ਮਾਲ ਗੱਡੀਆਂ ਦੀ ਬਹਾਲੀ ਲਈ ਰੇਲ ਮੰਤਰੀ ਦਖ਼ਲ ਦੇਣ: ਅਮਰਿੰਦਰ

ਚੰਡੀਗੜ੍ਹ (ਸਮਾਜ ਵੀਕਲੀ) : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਕੇਂਦਰੀ ਰੇਲ ਮੰਤਰੀ ਪਿਯੂਸ਼ ਗੋਇਲ ਤੋਂ ਪੰਜਾਬ ਵਿਚ ਮਾਲ ਗੱਡੀਆਂ ਦੀ ਆਵਾਜਾਈ ਦੀ ਤੁਰੰਤ ਬਹਾਲੀ ਲਈ ਨਿੱਜੀ ਤੌਰ ’ਤੇ ਦਖ਼ਲ ਦਿੱਤੇ ਜਾਣ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਕਿਸਾਨ ਧਿਰਾਂ ਵੱਲੋਂ ਰੇਲ ਮਾਰਗ ਅੰਸ਼ਿਕ ਰੂਪ ਵਿਚ ਖਾਲੀ ਕੀਤੇ ਜਾਣ ਮਗਰੋਂ ਵੀ ਰੇਲ ਆਵਾਜਾਈ ਪੰਜਾਬ ਵਿਚ ਬੰਦ ਪਈ ਹੈ। ਮੁੱਖ ਮੰਤਰੀ ਨੇ ਅੱਜ ਰੇਲ ਮੰਤਰੀ ਨਾਲ ਇਸ ਬਾਰੇ ਗੱਲਬਾਤ ਕੀਤੀ।

ਮੁੱਖ ਮੰਤਰੀ ਨੇ ਕਿਹਾ ਕਿ ਰੇਲਵੇ ਵੱਲੋਂ ਮਾਲ ਗੱਡੀਆਂ ’ਤੇ ਮੁੱਢਲੇ ਦੌਰ ਵਿੱਚ ਦੋ ਦਿਨਾਂ (24 ਤੇ 25 ਅਕਤੂਬਰ) ਲਈ ਪਾਬੰਦੀ ਤੋਂ ਬਾਅਦ ਇਸ ਨੂੰ ਚਾਰ ਹੋਰ ਦਿਨ ਵਧਾਉਣ ਦਾ ਫ਼ੈਸਲਾ ਕਰ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਰੇਲਵੇ ਦੇ ਇਸ ਫੈਸਲੇ ਨੇ ਕਿਸਾਨਾਂ ਨਾਲ ਗੱਲਬਾਤ ਕਰਕੇ ਹੁਣ ਤੱਕ ਹਾਸਲ ਕੀਤੀ ਸਫ਼ਲਤਾ ਨੂੰ ਮਨਫ਼ੀ ਕਰ ਦਿੱਤਾ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਰੇਲਵੇ ਦਾ ਇਹ ਫ਼ੈਸਲਾ ਕਿਸਾਨੀ ਸੰਘਰਸ਼ ਵਿਚ ਕੁੱਦੇ ਕਿਸਾਨਾਂ ਨੂੰ ਹੋਰ ਉਤੇਜਕ ਕਰ ਸਕਦਾ ਹੈ।

ਮੁੱਖ ਮੰਤਰੀ ਨੇ ਰੇਲਵੇ ਵੱਲੋਂ ਮਾਲ ਗੱਡੀਆਂ ਦੀ ਬਹਾਲੀ ਨਾ ਕਰਨ ਦੇ ਗੰਭੀਰ ਪ੍ਰਭਾਵਾਂ ਦਾ ਹਵਾਲਾ ਦਿੰਦੇ ਹੋਏ ਪਿਯੂਸ਼ ਗੋਇਲ ਨੂੰ ਪੱਤਰ ਲਿਖ ਕੇ ਤੁਰੰਤ ਮਾਲ ਗੱਡੀਆਂ ਨਾ ਬਹਾਲ ਕਰਨ ’ਤੇ ਗੰਭੀਰ ਚਿੰਤਾ ਜ਼ਾਹਰ ਕੀਤੀ। ਉਨ੍ਹਾਂ ਕਿਹਾ ਕਿ ਨਾ ਸਿਰਫ਼ ਪੰਜਾਬ ਨੂੰ ਆਰਥਿਕ ਗਤੀਵਿਧੀਆਂ ਤੇ ਜ਼ਰੂਰੀ ਵਸਤਾਂ ਦੀ ਘਾਟ ਨਾਲ ਜੂਝਣਾ ਪਵੇਗਾ ਸਗੋਂ ਕੇਂਦਰੀ ਸਾਸ਼ਿਤ ਪ੍ਰਦੇਸ਼ਾਂ ਜੰਮੂ ਤੇ ਕਸ਼ਮੀਰ ਅਤੇ ਲੇਹ ਤੇ ਲੱਦਾਖ ਨੂੰ ਵੀ ਡੂੰਘੇ ਆਰਥਿਕ ਸੰਕਟ ਦਾ ਸਾਹਮਣਾ ਕਰਨਾ ਪਵੇਗਾ।

ਕੈਪਟਨ ਨੇ ਕਿਹਾ ਕਿ ਪੰਜਾਬ ਵਿੱਚ ਮਾਲ ਗੱਡੀਆਂ ਰੋਕਣ ਦਾ ਹੁਣ ਕੋਈ ਠੋਸ ਕਾਰਨ ਨਹੀਂ ਹੈ। ਮੁੱਖ ਮੰਤਰੀ ਦੇ ਨਿਰਦੇਸ਼ਾਂ ’ਤੇ ਮੁੱਖ ਸਕੱਤਰ ਵਿਨੀ ਮਹਾਜਨ ਨੇ ਰੇਲਵੇ ਬੋਰਡ ਦੇ ਚੇਅਰਮੈਨ ਨਾਲ ਗੱਲਬਾਤ ਕੀਤੀ ਹੈ। ਉਨ੍ਹਾਂ ਕਿਹਾ ਕਿ ਸੂਬੇ ਨੂੰ ਕੋਲਾ, ਯੂਰੀਆ ਆਦਿ ਸਣੇ ਜ਼ਰੂਰੀ ਵਸਤਾਂ ਦੀ ਸਪਲਾਈ ਦੀ ਲੋੜ ਹੈ।

Previous articleਖੇਤੀ ਕਾਨੂੰਨ: ਕੌਮੀ ਕਿਸਾਨ ਲਹਿਰ ਲਈ ਖਾਕਾ ਤਿਆਰ
Next articleਪਰਾਲੀ ਸਾੜਨ ਖਿ਼ਲਾਫ਼ ਕਾਨੂੰਨ ਬਣਾਏਗੀ ਕੇਂਦਰ ਸਰਕਾਰ