ਪੰਜਾਬ ਸਰਕਾਰ ਅਧਿਆਪਕਾਂ ਦੀਆਂ ਦਿਵਾਲੀ ਤੋਂ ਪਹਿਲਾਂ ਡੀਏ, ਪੇਂਡੂ ਭੱਤੇ ਬਹਾਲੀ ਅਤੇ ਹੋਰ ਮੰਗਾਂ ਪੂਰੀਆਂ ਕਰੇ – ਕੋਹਲੀ
ਕਪੂਰਥਲਾ (ਸਮਾਜ ਵੀਕਲੀ) (ਕੌੜਾ ) – ਮਾਸਟਰ ਕੇਡਰ ਯੂਨੀਅਨ ਦੀ ਵਿਸ਼ੇਸ਼ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਯੁਨੀਅਨ ਦੇ ਪ੍ਰਧਾਨ ਮਾਸਟਰ ਨਰੇਸ਼ ਕੋਹਲੀ ਨੇ ਪੰਜਾਬ ਸਰਕਾਰ ਪਾਸੋਂ ਮੰਗ ਕੀਤੀ ਕਿ ਅਧਿਆਪਕਾਂ ਨੂੰ ਕੇਂਦਰ ਦੀ ਤਰਜ ਤੇ ਡੀਏ ਦੇਣ ਦੇ ਨਾਲ ਨਾਲ ਪੇਂਡੂ ਭੱਤੇ ਦੀ ਬਹਾਲੀ ਆਦਿ ਮੰਗਾਂ ਨੂੰ ਦਿਵਾਲੀ ਤੋਂ ਪਹਿਲਾਂ ਪੂਰਾ ਕਰੇ। ਉਹਨਾਂ ਕਿਹਾ ਕਿ ਪਿਛਲੀ ਕਾਂਗਰਸ ਸਰਕਾਰ ਵੇਲੇ ਕਰਮਚਾਰੀਆਂ ਨੂੰ ਇਕ ਸਾਜਿਸ਼ ਤਹਿਤ ਲੰਗੜਾ ਪੇ ਕਮਿਸ਼ਨ ਦੇਣ ਅਤੇ ਪੇਂਡੂ ਭੱਤੇ ਨੂੰ ਰੱਦ ਕਰਕੇ ਅਧਿਆਪਕਾਂ ਦੇ ਹੱਕਾਂ ਦਾ ਸ਼ੋਸ਼ਣ ਕੀਤਾ ਗਿਆ ਸੀ। ਇਸੇ ਕਾਰਨ ਕਰਮਚਾਰੀਆਂ ਨੇ ਰੋਸ਼ ਵਜੋਂ ਕਾਂਗਰਸ ਸਰਕਾਰ ਨੂੰ ਸੱਤਾ ਤੋਂ ਬਾਹਰ ਦਾ ਰਸਤਾ ਵਿਖਾਉਣ ਲਈ ਇਕਜੁੱਟਤਾ ਦਾ ਪ੍ਰਦਰਸ਼ਨ ਕਰਦੇ ਹੋਏ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਹੈ।
ਉਹਨਾਂ ਕਿਹਾ ਕਿ ਕਾਂਗਰਸ ਸਰਕਾਰ ਵੇਲੇ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਅਧਿਆਪਕਾਂ ਦੇ ਹੱਕ ਵਿੱਚ ਖੜਾ ਹੋ ਕੇ ਕਾਂਗਰਸ ਸਰਕਾਰ ਦੀਆਂ ਕਰਮਚਾਰੀ ਵਿਰੋਧੀ ਨੀਤੀਆਂ ਦਾ ਡੱਟ ਕੇ ਵਿਰੋਧ ਕੀਤਾ ਸੀ। ਨਰੇਸ਼ ਕੋਹਲੀ ਨੇ ਕਿਹਾ ਕਿ ਹੁਣ ਸੱਤਾ ਦੀ ਵਾਗਡੋਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਹੱਥਾਂ ਵਿੱਚ ਹੈ। ਇਸ ਲਈ ਸਮੁੱਚੇ ਕਰਮਚਾਰੀ ਵਰਗ ਇਸ ਗੱਲ ਨੂੰ ਆਸ਼ਾਵਾਦੀ ਢੰਗ ਨਾਲ ਵੇਖ ਰਿਹਾ ਹੈ ਕਿ ਉਹ ਅਧਿਆਪਕਾਂ ਅਤੇ ਹੋਰ ਕਰਮਚਾਰੀ ਵਰਗ ਲਈ ਪਿਛਲੇ ਸਮੇਂ ਸਰਕਾਰ ਵਲੋਂ ਬਣਾਈਆਂ ਗਈਆਂ ਸਾਰੀਆਂ ਗਲਤ ਨੀਤੀਆਂ ਨੂੰ ਮੂਲੋ ਰੱਦ ਕਰਕੇ ਭੱਤਿਆਂ ਨੂੰ ਬਹਾਲ ਕਰਨਗੇ ਅਤੇ ਡਿਵੈਲਪਮੈਂਟ ਟੈਕਸ ਦੇ ਨਾਂ ਤੇ ਤਨਖਾਹ ਵਿੱਚ ਕੀਤੀ ਜਾ ਰਹੀ ਕਟੌਤੀ ਨੂੰ ਬੰਦ ਕਰ ਦੇਣਗੇ।
ਮਾਸਟਰ ਨਰੇਸ਼ ਕੋਹਲੀ ਨੇ ਦੱਸਿਆ ਕਿ ਪੇਂਡੂ ਖੇਤਰਾਂ ਦੇ ਸਰਕਾਰੀ ਸਕੂਲਾਂ ਅੰਦਰ ਸਿੱਖਿਆ ਦਾ ਮਿਆਰ ਉੱਚਾ ਚੁੱਕਣ ਅਤੇ ਵਿਦਿਆਰਥੀਆਂ ਦੀ ਗਿਣਤੀ ਵਿੱਚ ਵਾਧਾ ਕਰਨ ਵਾਸਤੇ ਅਧਿਆਪਕ ਸਾਥੀਆਂ ਵਲੋਂ ਸਖਤ ਮਿਹਨਤ ਕੀਤੀ ਗਈ ਹੈ। ਉਹਨਾਂ ਦੱਸਿਆ ਕਿ ਦੂਰਦੁਰਾਡੇ ਪਿੰਡਾਂ ਦੇ ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਸਕੂਲ ਲਿਆਉਣ ਵਾਸਤੇ ਬਹੁਤ ਸਾਰੀਆਂ ਚੁਣੌਤੀਆਂ ਹਨ ਜਿਨ੍ਹਾਂ ਵਿਚ ਇੱਕ ਹੈ ਟਰਾਂਸਪੋਰਟ ਦਾ ਨਾ ਹੋਣਾ ਅਜਿਹੇ ਵਿੱਚ ਸਾਡੇ ਅਧਿਆਪਕ ਸਾਥੀ ਅਪਣੇ ਨਿੱਜੀ ਵਾਹਨਾਂ ਰਾਹੀਂ ਕਈ ਕਈ ਪਿੰਡਾਂ ਤੋਂ ਵਿਦਿਆਰਥੀਆਂ ਨੂੰ ਸਕੂਲ ਲਿਆਉਣ ਅਤੇ ਛੁੱਟੀ ਤੋਂ ਬਾਅਦ ਬਾਪਸ ਉਹਨਾਂ ਦੇ ਘਰਾਂ ਵਿੱਚ ਪਹੁੰਚਾਉਣ ਵਾਸਤੇ ਸਖਤ ਮੇਹਨਤ ਅਤੇ ਸੰਘਰਸ਼ ਕਰ ਰਹੇ ਹਨ। ਅਜਿਹੇ ਵਿੱਚ ਪੇਂਡੂ ਭੱਤੇ ਦੇ ਰੂਪ ਵਿੱਚ ਮਿਲ ਰਹੀ ਰਕਮ ਕਿਤੇ ਨਾ ਕਿਤੇ ਵਿਦਿਆਰਥੀਆਂ ਨੂੰ ਖਾਸਕੇ ਝੁੱਗੀਆਂ ਡੇਰਿਆਂ ਵਿੱਚ ਰਹਿਣ ਵਾਲੇ ਬੱਚਿਆਂ ਨੂੰ ਸਕੂਲ ਲਿਆਉਣ ਵਾਸਤੇ ਮਦਦਗਾਰ ਸਾਬਤ ਹੋ ਰਿਹਾ ਸੀ।
ਮੀਟਿੰਗ ਵਿੱਚ ਹਾਜ਼ਰ ਆਗੂਆਂ ਵਲੋਂ ਸਰਕਾਰੀ ਸਕੂਲਾਂ ਵਿੱਚ ਟਰਾਂਸਪੋਰਟ ਦੀ ਸਹੂਲਤਾਂ ਸੰਬੰਧੀ ਠੋਸ ਕਦਮ ਚੁੱਕੇ ਜਾਣ ਦੀ ਮੰਗ ਵੀ ਪੰਜਾਬ ਸਰਕਾਰ ਪਾਸੋਂ ਕੀਤੀ ਗਈ। ਇਸ ਮੌਕੇ ਤਲਵਿੰਦਰ ਮੱਲੀ, ਦੀਦਾਰ ਸਿੰਘ, ਸੰਦੀਪ ਦੁਰਗਾਪੁਰ,ਕੁਲਵਿੰਦਰ ਸਿੰਘ ਮੈਥ ਮਾਸਟਰ, ਹਰਮਿੰਦਰ ਸਿੰਘ, ਸੁਰਜੀਤ ਸਿੰਘ ਹੈਬਤਪੁਰ, ਮਨਦੀਪ ਕੁਮਾਰ, ਸੁਰਜੀਤ ਮੋਠਾਵਾਲਾ, ਹਰਮਿੰਦਰ ਸਿੰਘ ਢਿੱਲੋਂ, ਸੁਖਵਿੰਦਰ ਸਿੰਘ ਬੂਸੋਵਾਲ, ਰਾਜੇਸ਼ ਕੁਮਾਰ, ਦਵਿੰਦਰ ਸ਼ਰਮਾ, ਗੁਰਦੇਵ ਸਿੰਘ, ਗੁਰਦੇਵ ਸਿੰਘ, ਕੁਲਵਿੰਦਰ ਸਿੰਘ, ਸਮੀਰ ਧੀਰ ਆਦਿ ਹਾਜਰ ਸਨ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly