ਬਹੁਜਨ ਸਮਾਜ ਪਾਰਟੀ ਦੀ ਮੁਖੀ ਮਾਇਆਵਤੀ ਨੇ ਅੱਜ ਐਲਾਨ ਕੀਤਾ ਕਿ ਉਹ ਆਗਾਮੀ ਲੋਕ ਸਭਾ ਚੋਣਾਂ ਨਹੀਂ ਲੜੇਗੀ, ਪਰ ਬਸਪਾ ਆਗੂ ਨੇ ਜ਼ਿਮਨੀ ਚੋਣ ਰਾਹੀਂ ਪਾਰਲੀਮੈਂਟ ’ਚ ਦਾਖ਼ਲੇ ਦੇ ਬਦਲ ਨੂੰ ਜ਼ਰੂਰ ਖੁੱਲ੍ਹਾ ਰੱਖਿਆ ਹੈ। ਮਾਇਆਵਤੀ ਨੇ ਕਿਹਾ ਸਮੇਂ ਦਾ ਤਕਾਜ਼ਾ ਇਹੀ ਕਹਿੰਦਾ ਹੈ ਕਿ ਉਹ ਲੋਕ ਸਭਾ ਚੋਣ ਨਾ ਲੜੇ। ਉਂਜ ਬਸਪਾ ਮੁਖੀ ਨੇ ਪਾਰਟੀ ਵਰਕਰਾਂ ਨੂੰ ਕਿਹਾ ਕਿ ਉਹ ਇਸ ਫੈਸਲੇ ਤੋਂ ਨਿਰਾਸ਼ ਨਾ ਹੋਣ। ਮਾਇਆਵਤੀ ਨੇ ਕਿਹਾ, ‘ਮੌਜੂਦਾ ਹਾਲਾਤ, ਦੇਸ਼ ਦੀ ਲੋੜ ਅਤੇ ਪਾਰਟੀ ਹਿੱਤਾਂ ਦੇ ਮੱਦੇਨਜ਼ਰ ਸਮੇਂ ਦੀ ਮੰਗ ਹੈ ਕਿ ਮੈਂ ਲੋਕ ਸਭਾ ਚੋਣਾਂ ਨਾ ਲੜਾਂ।… ਤੇ ਇਹੀ ਵਜ੍ਹਾ ਹੈ ਕਿ ਮੈਂ ਆਗਾਮੀ ਲੋਕ ਸਭਾ ਚੋਣਾਂ ਨਾ ਲੜਨ ਦਾ ਫੈਸਲਾ ਕੀਤਾ ਹੈ।’ ਸੂਬੇ ਦੀ ਸਾਬਕਾ ਮੁੱਖ ਮੰਤਰੀ ਨੇ ਪਾਰਟੀ ਵਰਕਰਾਂ ਨੂੰ ਕਿਹਾ ਕਿ ਉਹ ਇਸ ਫੈਸਲੇ ਤੋਂ ਭੋਰਾ ਵੀ ਨਿਰਾਸ਼ ਨਾ ਹੋਣ। ਦਲਿਤ ਆਗੂ ਨੇ ਮਗਰੋਂ ਇਕ ਟਵੀਟ ’ਚ ਕਿਹਾ, ‘1995 ਵਿੱਚ ਜਦੋਂ ਪਹਿਲੀ ਵਾਰ ਯੂਪੀ ਦੀ ਮੁੱਖ ਮੰਤਰੀ ਬਣੀ ਤਾਂ ਮੈਂ ਉਦੋਂ ਯੂਪੀ ਅਸੈਂਬਲੀ ਜਾਂ ਪ੍ਰੀਸ਼ਦ ’ਚੋਂ ਕਿਸੇ ਦੀ ਵੀ ਮੈਂਬਰ ਨਹੀਂ ਸਾਂ। ਕੇਂਦਰ ਵਿੱਚ ਵੀ ਕੁਝ ਅਜਿਹੀ ਹੀ ਵਿਵਸਥਾ ਮੌਜੂਦ ਹੈ, ਜਿੱਥੇ ਕਿਸੇ ਵਿਅਕਤੀ ਨੂੰ ਮੰਤਰੀ/ਪ੍ਰਧਾਨ ਮੰਤਰੀ ਬਣਨ ਦੇ ਛੇ ਮਹੀਨਿਆਂ ਅੰਦਰ ਲੋਕ ਸਭਾ/ਰਾਜ ਸਭਾ ਦਾ ਮੈਂਬਰ ਬਣਨਾ ਹੁੰਦਾ ਹੈ। ਲਿਹਾਜ਼ਾ ਮੇਰੇ ਫੈਸਲੇ ਤੋਂ ਦਿਲ ਛੋਟਾ ਨਾ ਕਰੋ।’ ਬਸਪਾ ਆਗੂ ਨੇ ਕਿਹਾ ਕਿ ਜੇਕਰ ਮਗਰੋਂ ਕਿਸੇ ਪੜਾਅ ’ਤੇ ਸੰਸਦ ਵਿੱਚ ਦਾਖ਼ਲੇ ਦੀ ਲੋੜ ਪੈਂਦੀ ਹੈ ਤਾਂ ਉਹ ਕਿਸੇ ਵੀ ਸੀਟ ਨੂੰ ਖਾਲੀ ਕਰਵਾ ਕੇ ਸੰਸਦ ਮੈਂਬਰ ਬਣ ਸਕਦੇ ਹਨ।
HOME ਮਾਇਆਵਤੀ ਵੱਲੋਂ ਲੋਕ ਸਭਾ ਚੋਣ ਲੜਨ ਤੋਂ ਇਨਕਾਰ