ਮਾਤ ਭਾਸ਼ਾ , ਨਾਰੀ ਦਿਵਸ ਅਤੇ ਸ਼ਹੀਦ ਭਗਤ ਸਿੰਘ ਨੂੰ ਸਮਰਪਿਤ ਰਚਨਾਵਾਂ ਦੀ ਛਹਿਬਰ ਲੱਗੀ

(ਸਮਾਜ ਵੀਕਲੀ)
ਧੂਰੀ (ਰਮੇਸ਼ਵਰ ਸਿੰਘ)- ਪੰਜਾਬੀ ਸਾਹਿਤ ਸਭਾ ਧੂਰੀ ਦੀ ਮਾਰਚ ਮਹੀਨੇ ਦੀ ਇਕੱਤਰਤਾ ਮੂਲ ਚੰਦ ਸ਼ਰਮਾ ਅਤੇ ਕਰਮ ਸਿੰਘ ਜ਼ਖ਼ਮੀ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਸਭ ਤੋਂ ਪਹਿਲਾਂ ਗ਼ਜ਼ਲਗੋ ਰਾਜਿੰਦਰ ਪ੍ਰਦੇਸੀ , ਧਾਰਮਿਕ ਸਮਾਜਿਕ ਅਤੇ ਰਾਜਨੀਤਕ ਬੁੱਧੀਜੀਵੀ ਨਰੰਜਣ ਸਿੰਘ ਢੇਸੀ , ਕਵੀ ਤੇ ਸਾਹਿਤਕਾਰ ਅਨੂਪ ਸਿੰਘ ਨੂਰੀ , ਕਿਸਾਨ ਆਗੂ ਦਾਤਾਰ ਸਿੰਘ ਤੋਂ ਇਲਾਵਾ ਲੋਕ ਗਾਇਕ ਸਰਦੂਲ ਸਿਕੰਦਰ , ਜਗਜੀਤ ਜੀਰਵੀ ਅਤੇ ਕਲਾਸੀਕਲ ਸੰਗੀਤਕਾਰ ਤੇ ਗਾਇਕ ਬੀ ਅੈੱਸ ਨਾਰੰਗ ਨੂੰ ਦੋ ਮਿੰਟ ਦਾ ਮੋਨ ਧਾਰ ਕੇ ਸ਼ਰਧਾਂਜਲੀ ਭੇਂਟ ਕੀਤੀ ਗਈ ਅਤੇ ਸਭਾ ਦੇ ਜਨਰਲ ਸਕੱਤਰ ਗੁਰਦਿਆਲ ਨਿਰਮਾਣ ਧੂਰੀ ਨੂੰ ਸਰਦੂਲ ਦੀ ਅੰਤਿਮ ਅਰਦਾਸ ਵਿੱਚ ਸ਼ਾਮਲ ਹੋਣ ਲਈ ਭੇਜਿਆ ਗਿਆ ।
           ਇਸ ਤੋਂ ਉਪਰੰਤ ਕੌਮਾਂਤਰੀ ਮਾਂ ਬੋਲੀ ਦਿਵਸ ਦੇ ਸੰਬੰਧ ਵਿੱਚ ਹੋਏ ਵਿਚਾਰ ਵਟਾਂਦਰੇ ਰਾਹੀਂ ਪੰਜਾਬੀ ਭਾਸ਼ਾ ਨਾਲ਼ ਆਮ ਲੋਕਾਂ ਅਤੇ ਸਰਕਾਰਾਂ ਵੱਲੋਂ ਹੋ ਰਹੇ ਵਿਤਕਰੇ ਦੀ ਨਿਖੇਧੀ ਕਰਦਿਆਂ 2008 ਵਿੱਚ ਬਣੇ  ਪੰਜਾਬੀ ਭਾਸ਼ਾ ਅੈਕਟ ਨੂੰ ਇੰਨ ਬਿੰਨ ਲਾਗੂ ਕਰ ਕੇ ਪੰਜਾਬੀ ਭਾਸ਼ਾ ਨੂੰ ਰੋਜ਼ਗਾਰ ਅਤੇ ਵਪਾਰ ਦੀ ਭਾਸ਼ਾ ਬਣਾਉਂਣ ਦੀ ਮੰਗ ਕੀਤੀ ਗਈ । ਪੰਜਾਬੀ ਭਾਸ਼ਾ ਪਸਾਰ ਭਾਈਚਾਰਾ ਵੱਲੋਂ ” ਦੂਜੀ ਗਦਰ ਲਹਿਰ ਦਾ ਬਿਗਲ ” ਪੁਸਤਕ ਛਾਪਣ ਅਤੇ ਪੰਜਾਬੀ ਭਾਸ਼ਾ ਬਾਰੇ ਕੀਤੇ ਜਾ ਰਹੇ ਕਾਰਜਾਂ ਦੀ ਸ਼ਲਾਘਾ ਕੀਤੀ ਗਈ । ਅੰਤਰ ਰਾਸ਼ਟਰੀ ਅੌਰਤ ਦਿਵਸ ਸੰਬੰਧੀ ਕੁੱਲ ਦੁਨੀਆਂ ਦੀਆਂ ਅੌਰਤਾਂ ਨੂੰ ਮੁਬਾਰਕਬਾਦ ਦੇ ਨਾਲ਼ ਨਾਲ਼ ਆਪਣੇ ਹੱਕਾਂ ਲਈ ਲੜਨ ਦੀ ਸਲਾਹ ਦਿੱਤੀ ਗਈ ਅਤੇ 23 ਮਾਰਚ ਨੂੰ ਆ ਰਹੇ ਸ਼ਹੀਦ ਭਗਤ ਸਿੰਘ ਦੇ ਬਲੀਦਾਨ ਦਿਵਸ ਸੰਬੰਧੀ ਨੌਜਵਾਨਾਂ ਨੂੰ ਉਹਨਾਂ ਦੁਆਰਾ ਪਾਏ ਪੂਰਨਿਆਂ ‘ਤੇ ਚਲਦੇ ਹੋਏ ਜਨ ਅੰਦੋਲਨ ਵਿੱਚ ਆਪਣਾ ਯੋਗਦਾਨ ਏਸੇ ਤਰਾਂ ਪਾਉਂਦੇ ਰਹਿਣ ਦੀ ਅਪੀਲ ਕੀਤੀ ਗਈ ।
            ਤੀਸਰੇ ਦੌਰ ਵਿੱਚ ਉਪਰੋਕਤ ਤਿੰਨੇਂ ਵਿਸ਼ਿਆਂ ਨਾਲ਼ ਸੰਬੰਧਤ ਗੀਤ ਗ਼ਜ਼ਲਾਂ ਤੇ ਕਵਿਤਾਵਾਂ ਤੋਂ ਇਲਾਵਾ ਹਾਜ਼ਰ ਮੈਂਬਰਾਂ ਵੱਲੋਂ ਉਸਾਰੂ ਅਲੋਚਨਾ ਅਤੇ ਕੀਮਤੀ ਸੁਝਾਅ ਵੀ ਪੇਸ਼ ਕੀਤੇ ਗਏ ਜਿਹਨਾਂ ਵਿੱਚ ਵਿਸ਼ੇਸ਼ ਤੌਰ ‘ਤੇ ਰਣਜੀਤ ਆਜ਼ਾਦ ਕਾਂਝਲਾ ਨੇ ਮਾਂ ਬੋਲੀ ਪੰਜਾਬੀ ਦੀ ਦਸ਼ਾ ਅਤੇ ਦਿਸ਼ਾ ਬਾਰੇ ਕਵਿਤਾ , ਸੁਖਵਿੰਦਰ ਸੁੱਖੀ ਮੂਲੋਵਾਲ ਨੇ ਮੁਹੱਬਤੀ ਗੀਤ , ਮੰਗਲ ਬਾਵਾ ਨੇ ਘੱਗਰੇ ਵੀ ਹਨ ਫੁਲਕਾਰੀਆਂ ਵੀ ਹਨ  ਕਵਿਤਾ , ਪ੍ਰੋ. ਨਰਿੰਦਰ ਸਿੰਘ ਸੰਗਰੂਰ ਨੇ ਨਾਰੀ ਦਿਵਸ ਦੀ ਮਹੱਤਤਾ ਬਾਰੇ ਕਵਿਤਾ , ਸੁਰਜੀਤ ਸਿੰਘ ਮੌਜੀ ਨੇ ਸ਼ਹੀਦ ਭਗਤ ਸਿੰਘ ਦੀ ਵਾਰ , ਡਾ. ਪਰਮਜੀਤ ਦਰਦੀ ਨੇ ਵੱਖੋ ਵੱਖ ਵਿਸ਼ਿਆਂ ਦਾ ਗੁਲਦਸਤਾ ਨੁਮਾ ਗ਼ਜ਼ਲ , ਸੁਖਵਿੰਦਰ ਸਿੰਘ ਲੋਟੇ ਨੇ ਕਿਸਾਨੀ ਅੰਦੋਲਨ ਬਾਰੇ ਸਮੇਂ ਦੇ ਹਾਕਮਾਂ ਨੂੰ ਵੰਗਾਰਦਾ ਗੀਤ , ਕਰਮ ਸਿੰਘ ਜ਼ਖ਼ਮੀ ਨੇ ਅੌਰਤਾਂ ਦੀਆਂ ਪ੍ਰਾਪਤੀਆਂ ਅਤੇ ਕਮਜ਼ੋਰੀਆਂ ਦੋਵਾਂ ਨੂੰ ਹੀ ਉਜਾਗਰ ਕਰਦੀ ਗ਼ਜ਼ਲ ਅਤੇ ਮੂਲ ਚੰਦ ਸ਼ਰਮਾ ਨੇ ਅੌਰਤਾਂ ਨੂੰ ਏਕਤਾ ਨਾਲ਼ ਬਰਾਬਰ ਦੇ ਹੱਕ ਲੈਣ ਲਈ ਪ੍ਰੇਰਦਾ ਗੀਤ ਪੇਸ਼ ਕੀਤਾ ।
            ਅਖੀਰ ਵਿੱਚ ਅਸ਼ੋਕ ਭੰਡਾਰੀ ਨੇ ” ਵਿਦਿਆਰਥੀਆਂ ਵਿੱਚ ਉਤਸ਼ਾਹ ਅਤੇ ਨੈਤਿਕ ਸਿੱਖਿਆ ਕਿਵੇਂ ਪੈਦਾ ਕਰੀਏ ” ਵਿਸ਼ੇ ‘ਤੇ ਆਪਣੇ ਵਿਚਾਰ ਵਿਸਥਾਰ ਸਹਿਤ ਸਾਂਝੇ ਕੀਤੇ । ਪੇਸ਼ ਕੀਤੀਆਂ ਗਈਆਂ ਰਚਨਾਵਾਂ ਬਾਰੇ ਆਪਣੇ ਕੀਮਤੀ ਸੁਝਾਅ ਅਤੇ ਉਸਾਰੂ ਅਲੋਚਨਾਂ ਕਰਨ ਵਾਲ਼ਿਆਂ ਵਿੱਚ ਕਰਮ ਸਿੰਘ ਜ਼ਖਮੀ ਤੋਂ ਇਲਾਵਾ ਜਗਤਾਰ ਸਿੰਘ ਸੰਗਰੂਰ , ਦੀਪਕ ਗਰਗ ,ਕੁਲਵੰਤ ਸਿੰਘ ਬੁੰਗਾ ਅਤੇ ਸੁਖਦੇਵ ਸਿੰਘ ਬਾਜਵਾ ਦੇ ਨਾਂ ਵਰਨਣ ਯੋਗ ਹਨ । ਅਗਲੀ ਇਕੱਤਰਤਾ 04 ਅਪ੍ਰੈਲ ਨੂੰ ਸਭਾ ਦੇ ਦਫ਼ਤਰ ਡਾ. ਰਾਮ ਸਿੰਘ ਸਿੱਧੂ ਯਾਦਗਾਰੀ ਸਾਹਿਤ ਭਵਨ ਵਿਖੇ ਹੋਵੇਗੀ ।

ਸਮਾਜ ਵੀਕਲੀਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਧੰਨਵਾਦ ਪੱਤਰ
Next articleਜਿਲਾ ਬਾਰ ਅਸੋਸਿਏਸ਼ਨ ਜਲੰਧਰ ਦੀਆਂ ਮਹਿਲਾ ਵਕੀਲਾਂ, ਵੱਲੋਂ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ ਗਿਆ