ਚੰਡੀਗੜ੍ਹ (ਸਮਾਜ ਵੀਕਲੀ) : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਮਾਲ ਗੱਡੀਆਂ ਦੀ ਆਵਾਜਾਈ ਬੰਦ ਰੱਖਣ ਲਈ ਘੜਿਆ ਗਿਆ ਨਵਾਂ ਬਹਾਨਾ ‘ਤਰਕਹੀਣ’ ਹੈ। ਉਨ੍ਹਾਂ ਕਿਹਾ ਕਿ ਮਾਲ ਗੱਡੀਆਂ ਦੀ ਆਵਾਜਾਈ ਨੂੰ ਮੁਸਾਫ਼ਰ ਗੱਡੀਆਂ ਨਾਲ ਜੋੜਨਾ ਮਹਿਜ਼ ਬਹਾਨਾ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਸਮੇਤ ਪੰਜਾਬ ਦੇ ਲੋਕਾਂ ਨੂੰ ਜੇਕਰ ਇਸੇ ਤਰੀਕੇ ਨਾਲ ਜ਼ਰੂਰੀ ਵਸਤਾਂ ਤੋਂ ਵਾਂਝਿਆਂ ਰੱਖਿਆ ਗਿਆ ਤਾਂ ਹਾਲਾਤ ਗੰਭੀਰ ਬਣ ਜਾਣਗੇ।
ਇਸ ਦੌਰਾਨ ਮੁੱਖ ਮੰਤਰੀ ਨੇ ਕਿਸਾਨ ਯੂਨੀਅਨਾਂ ਨੂੰ ਰੇਲ ਮਾਰਗਾਂ ਤੋਂ ਮੁਕੰਮਲ ਰੋਕਾਂ ਹਟਾਉਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਭਾਜਪਾ ਇਸ ਮੁੱਦੇ ’ਤੇ ਕੇਂਦਰ ਨੂੰ ਥਾਪੜਾ ਦੇ ਕੇ ਕਿਸਾਨ ਰੋਹ ਨੂੰ ਹਵਾ ਦੇਣ ਦਾ ਕੰਮ ਕਰ ਰਹੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਰੇਲਵੇ ਦਾ ਅੜੀਅਲ ਵਤੀਰਾ, ਜਿਸ ਨੂੰ ਭਾਜਪਾ ਵੀ ਧੜੱਲੇ ਨਾਲ ਥਾਪੜਾ ਦੇ ਰਹੀ ਹੈ, ਮਾਲ ਗੱਡੀਆਂ ਦੇ ਮੁੱਦੇ ਦੀ ਪੇਚੀਦਗੀ ਨੂੰ ਸੁਲਝਾਉਣ ਵਿੱਚ ਇਰਾਦੇ ਦੀ ਘਾਟ ਦਰਸਾਉਂਦਾ ਹੈ।
ਉਨ੍ਹਾਂ ਕਿਹਾ, ‘‘ਕਿਸਾਨਾਂ ਵੱਲੋਂ ਮਾਲ ਗੱਡੀਆਂ ਦੀ ਆਵਾਜਾਈ ਲਈ ਸਾਰੇ ਟਰੈਕ ਖਾਲੀ ਕਰਨ ਅਤੇ ਉਨ੍ਹਾਂ (ਕੈਪਟਨ ਅਮਰਿੰਦਰ ਸਿੰਘ) ਵੱਲੋਂ ਮਾਲ ਗੱਡੀਆਂ ਦੀ ਸੁਰੱਖਿਆ ਲਈ ਨਿੱਜੀ ਤੌਰ ’ਤੇ ਗਾਰੰਟੀ ਦੇਣ ਅਤੇ ਇੱਥੋਂ ਤੱਕ ਕਿ ਜੀਆਰਪੀ ਰੇਲਵੇ ਦੀ ਸੁਰੱਖਿਆ ਲਈ ਹੋਣ ਦੇ ਬਾਵਜੂਦ ਰੇਲਵੇ ਵੱਲੋਂ ਪੰਜਾਬ ਵਿੱਚ ਰੇਲ ਸੇਵਾਵਾਂ ਮੁਅੱਤਲ ਕਰਨ ਲਈ ਇਕ ਤੋਂ ਇਕ ਬਹਾਨਾ ਕਿਉਂ ਘੜਿਆ ਜਾ ਰਿਹਾ ਹੈ?’’ ਉਨ੍ਹਾਂ ਕਿਹਾ ਕਿ ਭਾਜਪਾ ਰੇਲਵੇ ਦੇ ਇਸ ਫੈਸਲੇ ਦੀ ਪ੍ਰੋੜਤਾ ਕਰਕੇ ਕਿਸਾਨਾਂ ਦੇ ਰੋਹ ਨੂੰ ਹੋਰ ਭੜਕਾ ਰਹੀ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਨੇ ਆਪਣੇ ਨਾਗਰਿਕਾਂ ਪ੍ਰਤੀ ਭਾਜਪਾ ਨਾਲੋਂ ਵੱਧ ਸੰਜੀਦਗੀ ਦਿਖਾਈ ਹੈ।
ਪੰਜਾਬ ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਵੱਲੋਂ ਕੇਂਦਰ ਦੀ ਬਾਂਹ ਮਰੋੜਨ ਦੇ ਲਾਏ ਦੋਸ਼ਾਂ ਨੂੰ ਰੱਦ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਹ ਭਾਜਪਾ ਲੀਡਰਸ਼ਿਪ ਹੀ ਹੈ ਜਿਹੜੀ ਇਸ ਮਾਮਲੇ ਉਤੇ ਪੰਜਾਬ ਵਿਰੋਧੀ ਪੈਂਤੜਿਆਂ ਨਾਲ ਕਿਸਾਨਾਂ ਨੂੰ ਭੜਕਾ ਰਹੀ ਹੈ। ਉਨ੍ਹਾਂ ਕਿਹਾ ਕਿ ਰੇਲਵੇ ਨੂੰ ਸਵਾਲ ਕਰਨ ਅਤੇ ਕੇਂਦਰ ਤੋਂ ਮਾਲ ਗੱਡੀਆਂ ਚਲਾਉਣ ਦੀ ਮੰਗ ਲਈ ਸੂਬਾ ਸਰਕਾਰ ਵੱਲੋਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਦੀ ਹਮਾਇਤ ਕਰਨ ਦੀ ਥਾਂ ਭਾਜਪਾ ਆਗੂ ਪੰਜਾਬ ਅਤੇ ਗੁਆਂਢੀ ਸੂਬਿਆਂ ਦੇ ਲੋਕਾਂ ਦੇ ਭਲੇ ਦੀ ਕੀਮਤ ’ਤੇ ਨਿਰੰਤਰ ਸੌੜੀ ਸਿਆਸਤ ਕਰ ਰਹੇ ਹਨ। ਉਨ੍ਹਾਂ ਕਿਹਾ, ‘ਸਭ ਤੋਂ ਮਾੜੀ ਗੱਲ ਇਹ ਹੈ ਕਿ ਭਾਜਪਾ ਨੂੰ ਲੱਦਾਖ ਅਤੇ ਕਸ਼ਮੀਰ ਵਿੱਚ ਤਾਇਨਾਤ ਸਾਡੇ ਫ਼ੌਜੀਆਂ ਦੀ ਵੀ ਫ਼ਿਕਰ ਨਹੀਂ ਹੈ, ਜਿਹੜੇ ਬਰਫ਼ਬਾਰੀ ਦੇ ਸੀਜ਼ਨ ਤੋਂ ਪਹਿਲਾਂ ਜ਼ਰੂਰੀ ਵਸਤਾਂ ਦੀ ਸਪਲਾਈ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਹਨ।’
ਇਸ ਦੌਰਾਨ ਮੁੱਖ ਮੰਤਰੀ ਨੇ ਦੇਰ ਸ਼ਾਮ ਜਾਰੀ ਬਿਆਨ ਵਿੱਚ ਕਿਸਾਨ ਜਥੇਬੰਦੀਆਂ ਨੂੰ ਅਪੀਲ ਕੀਤੀ ਕਿ ਉਹ ਕੇਂਦਰ ਵੱਲੋਂ ਉਨ੍ਹਾਂ ਨੂੰ ਦਿੱਤੇ ਗੱਲਬਾਤ ਦੇ ਸੱਦੇ ਨੂੰ ਧਿਆਨ ਵਿੱਚ ਰੱਖਣ ਦੇ ਨਾਲ-ਨਾਲ ਫ਼ੌਜੀਆਂ ਸਮੇਤ ਲੱਖਾਂ ਪੰਜਾਬੀਆਂ ਨੂੰ ਦਰਪੇਸ਼ ਮੁਸ਼ਕਲਾਂ ’ਤੇ ਵੀ ਗੌਰ ਕਰਨ। ਉਨ੍ਹਾਂ ਕਿਹਾ ਕਿ ਰੇਲ ਰੋਕਾਂ ਹਟਾਉਣ ਨਾਲ ਵੱਖ ਵੱਖ ਥਾਈਂ ਫਸੇ ਫੌਜੀਆਂ ਅਤੇ ਹੋਰਾਂ ਨੂੰ ਆਪਣੇ ਪਰਿਵਾਰਾਂ ਨਾਲ ਦੀਵਾਲੀ ਦਾ ਤਿਉਹਾਰ ਮਨਾਉਣ ਵਿੱਚ ਸਹਾਇਤਾ ਮਿਲੇਗੀ। ਉਨ੍ਹਾਂ ਕਿਹਾ ਕਿ ਕਿਸਾਨ ਜਥੇਬੰਦੀਆਂ ਨੂੰ ਆਪਣੇ ਅੰਦੋਲਨ ਤੋਂ ਪਿੱਛੇ ਹਟ ਕੇ ਇਸ ਮਸਲੇ ਦੇ ਹੱਲ ਹੋਣ ਦੀ ਭਾਵਨਾ ਨਾਲ ਗੱਲਬਾਤ ਵਿੱਚ ਸ਼ਾਮਲ ਹੋਣਾ ਚਾਹੀਦਾ ਹੈ।