ਮੁੰਬਈ (ਸਮਾਜ ਵੀਕਲੀ) : ਸ਼ਿਵ ਸੈਨਾ ਦੇ ਸੰਸਦ ਮੈਂਬਰ ਸੰਜੈ ਰਾਊਤ ਨੇ ਅਨਿਲ ਦੇਸ਼ਮੁਖ ਨੂੰ ‘ਅਚਾਨਕ ਬਣਿਆ ਗ੍ਰਹਿ ਮੰਤਰੀ’ ਕਰਾਰ ਦਿੱਤਾ ਹੈ। ਰਾਉਤ ਨੇ ਦਾਅਵਾ ਕੀਤਾ ਕਿ ਸੀਨੀਅਰ ਐਨਸੀਪੀ ਆਗੂਆਂ ਜੈਅੰਤ ਪਾਟਿਲ ਤੇ ਦਿਲੀਪ ਵਾਲਸੇ-ਪਾਟਿਲ ਨੇ ਜ਼ਿੰਮੇਵਾਰੀ ਲੈਣ ਤੋਂ ਇਨਕਾਰ ਕਰ ਦਿੱਤਾ ਸੀ। ‘ਸਾਮਨਾ’ ਵਿਚ ਆਪਣੇ ਹਫ਼ਤਾਵਾਰੀ ਕਾਲਮ ਵਿਚ ਰਾਉਤ ਨੇ ਲਿਖਿਆ ਕਿ ਸ਼ਿਵ ਸੈਨਾ-ਐਨਸੀਪੀ-ਕਾਂਗਰਸ ਸਰਕਾਰ ਕੋਲ ਸਾਬਕਾ ਮੁੰਬਈ ਪੁਲੀਸ ਮੁਖੀ ਵੱਲੋਂ ਲਾਏ ਦੋਸ਼ਾਂ ਦਾ ਢੁੱਕਵਾਂ ਜਵਾਬ ਦੇਣ ਲਈ ਕੋਈ ਸਿਆਸੀ ਮਸ਼ੀਨਰੀ ਮੌਜੂਦ ਨਹੀਂ ਸੀ।
ਉਨ੍ਹਾਂ ਕਿਹਾ ਕਿ ਕੋਈ ਵੀ ਵੱਡਾ ਆਗੂ ਸਰਕਾਰ ਦੀ ਸਾਖ਼ ਬਚਾਉਣ ਲਈ ਸਾਹਮਣੇ ਨਹੀਂ ਆਇਆ। ਜ਼ਿਕਰਯੋਗ ਹੈ ਕਿ ਸਾਬਕਾ ਮੁੰਬਈ ਪੁਲੀਸ ਮੁਖੀ ਪਰਮਬੀਰ ਸਿੰਘ ਨੇ ਗ੍ਰਹਿ ਮੰਤਰੀ ਉਤੇ ਦੋਸ਼ ਲਾਏ ਸਨ ਕਿ ਉਹ ਪੁਲੀਸ ਨੂੰ 100 ਕਰੋੜ ਰੁਪਏ ਮਹੀਨਾ ਇਕੱਠਾ ਕਰਨ ਲਈ ਕਹਿੰਦੇ ਹਨ। ਸ਼ਿਵ ਸੈਨਾ ਆਗੂ ਨੇ ਕਿਹਾ ਕਿ ਜਦ ਪਾਟਿਲ ਤੇ ਦਿਲੀਪ ਨੇ ਨਾਂਹ ਕਰ ਦਿੱਤੀ ਤਾਂ ਸ਼ਰਦ ਪਵਾਰ ਨੇ ਐਨਸੀਪੀ ਆਗੂ ਅਨਿਲ ਦੇਸ਼ਮੁਖ ਨੂੰ ਇਸ ਅਹੁਦੇ ਲਈ ਚੁਣਿਆ ਸੀ। ਰਾਊਤ ਨੇ ਕਿਹਾ ਕਿ ਜੇਕਰ ਜੂਨੀਅਰ ਅਫ਼ਸਰ (ਏਪੀਆਈ) ਸਚਿਨ ਵਜ਼ੇ ਮੁੰਬਈ ਪੁਲੀਸ ਕਮਿਸ਼ਨਰ ਦਫ਼ਤਰ ’ਚੋਂ ਪੈਸਾ ਇਕੱਠਾ ਕਰਨ ਦਾ ਰੈਕੇਟ ਚਲਾ ਰਿਹਾ ਸੀ ਤਾਂ ਗ੍ਰਹਿ ਮੰਤਰੀ ਨੂੰ ਇਸ ਦੀ ਜਾਣਕਾਰੀ ਕਿਉਂ ਨਹੀਂ ਸੀ?
ਵਜ਼ੇ ਨੂੰ ਐਨੀ ਤਾਕਤ ਕਿੱਥੋਂ ਮਿਲੀ ਤੇ ਉਹ ਕਿਸ ਦਾ ਚਹੇਤਾ ਸੀ? ਇਹ ਸਭ ਸਾਹਮਣੇ ਆਉਣਾ ਚਾਹੀਦਾ ਹੈ। ਰਾਉਤ ਨੇ ਕਿਹਾ ਕਿ ਦੇਸ਼ਮੁਖ ਨੇ ਗ਼ੈਰਜ਼ਰੂਰੀ ਤਰੀਕੇ ਨਾਲ ਕੁਝ ਪੁਲੀਸ ਅਧਿਕਾਰੀਆਂ ਨੂੰ ਹਟਾਇਆ ਹੈ। ਉਨ੍ਹਾਂ ਕਿਹਾ ਕਿ ਗ੍ਰਹਿ ਮੰਤਰੀ ਸ਼ੱਕੀ ਅਧਿਕਾਰੀਆਂ ਵਿਚ ਘਿਰ ਕੇ ਆਪਣਾ ਕੰਮ ਸਹੀ ਢੰਗ ਨਾਲ ਨਹੀਂ ਕਰ ਸਕਦਾ। ਸਿਰਫ਼ ਜਾਂਚ ਦੇ ਹੁਕਮ ਦੇਣਾ ਗ੍ਰਹਿ ਮੰਤਰੀ ਦਾ ਕੰਮ ਨਹੀਂ ਹੈ, ਪਰ ਮਜ਼ਬੂਤ ਅਗਵਾਈ ਦੇਣਾ ਉਸ ਦਾ ਕੰਮ ਹੈ। ਮਜ਼ਬੂਤ ਅਗਵਾਈ ਇਮਾਨਦਾਰੀ ਮੰਗਦੀ ਹੈ। ਇਸੇ ਦੌਰਾਨ ਮਹਾਰਾਸ਼ਟਰ ਦੇ ਡਿਪਟੀ ਮੁੱਖ ਮੰਤਰੀ ਅਜੀਤ ਪਵਾਰ ਨੇ ਕਿਹਾ ਕਿ ਕਿਸੇ ਨੂੰ ਵੀ ਗੱਠਜੋੜ ਸਰਕਾਰ ਦੇ ਰਾਹ ’ਚ ਅੜਿੱਕਾ ਨਹੀਂ ਬਣਨਾ ਚਾਹੀਦਾ। ਪਵਾਰ ਨੇ ਕਿਹਾ ਕਿ ਗੱਠਜੋੜ ਵਿਚ ਹਰ ਸੱਤਾਧਾਰੀ ਪਾਰਟੀ ਦਾ ਮੁਖੀ ਕੈਬਨਿਟ ਅਹੁਦਿਆਂ ਦਾ ਫ਼ੈਸਲਾ ਕਰਦਾ ਹੈ। ਐਨਸੀਪੀ ਵਿਚ ਇਹ ਫ਼ੈਸਲਾ ਸ਼ਰਦ ਪਵਾਰ ਕਰਦੇ ਹਨ। ਇਸੇ ਤਰ੍ਹਾਂ ਕਾਂਗਰਸ ਤੇ ਸ਼ਿਵ ਸੈਨਾ ਵਿਚ ਹੁੰਦਾ ਹੈ।