ਕੋਲੰਬੋ (ਸਮਾਜ ਵੀਕਲੀ): ਸ੍ਰੀਲੰਕਾ ਦੇ ਸਾਬਕਾ ਰਾਸ਼ਟਰਪਤੀ ਮਹਿੰਦਾ ਰਾਜਪਕਸੇ 9 ਅਗਸਤ ਨੂੰ ਚੌਥੀ ਵਾਰ ਦੇਸ਼ ਦੇ ਪ੍ਰਧਾਨ ਮੰਤਰੀ ਵਜੋਂ ਹਲਫ਼ ਲੈਣਗੇ। ਸ੍ਰੀਲੰਕਾ ਪੀਪਲਜ਼ ਪਾਰਟੀ (ਐੱਸਐੱਲਪੀਪੀ) ਦੇ 74 ਸਾਲਾ ਆਗੂ ਨੂੰ ਪੰਜ ਲੱਖ ਦੇ ਕਰੀਬ ਵੋਟਾਂ ਪਈਆਂ ਹਨ ਤੇ ਮੁਲਕ ਦੀਆਂ ਚੋਣਾਂ ਦੇ ਇਤਿਹਾਸ ’ਚ ਇਹ ਕਿਸੇ ਉਮੀਦਵਾਰ ਨੂੰ ਪਈਆਂ ਸਭ ਤੋਂ ਵੱਧ ਵੋਟਾਂ ਹਨ। ਰਾਜਪਕਸੇ ਕੇਲਾਨੀਆ ਦੇ ਰਾਜਮਹਾ ਵਿਹਾਰ ’ਚ ਅਹੁਦੇ ਦੀ ਸਹੁੰ ਚੁੱਕਣਗੇ। ਮੁਲਕ ਦੀਆਂ ਆਮ ਚੋਣਾਂ ’ਚ ਮਹਿੰਦਾ ਦੀ ਅਗਵਾਈ ਹੇਠ ਐੱਸਐੱਲਪੀਪੀ ਨੇ ਰਿਕਾਰਡ ਜਿੱਤ ਦਰਜ ਕੀਤੀ ਹੈ। ਉਨ੍ਹਾਂ ਇਨ੍ਹਾਂ ਚੋਣਾਂ ’ਚ 225 ਮੈਂਬਰੀ ਸੰਸਦ ਦੀਆਂ 150 ਸੀਟਾਂ ਜਿੱਤ ਕੇ ਦੋ ਤਿਹਾਈ ਬਹੁਮਤ ਹਾਸਲ ਕਰ ਲਿਆ ਹੈ।