ਮਾਨਸ ਕੀ ਜਾਤ

(ਸਮਾਜ ਵੀਕਲੀ)

“ਮਾਨਸ ਕੀ ਜਾਤ ਸਬੈ ਏਕੈ ਪਹਿਚਾਨਬੋ”

ਗੁਰਬਾਣੀ ਵਿੱਚ ਵੀ ਲਿਖਿਆ ਹੈ ਕਿ ਮਨੁੱਖ ਦੀ ਸਿਰਫ ਇਕੋ ਹੀ ਜ਼ਾਤ ਹੈ ਮਨੁੱਖ ਜਾਤੀ, ਫਿਰ ਸਾਡਾ ਸਮਾਜ, ਸਾਡਾ ਦੇਸ਼ ਹਜ਼ਾਰਾਂ ਜਾਤੀਆਂ ਵਿੱਚ ਕਿਉਂ ਵੰਡਿਆ ਗਿਆ ? ਕਿਸਨੇ ਅਤੇ ਕਿਓਂ ਵੰਡਿਆ ਅਜਿਹੇ ਕਿੰਨੇ ਹੀ ਸਵਾਲ ਹਰ ਇੱਕ ਦੇ ਜ਼ਹਿਨ ਵਿੱਚ ਆਉਣੇ ਸੁਭਾਵਿਕ ਹਨ। ਜ਼ਾਤੀਆ ਅਤੇ ਧਰਮਾਂ ਦੇ ਨਾਂ ਤੇ ਵੰਡੇ ਗਏ ਕਿਸੇ ਵੀ ਦੇਸ਼ ਵਿੱਚ ਭੇਦਭਾਵ, ਨਫ਼ਰਤ, ਫਿਰਕਾਪ੍ਰਸਤੀ ਅਤੇ ਦੰਗੇ ਆਦਿ ਹੋਣੇ ਕੋਈ ਬਹੁਤੀ ਹੈਰਾਨੀ ਵਾਲੀ ਗੱਲ ਨਹੀਂ ਹੈ। ਭਾਰਤ ‘ਚ ਜਾਤ ਪਾਤ ਦੁਨੀਆ ਦਾ ਅੱਠਵਾ ਅਜੂਬਾ ਹੈ। ਜਾਤਪਾਤ ਮੇਹਨਤਕਸ਼ ਮਨੱਖ ਨੂੰ ਗੁਲਾਮ ਬਣਾਈ ਰੱਖਣ ਲਈ ਸ਼ੋਸ਼ਕਾਂ ਦਾ ਛੜਯੰਤਰ ਹੈ।

ਜਾਤੀਪਾਤੀ ਵਿਵਸਥਾ ‘ਚ ਹਰ ਅਖੌਤੀ ਉੱਪਰਲੀ ਜਾਤ ਥੱਲੇ ਵਾਲੀ ਜਾਤ ਨੂੰ ਨੀਵਾਂ ਸਮਝਦੀ ਹੈ ਅਤੇ ਉਸਨੂੰ ਗੁਲਾਮ ਬਣਾਉਣ ਦੀ ਕੋਸ਼ਿਸ਼ ਹੁੰਦੀ ਹੈ। ਛੂਆ ਛਾਤ, ਭੇਦਭਾਵ, ਨਫ਼ਰਤ,ਫਿਰਕਾਪ੍ਰਸਤੀ ਜ਼ਾਤ ਪਾਤ ਦੀ ਉਪਜ ਹਨ ਜੋ ਭਾਰਤ ਵਾਸੀਆਂ ਦਾ ਰੋਜ਼ ਮਰਰਾ ਦਾ ਜੀਵਨ ਵਰਤਾਰਾ ਹੈ। ਜਾਤ ਪਾਤ ਮਾਨਸਿਕ ਸੋਸ਼ਣ ਹੀ ਨਹੀਂ, ਸਮਾਜਿਕ, ਆਰਥਿਕ, ਰਾਜਨੀਤਕ ਤੇ ਸੱਭਿਆਚਾਰਕ ਵੀ ਹੈ। ਜਾਤਪਾਤ ਸਿਰਫ ਮਿਹਨਤ ਦੀ ਵੰਡ ਹੀ ਨਹੀਂ, ਮੇਹਨਤਕਸ਼ਾ ਦੀ ਵੀ ਅੱਗੋਂ ਵੰਡ ਹੈ। ਜਾਤ ਪਾਤ ਦੇ ਹੁੰਦਿਆ ਇਨਕਲਾਬ ਅਸੰਭਵ ਹੈ, ਕਿਉਂਕਿ ਜਾਤ ਲੋਕਾਂ ਨੂੰ ਇਕੱਠੇ ਨਹੀ ਹੋਣ ਦਿੰਦੀ।

”ਜਾਤ-ਪਾਤੀ ਸਿਸਟਮ ਵਿਚ ਸਮਾਨਤਾ ਨੂੰ ਕੋਈ ਸਥਾਨ ਨਹੀਂ ਹੈ। ਵਰਣ ਵਿਵਸਥਾ ਵਿਚ ਉੱਪਰੋਂ, ਥੱਲੇ ਨੂੰ ਆਈਏ ਤਾਂ ਅਪਮਾਨ ਤੇ ਨਫਰਤ ਵਧਦੀ ਜਾਂਦੀ ਹੈ ਅਤੇ ਜੇਕਰ ਥੱਲਿਉਂ ਉਪਰ ਨੂੰ ਜਾਈਏ ਤਾਂ ਸਨਮਾਨ ਤੇ ਪਿਆਰ ਵਧਦਾ ਜਾਂਦਾ ਹੈ। ਜੇਕਰ ਉਪਰੋਂ ਥੱਲੇ ਨੂੰ ਆਈਏ ਤਾਂ ਅਧਿਕਾਰ ਘਟਦੇ-ਘਟਦੇ ਕਰਤੱਵ ਬਣ ਜਾਂਦੇ ਹਨ। ਜੇਕਰ ਥੱਲਿਉਂ ਉਪਰ ਨੂੰ ਜਾਈਏ ਤਾਂ ਕਰਤੱਵ ਘਟਦੇ ਘਟਦੇ ਅਧਿਕਾਰ ਬਣ ਜਾਂਦੇ ਹਨ।”

ਅੱਜ ਤੋ ਬਹੁਤ ਸਮਾਂ ਪਹਿਲਾਂ ਪ੍ਰਾਚੀਨ ਆਰੀਅਨ ਸਮਾਜ ਵਿਚ ਨਾ ਕੋਈ ਵੀ ਜ਼ਾਤੀ ਵਿਵਸਥਾ ਨਹੀਂ ਸੀ। ਨਾ ਕੋਈ ਬ੍ਰਾਹਮਣ ਸੀ, ਨਾ ਕਸ਼ਤਰੀ, ਨਾ ਵੈਸ਼ ਅਤੇ ਨਾ ਹੀ ਕੋਈ ਸ਼ੂਦਰ ਸੀ। ਜਾਤ-ਪਾਤ ਦੀ ਕੋਈ ਹੋਂਦ ਨਹੀਂ ਸੀ। ਸਾਰੇ ਲੋਕ ਇਕੱਠੇ ਖਾਂਦੇ-ਪੀਂਦੇ, ਆਪਸੀ ਵਿਆਹ ਕਰਦੇ ਅਤੇ ਇਕਾਈ ਦੇ ਰੂਪ ਵਿਚ ਵਿਚਰਦੇ ਸਨ। ਸਾਰੇ ਲੋਕ ਅਜਾਦ ਸਨ ਅਤੇ ਔਰਤ ਵੀ ਆਜ਼ਾਦ ਸੀ ਅਤੇ ਆਪਣੀ ਮਰਜ਼ੀ ਨਾਲ ਆਪਣਾ ਪਤੀ ਚੁਣ ਸਕਦੀ ਸੀ। ਸਤੀ ਪ੍ਰਥਾ ਜਾਂ ਬਾਲ ਵਿਆਹ ਦੀ ਕੋਈ ਪ੍ਰਥਾ ਨਹੀਂ ਸੀ।

ਔਰਤ ਨੂੰ ਦੇਵੀ ਦੇ ਰੂਪ ਵਿਚ ਪੂਜਿਆ ਜਾਂਦਾ ਸੀ। ਇਸ ਤੋਂ ਬਾਅਦ ਕੁਝ ਸ਼ਾਤਿਰ ਲੋਕਾਂ ਵਲੋਂ ਆਪਣੇ ਆਪ ਨੂੰ ਉਚਾ ਰੱਖਣ ਲਈ ਭਾਰਤ ਵਿੱਚ ਵਰਣ ਵਿਵਸਥਾ ਰਾਹੀਂ ਸਮਾਜ ਨੂੰ ਚਾਰ ਪ੍ਰਵਰਗਾਂ ਵਿੱਚ ਵੰਡ ਦਿੱਤਾ ਗਿਆ ਸੀ: ਬ੍ਰਾਹਮਣ, ਖੱਤਰੀ, ਵੈਸ਼ ਅਤੇ ਸ਼ੂਦਰ। ਇਨ੍ਹਾਂ ਦੇ ਵੱਖ ਵੱਖ ਕੰਮ ਮਿਥ ਦਿੱਤੇ ਗਏ। ਕੰਮਾਂ ਦੀ ਕਿਸਮ ਅਨੁਸਾਰ ਬ੍ਰਹਾਮਣ ਨੂੰ ਪਹਿਲਾ ਸਥਾਨ, ਖੱਤਰੀ ਨੂੰ ਦੂਜਾ, ਵੈਸ਼ ਨੂੰ ਤੀਜਾ ਅਤੇ ਸ਼ੂਦਰ ਨੂੰ ਚੌਥਾ ਦਰਜਾ ਦਿੱਤਾ ਗਿਆ। ਬ੍ਰਾਹਮਣਾਂ ਦਾ ਕਾਰਜ ਸ਼ਾਸਤਰ ਅਧਿਐਨ, ਵੇਦਪਾਠ ਅਤੇ ਯੱਗ ਕਰਾਣਾ ਹੁੰਦਾ ਸੀ ਜਦੋਂ ਕਿ ਕਸ਼ਤਰੀ ਲੜਾਈ ਅਤੇ ਰਾਜ ਭਾਗ ਦੇ ਕੰਮਾਂ ਦੇ ਉੱਤਰਦਾਈ ਸਨ।

ਵੈਸ਼ਾਂ ਦਾ ਕੰਮ ਖੇਤੀ ਅਤੇ ਵਪਾਰ ਅਤੇ ਸ਼ੂਦਰਾਂ ਦਾ ਕੰਮ ਸੇਵਾਦਰੀ ਸੀ। ਸਮੁੱਚਾ ਸਮਾਜ ਅੱਜ 10 ਹਜ਼ਾਰ ਜਾਤਾਂ ਅਤੇ ਉਪ ਜਾਤਾਂ ਵਿਚ ਵੰਡਿਆ ਹੋਇਆ ਹੈ। ਜਾਤੀ ਪਾਤੀ ਵਿਵਸਥਾ ਇਹਨਾਂ ਦੀ ਆਪਸ ਵਿਚ ਸਾਂਝੀ ਸਰਗਰਮੀ ਨੂੰ ਰੋਕਦੀ ਹੈ। ਵਰਣ ਅਤੇ ਜਾਤ ਦੀਆਂ ਦੀਵਾਰਾਂ ਇੰਨੀਆਂ ਪੱਕੀਆਂ ਹਨ ਕਿ ਆਮ ਆਦਮੀ ਇਹਨਾਂ ਨੂੰ ਤੋੜ ਨਹੀਂ ਸਕਦਾ। ਬਹੁਤ ਸਾਰੀਆਂ ਉਚ ਜਾਤੀਆ ਨੇ ਹਜ਼ਾਰਾਂ ਸਾਲ ਮੁਗਲਾਂ, ਮੁਸਲਮਾਨਾਂ, ਅੰਗਰੇਜ਼ਾਂ ਦੀ ਗੁਲਾਮੀ ਤਾਂ ਸਵੀਕਾਰ ਕਰ ਲਈ, ਪ੍ਰੰਤੂ ਜਾਤ ਪਾਤ ਦੀਆਂ ਦੀਵਾਰਾਂ ਨੂੰ ਤੋੜ ਕੇ ਦਲਿਤਾਂ ਨਾਲ ਸਮਾਜਿਕ ਭਾਈਚਾਰਾ ਬਣਾਉਣ ਲਈ ਤਿਆਰ ਨਹੀਂ ਹੋਈਆਂ।

ਭਾਰਤ ਵਿੱਚ ਜ਼ਾਤੀ ਵਿਵਸਥਾ ਕੋਈ ਕੁਦਰਤੀ ਵਰਤਾਰਾ ਨਹੀਂ ਹੈ ਬਲਕਿ ਜਾਣ ਬੁੱਝ ਕੇ ਕੁਝ ਲੋਕਾਂ ਨੂੰ ਗੁਲਾਮ ਰੱਖਣ ਲਈ ਬਣਾਈ ਗਈ ਇੱਕ ਵਿਵਸਥਾ ਹੈ ਜੋਂ ਕਿ ਸਾਡੇ ਦੇਸ਼ ਲਈ ਇਕ ਕਲੰਕ ਹੈ। ਡਾਕਟਰ ਭੀਮ ਰਾਓ ਅੰਬੇਡਕਰ ਜੀ ਨੇ ਸਦੀਆਂ ਤੋਂ ਗੁਲਾਮ ਅਤੇ ਲਤਾੜੇ ਹੋਏ ਲੋਕਾਂ ਲਈ ਬਹੁਤ ਹੀ ਕਠਿਨ ਅਤੇ ਲੰਮੀ ਲੜਾਈ ਲੜੀ ਅਤੇ ਕੁਝ ਅਧਿਕਾਰ ਦਵਾਉਣ ਵਿੱਚ ਕਾਮਯਾਬ ਵੀ ਹੋਏ। ਜੇਕਰ ਸਾਰੇ ਮਨੁੱਖ ਮਾਨਸ ਦੀ ਜ਼ਾਤ ਹਨ ਸਭ ਦਾ ਖੂਨ ਲਾਲ ਹੈ, ਸਾਰਿਆਂ ਦੇ ਅੰਗ ਇਕੋ ਜਿਹੇ ਹਨ ਸਭ ਦੀ ਸੋਚਣੀ, ਅਤੇ ਭਾਵਨਾਵਾਂ ਇਕੋ ਜਿਹੀਆਂ ਹਨ ਫੇਰ ਜ਼ਾਤੀ ਵਿਵਸਥਾ ਕਿਓਂ ?

ਅੱਜ ਬੇਸ਼ੱਕ ਵੱਡੇ ਵੱਡੇ ਸ਼ਹਿਰਾਂ ਵਿੱਚ ਜ਼ਾਤੀ ਭੇਦਭਾਵ ਘਟ ਗਿਆ ਹੈ ਪਰ ਬਹੁਤ ਸਾਰੇ ਪੱਛੜੇ ਇਲਾਕਿਆਂ ਵਿੱਚ ਇਹ ਸਿਲਸਿਲਾ ਜਾਰੀ ਹੈ। ਕੀ ਭਾਰਤ ਵਿਚ ਕਦੇ ਕੋਈ ਸਰਕਾਰ ਜ਼ਾਤੀ ਵਿਵਸਥਾ ਖਤਮ ਕਰਨ ਲਈ ਕੋਈ ਕਨੂੰਨ ਲਿਆਉਣ ਦੀ ਜੁਹਰਤ ਕਰ ਸਕੇਗੀ ?

ਕੁਲਦੀਪ ਸਿੰਘ ਰਾਮਨਗਰ
9417990040

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleBJP to make big strides in Kutch-Saurashtra region, AAP to gain too
Next articleAAP looks poised to sweep MCD polls