰਵਾਈ ਨੂੰ ਇਸ ਅਹਿਮ ਮੁੱਦੇ ਉਤੇ ਚਰਚਾ ਲਈ ਮੁਲਤਵੀ ਕਰਨ ਵਾਸਤੇ ਕਿਹਾ ਸੀ। ਕਾਂਗਰਸ ਆਗੂ ਨੇ ਕਿਹਾ ਕਿ ਯੂਪੀ ਪੁਲੀਸ ਦੀ ‘ਸਿਟ’ ਨੇ ਲਖੀਮਪੁਰ ਹਿੰਸਾ ਨੂੰ ਗਿਣੀ-ਮਿੱਥੀ ਸਾਜ਼ਿਸ਼ ਕਰਾਰ ਦਿੱਤਾ ਹੈ। ਸਿਟ ਨੇ ਧਾਰਾਵਾਂ ਵਿਚ ਫੇਰਬਦਲ ਦੀ ਸਿਫਾਰਿਸ਼ ਵੀ ਕੀਤੀ ਹੈ। ਸਰਕਾਰ ਨੂੰ ਤੁਰੰਤ ਅਜੈ ਕੁਮਾਰ ਮਿਸ਼ਰਾ ਨੂੰ ਅਹੁਦੇ ਤੋਂ ਲਾਹ ਦੇਣਾ ਚਾਹੀਦਾ ਹੈ। ਕਾਂਗਰਸ ਮੈਂਬਰਾਂ ਨੇ ਸੰਸਦ ਦੇ ਦੋਵਾਂ ਸਦਨਾਂ ਵਿਚ ਅੱਜ ਲਖੀਮਪੁਰ ਮਾਮਲੇ ’ਤੇ ਚਰਚਾ ਦੀ ਮੰਗ ਕੀਤੀ ਤੇ ਕਾਫ਼ੀ ਰੌਲਾ-ਰੱਪਾ ਪਿਆ। ਇਸ ਕਾਰਨ ਸਦਨ ਦੀ ਕਾਰਵਾਈ ਨੂੰ ਮੁਲਤਵੀ ਕਰਨਾ ਪਿਆ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly