ਪੰਜਾਬ ਸਰਕਾਰ ਦੇ ਆਦੇਸ਼ਾਂ ਦੀ ਸ਼ਰ੍ਹੇਆਮ ਧੱਜੀਆਂ ਉਡਾਉਣ ਵਿੱਚ ਸਰਪੰਚਾਂ ਦੀ ਮਦਦ ਕਰ ਰਿਹਾ ਜ਼ਿਲ੍ਹੇ ਦਾ ਪੰਚਾਇਤ ਵਿਭਾਗ-ਕਰਮਜੀਤ ਕੌੜਾ
ਕਪੂਰਥਲਾ (ਸਮਾਜ ਵੀਕਲੀ) ( ਕੌੜਾ )- ਪੰਜਾਬ ਸਰਕਾਰ ਦੁਆਰਾ ਪਿੰਡਾਂ ਦੀਆਂ ਪੰਚਾਇਤਾਂ ਵਿੱਚ ਚੁਣੇ ਗਏ ਮਹਿਲਾ ਸਰਪੰਚਾਂ ਦੇ ਪਤੀਆਂ ਵੱਲੋਂ ਸਰਪੰਚ ਦੀ ਭੂਮਿਕਾ ਨਿਭਾਉਣ ਤੇ ਲਗਾਈ ਰੋਕ ਦੀਆਂ ਪੰਜਾਬ ਸਰਕਾਰ ਦੀਆਂ ਹਦਾਇਤਾ ਦੀਆਂ ਧੱਜੀਆਂ ਜਿੱਥੇ ਪੰਜਾਬ ਦੇ ਵੱਖ ਵੱਖ ਪਿੰਡਾਂ ਵਿੱਚ ਸ਼ਰੇਆਮ ਉਡਾਈਆਂ ਜਾ ਰਹੀਆਂ ਹਨ । ਉਥੇ ਹੀ ਇਸ ਵਿੱਚ ਸਰਪੰਚਾ ਦੀ ਸ਼ਰੇਆਮ ਜ਼ਿਲ੍ਹੇ ਦਾ ਪੰਚਾਇਤ ਵਿਭਾਗ ਮਦਦ ਕਰ ਰਿਹਾ ਹੈ।
ਜ਼ਿਲ੍ਹਾ ਕਪੂਰਥਲਾ ਵਿੱਚ ਵੀ ਕਈ ਪਿੰਡਾਂ ਵਿੱਚ ਇਹਨਾਂ ਹੁਕਮਾਂ ਦੀਆਂ ਧੱਜੀਆਂ ਸ਼ਰੇਆਮ ਉਡਾਈਆਂ ਜਾ ਰਹੀਆਂ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਕਿਸਾਨ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਕਰਮਜੀਤ ਸਿੰਘ ਕੌੜਾ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਖਤ ਹਦਾਇਤਾਂ ਹਨ ਕਿ ਮਹਿਲਾ ਸਰਪੰਚਾਂ ਦੇ ਪਤੀਆਂ ਵੱਲੋਂ ਸਰਪੰਚਾਂ ਦੀ ਭੂਮਿਕਾ ਨਾ ਨਿਭਾ ਕੇ ਬਲਕਿ ਪਿੰਡ ਦੇ ਲੋਕਾਂ ਵੱਲੋਂ ਚੁਣੀ ਗਈ ਮਹਿਲਾ ਸਰਪੰਚ ਵੱਲੋਂ ਹੀ ਸਰਪੰਚ ਦੀ ਭੂਮਿਕਾ ਨਿਭਾਈ ਜਾਵੇ।
ਪ੍ਰੰਤੂ ਇਹ ਹੁਕਮ ਕਾਗਜ਼ਾਂ ਤੱਕ ਹੀ ਸੀਮਤ ਹਨ। ਉਨ੍ਹਾਂ ਕਿਹਾ ਕਿ ਪਿਛਲੇ ਦਿਨੀਂ ਤਹਿਸੀਲ ਸੁਲਤਾਨਪੁਰ ਲੋਧੀ ਦੇ ਇਕ ਪਿੰਡ ਦੀ ਮਹਿਲਾ ਸਰਪੰਚ ਦੇ ਪਤੀ ਵੱਲੋਂ ਜਿੱਥੇ ਨਰੇਗਾ ਦੇ ਵੱਖ ਵੱਖ ਫੰਡਾਂ ਵਿੱਚ ਕਥਿਤ ਘਪਲੇਬਾਜ਼ੀ ਦੇ ਦੋਸ਼ ਪਿੰਡ ਨਿਵਾਸੀਆਂ ਵੱਲੋਂ ਲਗਾਉਣ ਦੀ ਵੀਡੀਓ ਵਾਇਰਲ ਹੋਈ ਹੈ , ਤੋਂ ਸਪੱਸ਼ਟ ਹੁੰਦਾ ਹੈ ਕਿ ਮਹਿਲਾ ਸਰਪੰਚਾਂ ਦੇ ਪਤੀ ਹੀ ਅਜੇ ਵੀ ਸਰਕਾਰ ਦੀਆਂ ਹਦਾਇਤਾਂ ਨੂੰ ਟਿੱਚ ਜਾਣਦੇ ਹੋਏ ਸਰਪੰਚ ਦੀ ਭੂਮਿਕਾ ਨਿਭਾ ਰਹੇ ਹਨ। ਉਨ੍ਹਾਂ ਕਿਹਾ ਕਿ ਪੰਚਾਇਤ ਵਿਭਾਗ ਆਰ ਟੀ ਆਈ ਦੀਆਂ ਸੂਚਨਾਵਾਂ ਦੇਣ ਤੋਂ ਵੀ ਜ਼ਿਲ੍ਹੇ ਵਿੱਚ ਕੰਨੀ ਕਤਰਾਉਂਦਾ ਹੈ। ਉਨ੍ਹਾਂ ਦੱਸਿਆ ਕਿ ਜਿੱਥੇ ਪਿਛਲੇ ਸਾਲ ਕੁੱਲ 42 ਆਰ ਟੀ ਆਈ ਵੱਖ ਵੱਖ ਲੋਕਾਂ ਵੱਲੋਂ ਵੱਖ ਸੂਚਨਾਵਾਂ ਸੰਬੰਧੀ ਪਾਈਆਂ ਗਈਆਂ ਸਨ। ਜਿਨ੍ਹਾਂ ਦਾ ਜਵਾਬ ਵਿਭਾਗ ਦੁਆਰਾ ਨਹੀਂ ਦਿੱਤਾ ਗਿਆ ।
ਇਸ ਸਾਲ ਇਹ ਆਰ ਟੀ ਆਈਜ਼ ਵੱਧ ਕੇ 72 ਦੇ ਕਰੀਬ ਹੋ ਚੁੱਕੀਆਂ ਹਨ। ਜਿਨ੍ਹਾਂ ਸਬੰਧੀ ਪੰਚਾਇਤ ਵਿਭਾਗ ਅਜੇ ਤੱਕ ਕੋਈ ਵੀ ਸੂਚਨਾ ਉਨ੍ਹਾਂ ਨੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਤੋਂ ਮੰਗ ਕੀਤੀ ਹੈ ਕਿ ਪੰਚਾਇਤ ਵਿਭਾਗ ਦੀਆਂ ਸੇਵਾਵਾਂ ਨੂੰ ਵਧੀਆ ਤੇ ਨਿਪੁੰਨ ਬਣਾਉਣ ਲਈ ਇਸ ਵਿਭਾਗ ਨੂੰ ਜਨਤਾ ਲਈ ਪੂਰਨ ਤੌਰ ਤੇ ਜਿੱਥੇ ਜਵਾਬਦੇਹ ਬਣਾਇਆ ਜਾਵੇ ਉੱਥੇ ਹੀ ਮਹਿਲਾ ਸਰਪੰਚ ਦੀ ਜਗ੍ਹਾ ਉਨ੍ਹਾਂ ਦੇ ਪਤੀਆਂ ਵੱਲੋਂ ਕੀਤੀ ਜਾ ਰਹੀ ਸਰਪੰਚੀ ਦੀਆਂ ਜਾਰੀ ਪੰਜਾਬ ਸਰਕਾਰ ਦੀਆਂ ਹਦਾਇਤਾਂ ਨੂੰ ਇਨ ਬਿਨ ਲਾਗੂ ਕਰਵਾਉਣ ਲਈ ਸਖ਼ਤ ਕਦਮ ਚੁੱਕੇ ਜਾਣ ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly