ਸਿਲਹਟ (ਬੰਗਲਾਦੇਸ਼) (ਸਮਾਜ ਵੀਕਲੀ): ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਜੈਮੀਮਾ ਰੌਡਰਿਗਜ਼ ਦੇ ਸ਼ਾਨਦਾਰ ਅਰਧ ਸੈਂਕੜੇ (76 ਦੌੜਾਂ) ਸਦਕਾ ਇੱਥੇ ਸ੍ਰੀਲੰਕਾ ਨੂੰ 41 ਦੌੜਾਂ ਨਾਲ ਹਰਾ ਕੇ ਮਹਿਲਾ ਏਸ਼ੀਆ ਕੱਪ ਟੀ-20 ਵਿੱਚ ਜੇਤੂ ਸ਼ੁਰੂਆਤ ਕੀਤੀ ਹੈ। ਭਾਰਤੀ ਮਹਿਲਾ ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਨਿਰਧਾਰਿਤ 20 ਓਵਰਾਂ ਵਿੱਚ 6 ਵਿਕਟਾਂ ਗੁਆ ਕੇ 150 ਦੌੜਾਂ ਬਣਾਈਆ ਜਿਸ ਦੇ ਜਵਾਬ ਵਿੱਚ ਸ੍ਰੀਲੰਕਾ ਦੀ ਟੀਮ 109 ਦੌੜਾਂ ’ਤੇ ਸਿਮਟ ਗਈ। ਭਾਰਤੀ ਟੀਮ ਵੱਲੋਂ ਜੈਮੀਮਾ ਰੌਡਰਿਗਜ਼ ਨੇ ਆਪਣੀ 76 ਦੌੜਾਂ ਦੀ ਪਾਰੀ ਦੌਰਾਨ 11 ਚੌਕੇ ਅਤੇ ਇੱਕ ਛੱਕਾ ਮਾਰਿਆ। ਇਹ ਉਸ ਦੇ ਕੌਮਾਂਤਰੀ ਕਰੀਅਰ ਦੀ ਸਰਵੋਤਮ ਪਾਰੀ ਹੈ।
ਕਪਤਾਨ ਹਰਮਨਪ੍ਰੀਤ ਕੌਰ ਨੇ 33, ਹੇਮਲਤਾ ਨੇ 13 ਅਤੇ ਸ਼ੈਫਾਲੀ ਵਰਮਾ ਨੇ 10 ਦੌੜਾਂ ਬਣਾਈਆਂ। ਸ੍ਰੀਲੰਕਾ ਵੱਲੋਂ ਗੇਂਦਬਾਜ਼ ਓ. ਰਾਣਾਸਿੰਘੇ ਨੇ 3 ਵਿਕਟਾਂ ਲਈਆਂ। ਬਾਅਦ ਵਿੱਚ ਜਿੱਤ ਲਈ 151 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਸ੍ਰੀਲੰਕਾ ਦੀ ਟੀਮ 18.2 ਓਵਰਾਂ ਵਿੱਚ ਸਿਰਫ 109 ਦੌੜਾਂ ’ਤੇ ਆਊਟ ਹੋ ਗਈ। ਟੀਮ ਵੱਲੋਂ ਸਿਰਫ ਤਿੰਨ ਬੱਲੇਬਾਜ਼ ਹਸਿਨੀ ਪਰੇਰਾ (30 ਦੌੜਾਂ), ਹਰਸ਼ਿਤਾ ਮਦਾਵੀ (26 ਦੌੜਾਂ) ਅਤੇ ਓਸ਼ਾਦੀ ਰਣਸਿੰਘੇ (11 ਦੌੜਾਂ) ਹੀ ਦਹਾਈ ਦੇ ਅੰਕੜੇ ਤੱਕ ਪਹੁੰਚ ਸਕੀਆਂ। ਭਾਰਤ ਵੱਲੋਂ ਦਿਆਲਨ ਹੇਮਲਤਾ ਨੇ 3 ਜਦਕਿ ਦੀਪਤੀ ਸ਼ਰਮਾ ਤੇ ਪੂਜਾ ਵਸਤਰਾਕਾਰ ਨੇ 2-2 ਵਿਕਟਾਂ ਲਈਆਂ। ਰਾਧਾ ਯਾਦਵ ਨੂੰ ਇੱਕ ਵਿਕਟ ਮਿਲੀ। ਸ਼ਾਨਦਾਰ ਪ੍ਰਦਰਸ਼ਨ ਲਈ ਜੈਮੀਮਾ ਰੌਡਰਿਗਜ਼ ‘ਪਲੇਅਰ ਆਫ ਦਿ ਮੈਚ’ ਚੁਣੀ ਗਈ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly