(ਕਾਵਿ ਪੁਸਤਕ , ਤੇਰੀ ਚਾਹਤ , ਰਮਿੰਦਰ ਰੰਮੀ) – ਮਾਨਵੀ ਸੰਵੇਦਨਾਵਾਂ ਤੇ ਸਮਾਜਿਕ ਸਰੋਕਾਰਾਂ ਦੀ ਕਵਿਤਾ:-
(ਸਮਾਜ ਵੀਕਲੀ)- “ਤੇਰੀ ਚਾਹਤ“ ਕਾਵਿ ਪੁਸਤਕ ਰਮਿੰਦਰ ਰੰਮੀ ਦੀ ਦੂਸਰੀ ਕਾਵਿ ਪੁਸਤਕ ਹੈ। ਅੰਤਰਰਾਸ਼ਟਰੀ ਸਾਹਿਤਕ ਸਾਂਝਾ ਦੀ ਸੰਸਥਾਪਕ ਰਮਿੰਦਰ ਰੰਮੀ ਪਿਛਲੇ ਲੰਮੇ ਸਮੇਂ ਤੋਂ ਸਾਹਿਤ ਰਚਨਾ ਅਤੇ ਆੱਨਲਾਈਨ ਸਾਹਿਤਕ ਪ੍ਰੋਗਰਾਮਾਂ ਦਾ ਆਯੋਜਨ ਕਰਨ ਵਿੱਚ ਜੁੱਟੀ ਸ਼ਖਸੀਅਤ ਹੈ। ਰਮਿੰਦਰ ਰੰਮੀ ਨੇ ਤੇਰੀ ਚਾਹਤ ਪੁਸਤਕ ਵਿੱਚ 73 ਰਚਨਾਵਾਂ ਸ਼ਾਮਿਲ ਕੀਤੀਆਂ ਹਨ। ਆਰਸੀ ਪਬਲਿਸ਼ਰਜ਼ ਦਿੱਲੀ ਤੋਂ ਛਪੀ ਇਸ ਪੁਸਤਕ ਬਾਰੇ “ ਪ੍ਰੋ. ਰਵੇਲ ਸਿੰਘ ਨੇ ਆਪਣੇ ਵਿਚਾਰ ਪੇਸ਼ ਕਰਦਿਆਂ ਰੰਮੀ ਦੀ ਕਾਵਿ ਰਚਨਾ ਨੂੰ ਪੰਜਾਬ ਦੇ ਅਤੀਤ ਨੂੰ ਮੁਖਾਤਬ ਅਤੇ ਵਰਤਮਾਨ ਸਮੇਂ ਦੀ ਗੀਤਕਾਰੀ ਵਿਸ਼ੇਸ਼ ਕਰਕੇ ਧੁਨਾਂ ਨੂੰ ਅਧਾਰ ਬਣਾ ਕੇ ਕੁਝ ਨਵਾਂ ਸਿਰਜਣ ਦੀਆਂ ਸੰਭਾਵਨਾਵਾਂ ਭਰਪੂਰ ਮੰਨਿਆ ਹੈ। “ਰੰਮੀ ਦੀ ਰਚਨਾ ਨਾਰੀ ਮਨ ਦੀ ਗੱਲ ਕਰਦਿਆਂ ਨਾਲ ਹੀ ਸੱਭਿਆਚਾਰਕ ਚੁਣੌਤੀਆਂ ਦੇ ਸਨਮੁੱਖ ਵੀ ਹੈ।
ਰਮਿੰਦਰ ਰੰਮੀ ਨੇ ਇਹ ਪੁਸਤਕ ਜ਼ਿੰਦਗੀ ਨੂੰ ਖੂਬਸੂਰਤੀ ਨਾਲ ਚਾਹੁਣ, ਮਾਣਨ ਅਤੇ ਦੂਸਰਿਆਂ ਲਈ ਪ੍ਰੇਰਣਾ ਬਣਨ ਵਾਲੀਆਂ ਸ਼ਖਸੀਅਤਾਂ ਨੂੰ ਸਮਰਪਿਤ ਕੀਤੀ ਹੈ। ਰੰਮੀ ਨੇ 2021 ਵਿੱਚ ‘ਕਿਸਨੂੰ ਆਖਾਂ’ ਕਾਵਿ ਪੁਸਤਕ ਦੀ ਰਚਨਾ ਕੀਤੀ ਹੈ। ਉਸਦੀ ਕਵਿਤਾ ਸਵੈ-ਪੀੜਾ, ਸਵੈ-ਪਛਾਣ ਅਤੇ ਸਵੈ- ਸੰਵਾਦ ਦੀ ਕਵਿਤਾ ਹੈ। ਉਹ ਸਮਾਜਿਕ ਸਰੋਕਾਰਾਂ ਨਾਲ ਜੁੜੀ ਸ਼ਾਇਰੀ ਦੀ ਸਿਰਜਣਾ ਕਰਦੀ ਨਾਰੀ ਨੂੰ ਸਮਾਜ ਵਿੱਚ ਆਉਣ ਵਾਲੀਆਂ ਮੁਸ਼ਕਲਾਂ ਪ੍ਰਤੀ ਸੁਚੇਤ ਕਰਦੀ ਹੈ। ਉਹ ਆਪਣੇ ਆਲੇ-ਦੁਆਲੇ ਦੇ ਵਰਤਾਰਿਆਂ ਨੂੰ ਵੀ ਆਪਣੀ ਪੀੜ ਅਤੇ ਦੁੱਖ ਵਿੱਚ ਸ਼ਾਮਿਲ ਮਹਿਸੂਸ ਕਰਦੀ ਹੈ। ਦੀਵਾਰਾਂ ਬਾਰੇ ਉਹ ਲਿਖਦੀ ਹੈ :-
“ ਤੂੰ ਦਰਦ ਸੁਣਾ ਸੌਂ ਜਾਂਦੀ ਹੈਂ
ਅਸੀਂ ਰਾਤ ਭਰ ਰੋਂਦੀਆਂ ਰਹਿੰਦੀਆਂ ਹਾਂ ।”
ਉਹ ਪ੍ਰਮਾਤਮਾ ਦੀ ਹੋਂਦ ਨੂੰ ਸਵੀਕਾਰ ਕਰਦੀ ਇੱਕ ਸਕਾਰਾਤਮਕ ਊਰਜਾ ਪ੍ਰਾਪਤ ਕਰਨਾ ਚਾਹੁੰਦਾ ਹੈ। ਉਸਨੂੰ ਲੱਗਦਾ ਹੈ ਕਿ ਪਿਆਰ ਜਾਂ ਇਸ਼ਕ ਸਮਾਜਿਕ ਬੰਦਸ਼ਾਂ ਦਾ ਸ਼ਿਕਾਰ ਹੋਣ ਦੇ ਬਾਵਜੂਦ ਮਾਨਵੀ ਸੰਵੇਦਨਾਵਾਂ ਦਾ ਸਿਖਰਲਾ ਜਜ਼ਬਾ ਹੈ।
“ਤੇਰੀ ਚਾਹਤ ਜੋ ਮਿਲ ਗਈ ਅਸਾਨੂੰ ਭਟਕਣ ਖਤਮ ਹੋ ਗਈ ਹੁਣ ਤਾਂ ਕੋਈ ਹੋਰ ਚਾਹਤ ਨਹੀਂ ਬਾਕੀ ਹੁਣ।”
ਰੰਮੀ ਦੀ ਕਾਵਿ ਰਚਨਾ ਰਿਸ਼ਤਿਆਂ ਦੇ ਅਹਿਸਾਸਾਂ ਵਿੱਚ ਬੱਝੀ ਹੈ। ਕੁਝ ਰਿਸ਼ਤੇ ਉਸਦੇ ਲਈ ਤਾਕਤ ਬਣਦੇ ਹਨ। ਕੁਝ ਪੈਰਾਂ ਦੀਆਂ ਬੇੜੀਆਂ ਅਤੇ ਕੁਝ ਮੁਹੱਬਤ ਦੇ ਅਹਿਸਾਸ।
“ਮੁਹੱਬਤ ਨੂੰ ਸਬੂਤਾਂ ਦੀ ਲੋੜ ਨਹੀਂ ਹੁੰਦੀ ਬਿਨ ਬੋਲੇ ਬਿਨਾਂ ਕਹੇ
ਬਿਨਾਂ ਮੁਹੱਬਤ ਦਾ ਇਜ਼ਹਾਰ ਕੀਤੇ ਇੱਕ ਦੂਸਰੇ ਨੂੰ ਸਮਝਣਾ
ਇਹ ਖੂਬਸੂਰਤੀ ਹੁੰਦੀ ਹੈ ਇਸ ਰਿਸ਼ਤੇ ਦੀ ।”
ਰਮਿੰਦਰ ਰੰਮੀ ਦੀਆਂ ਕੁਝ ਕਾਵਿ ਰਚਨਾਵਾਂ ਵਿੱਚ ਸੂਫੀ ਕਾਵਿ ਵਰਗੀ ਮਸਤੀ ਹੈ। ਉਸਦੀ ਕਾਵਿ ਨਾਇਕਾ ਆਪਣੇ ਗਿਲੇ ਉਸ ਪ੍ਰਭੂ ਪ੍ਰਮਾਤਮਾ ਨਾਲ ਸਿੱਧੇ ਤੌਰ ਤੇ ਜ਼ਾਹਰ ਕਰਦੀ ਹੈ। ਉਹ ਨਾਲ ਹੀ ਵਿਛੋੜੇ ਤੋਂ ਮੁਕਤੀ ਚਾਹੁੰਦੀ ਵਸਲ ਦੀ ਇੱਛਾ ਨਾਲ ਓਤਪੋਤ ਹੈ।
ਡਾ. ਵਨੀਤਾ ਨੇ ਰਮਿੰਦਰ ਰੰਮੀਮ ਦੀ ਸ਼ਾਇਰੀ ਬਾਰੇ ਲਿਖਿਆ ਹੈ
“ਰਮਿੰਦਰ ਰੰਮੀ ਦੇ ਕਾਵਿਕ ਸੰਵਾਦ ਵਿੱਚ ਜਿੱਥੇ ਮਿਲਣ ਦੀ ਜੋਦੜੀ ਹੈ, ਉੱਥੇ ਨਾਲ ਹੀ ਤਿੜਕੇ ਹੋਏ ਰਿਸ਼ਤਿਆਂ, ਔਰਤ ਦੀਆਂ ਸਮਾਜਿਕ ਸਥਿਤੀਆਂ ਦੀ ਉਪਭਾਵੁਕਤਾ ਦਾ ਦਸਤਾਵੇਜ਼ ਹੈ ।”
ਉਹ ਰਿਸ਼ਤਿਆਂ ਵਿੱਚ ਪਨਪਣ ਵਾਲੇ ਸਵਾਰਥ ਤੋਂ ਵੀ ਬਾਖੂਬੀ ਵਾਕਫ਼ ਹੈ ਕਿ ਉਹ ਸਮਝਦੀ ਹੈ ਕਿ ਬੇਸ਼ੱਕ ਪਿਆਰ ਇਕ-ਦੂਜੇ ਨੂੰ ਸਮਝਣ, ਜਾਨਣ ਅਤੇ ਪਛਾਨਣ ਦਾ ਅਹਿਸਾਸ ਹੈ। ਮਾਂ ਦੇ ਰਿਸ਼ਤੇ ਪ੍ਰਤੀ ਕਵਿਤਰੀ ਦਾ ਸਮਰਪਣ ਬਾਕਮਾਲ ਪੇਸ਼ ਹੋਇਆ ਹੈ। ‘ਮਾਂ ਪਿਆਰੀ ਮਾਂ’ ਰਚਨਾ ਵਿੱਚ ਮਾਂ ਦੇ ਪਿਆਰ ਦੇ ਅਹਿਸਾਸ ਹਰ ਪਾਠਕ ਨੂੰ ਆਪਣੇ ਅਹਿਸਾਸ ਜਾਪਦੇ ਹਨ।
ਰਮਿੰਦਰ ਰੰਮੀ ਦੀ ਕਾਵਿ ਨਾਇਕਾ ਨਾਰੀ ਦੇ ਦੁਖਾਂ ਤੇ ਦਰਦਾਂ ਨੂੰ ਬਿਆਨ ਕਰਦੀ ਹੈ ਪਰ ਉਹ ਹਾਰ ਨਹੀਂ ਮੰਨਦੀ।
ਕੁਝ ਨਹੀਂ ,ਨਾ ਘਰ ,ਨਾ ਪੈਸਾ ਤੇ ਨਾ ਤੇਰੀ ਮਰਜ਼ੀ ਆਪਣੀ ,ਔਰਤ ਬੇਬੱਸ ਨਹੀਂ ਹੋ ਸਕਦੀ ਉੱਠ ਲੜ ਆਪਣੇ ਹੱਕਾਂ ਲਈ ।
ਰੰਮੀ ਦੀ ਕਾਵਿ ਉਡਾਰੀ ਮਨ ਵਿੱਚ ਉਠਦੇ ਵਲਵਲਿਆਂ ਵਿਗੋਚਿਆਂ ਅਤੇ ਗਿਲੇ-ਸ਼ਿਕਵਿਆਂ ਦੀ ਸ਼ਾਇਰੀ ਹੈ। ਇੰਝ ਲਗਦਾ ਹੈ ਕਿ ਜਿਵੇਂ ਉਹ ਪਦਾਰਥਵਾਦੀ ਸੰਸਾਰ ਦੀ ਭਟਕਣਾ ਅਤੇ ਭੱਜਦੌੜ ਤੋਂ ਦੂਰ ਸਥਿਰਤਾ ਅਤੇ ਮਨ ਦੇ ਟਿਕਾਊ ਦੀ ਕਾਵਿ ਰਚਨਾ ਕਰਦੀ ਹੈ।
“ਮੈਂ ਅਦ੍ਰਿਸ਼ ਹੋ ਜਾਣਾ ਚਾਹੁੰਦੀ ਹਾਂ ਝੂਠੇ ਰਿਸ਼ਤਿਆਂ ਤੋਂ, ਫਰੇਬੀ ਲੋਕਾਂ ਤੋਂ
ਮੈਨੂੰ ਹੁਣ ਮੁਕਤ ਕਰ ਦਿਓ ।”
ਰਮਿੰਦਰ ਰੰਮੀ ਦਾ ਕਾਵਿ ਜਗਤ ਆਧੁਨਿਕ ਜੀਵਨ ਵਿੱਚ ਮਿਲੀਆਂ ਸੁਖ-ਸੁਵਿਧਾਵਾਂ ਦੇ ਬਾਵਜੂਦ ਇਨਸਾਨ ਦੀ ਭਟਕਣਾ ਦੀ ਗੱਲ ਕਰਦਾ ਹੈ। ਉਹ ਅੱਜ ਦੇ ਸੰਚਾਰ ਸਾਧਨਾਂ ਨਾਲ ਨਿਭਾਏ ਜਾਂਦੇ ਜਾਂ ਤੋੜੇ ਜਾਂਦੇ ਰਿਸ਼ਤਿਆਂ ਪ੍ਰਤੀ ਚਿੰਤਾਤੁਰ ਸੁਰ ਰਾਹੀਂ ਭਾਵ ਪ੍ਰਗਟ ਕਰਦੀ ਹੈ। ਰਮਿੰਦਰ ਰੰਮੀ ਆਪੇ ਨਾਲ ਸੰਵਾਦ ਰਚਾਉਣ ਵਾਲੀ ਰਚਨਾ ਕਰਦੀ ਹੈ। ਉਸਦੀ ਬਹੁਤੀ ਕਵਿਤਾ ਨਾਰੀ ਦੀਆਂ ਮੁਸ਼ਕਲਾਂ , ਸਮਾਜਿਕ ਚੁਣੌਤੀਆਂ ਨਾਲ ਜੁੜੀ ਹੋਈ ਹੈ
“ ਔਰਤ ਦਾ ਇਹ ਬਨਵਾਸ ਇਹ ਉਮਰ ਕੈਦ ਕਦੀ ਖਤਮ ਹੋਣ ਵਿੱਚ ਨਹੀਂ ਆਉਂਦੀ । “
ਰੰਮੀ ਨੇ ਆਪਣੀਆਂ ਰਚਨਾਵਾਂ ਰਾਹੀਂ ਕੁਝ ਸ਼ਖਸੀਅਤਾਂ ਬਾਰੇ ਵੀ ਚਿਤਰਣ ਕੀਤਾ ਹੈ। ਉਸਨੇ ‘ਸੁਲਤਾਨਾ ਦਾ ਵਿਹੜਾ’ ਰਚਨਾ ਰਾਹੀਂ ਸੁਲਤਾਨਾ ਬੇਗਮ ਦੇ ਸੁਭਾਅ ਬਾਰੇ ਉਨ੍ਹਾਂ ਦੇ ਸਾਹਿਤਕ ਕਾਰਜਾਂ ਬਾਰੇ ਜਾਣਕਾਰੀ ਦਿੱਤੀ ਹੈ। “ ਪਿੰਜਰੇ ਪਿਆ ਪੰਛੀ “ ਮਾਨਵੀ ਜੀਵਨ ਦੇ ਬੰਧਨਾਂ ਨਾਲ ਜੁੜੀ ਰਚਨਾ ਹੈ। ਕਵਿਤਰੀ ਨੇ ‘ਮਾਂ ਪਿਆਰੀ ਮਾਂ’ ਰਚਨਾ ਰਾਹੀਂ ਮਾਂ ਦੇ ਪਿਆਰ ਦੇ ਨਿੱਘੇ ਅਹਿਸਾਸ ਸਾਂਝੇ ਕੀਤੇ ਹਨ। ਉਹ ਸਦਾ ਹੀ ਸਧਾਰਨ ਭਾਸ਼ਾ ਵਿੱਚ ਮਾਂ ਧੀ ਦੀਆਂ ਸਾਂਝਾਂ ਦਾ ਪ੍ਰਗਟਾਵਾ ਕਰਦੀ ਹੈ। ਉਹ ਮਾਨਵੀ ਸੰਵੇਦਨਾਵਾਂ ਅਤੇ ਸਰੋਕਾਰਾਂ ਦੀ ਸ਼ਾਇਰਾ ਹੈ। “ਜੋ ਅਣਕਹੇ ਦਰਦ “ਨੂੰ ਬਿਆਨ ਕਰਦੀ ਹੋਈ ਦੁਖ ਅੰਦਰੇ ਅੰਦਰ ਪੀ ਜਾਣ ਦੀ ਗਵਾਹੀ ਭਰਦੀ ਹੈ।
“ ਕੁਝ ਦਰਦ ਦਿਖਦੇ ਨਹੀਂ ਰਿਸਦੇ ਨੇ ਉਹ
ਜਿਹਨਾਂ ਨੂੰ ਅਸੀਂ, ਅੰਦਰ ਹੀ ਅੰਦਰ ਪੀ ਜਾਂਦੇ ਹਾਂ ਪੱਕ ਕੇ ਨਾਸੂਰ ਬਣ ਜਾਂਦੇ ਨੇ ਉਹ , ਜਿਹਨਾਂ ਦੇ ਜ਼ਖ਼ਮ ਬਹੁਤ ਗਹਿਰੇ ਹੁੰਦੇ ਨੇ..”
ਸਮੁੱਚੇ ਤੌਰ ਤੇ ਰਮਿੰਦਰ ਰੰਮੀ ਦੀ ਸ਼ਾਇਰਾਂ ਸ਼ਬਦਾਂ ਰਾਹੀਂ ਮਾਨਵੀ ਮਨ ਦੀਆਂ ਤੈਹਾਂ ਫਰੋਲਦੀ, ਸਮਾਜ ਦੀ ਨਬਜ਼ ਨੂੰ ਫੜ੍ਹਨ ਦਾ ਯਤਨ ਕਰਦੀ ਹੈ। ਉਸਦੀ ਕਾਵਿ ਉਡਾਰੀ ਜਾਂ ਸਧਾਰਨ ਭਾਸ਼ਾ ਵਿੱਚ ਹੋਣ ਕਾਰਣ ਆਮ ਪਾਠਕ ਨੂੰ ਵੀ ਪ੍ਰਭਾਵਿਤ ਕਰਦੀ ਮਹਿਸੂਸ ਹੁੰਦੀ ਹੈ। ਉਹ ਵਿਦੇਸ਼ ਵਿੱਚ ਵੱਸਣ ਦੇ ਬਾਵਜੂਦ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨਾਲ ਜੁੜੀ ਸ਼ਾਇਰਾ ਹੈ।
ਪ੍ਰੋ. ਕੁਲਜੀਤ ਕੌਰ, ਹੰਸਰਾਜ ਮਹਿਲਾ ਮਹਾਵਿਦਿਆਲਾ, ਜਲੰਧਰ ।