(ਸਮਾਜਵੀਕਲੀ)
ਕਿਸੇ ਵੀ ਦੇਸ਼ ਦੀ ਅੰਦਰੂਨੀ – ਬਾਹਰੀ ਸੁਰੱਖਿਆ ਦੇ ਲਈ ਫੌਜ ਦਾ ਗਠਨ ਕਰਨਾ , ਫੌਜ ਦਾ ਹੋਣਾ ਤੇ ਫੌਜ ਦੀ ਮਹਾਨਤਾ ਦਾ ਜਜ਼ਬਾ ਹੋਣਾ ਅਤਿ ਜ਼ਰੂਰੀ ਹੈ । ” ਫੌਜ ” ਜਾਂ ” ਫੌਜੀ ” ਸ਼ਬਦ ਜ਼ੁਬਾਨ ਅਤੇ ਧਿਆਨ ਵਿੱਚ ਆਉਂਦੇ ਹੀ ਥਲ ਸੈਨਾ , ਜਲ ਸੈਨਾ , ਵਾਯੂ ਸੈਨਾ , ਤੱਟ ਰੱਖਿਅਕ ਸੈਨਾ ਅਤੇ ਦੇਸ਼ ਦੀ ਸੁਰੱਖਿਆ ਦੇ ਲਈ ਹਰ ਹਿੱਸੇ, ਹਰ ਸਰਹੱਦ ‘ਤੇ ਤਾਇਨਾਤ ਜਵਾਨਾਂ ਦੀ ਮਹਾਨਤਾ , ਉਨ੍ਹਾਂ ਦਾ ਸਿਦਕ , ਸਿਰੜ , ਜਜ਼ਬਾ , ਕੁਰਬਾਨੀ , ਦੇਸ਼ ਭਗਤੀ ਅਤੇ ਬੇਮਿਸਾਲਤਾ ਦਾ ਦ੍ਰਿਸ਼ ਅਤੇ ਸੋਚ ਮਾਨਸਿਕ – ਪਟਲ ‘ਤੇ ਉੱਭਰ ਆਉਂਦੀ ਹੈ । ਫੌਜ ਦੀ ਡਿਊਟੀ ਨੂੰ ਇੱਕ ਕਿੱਤੇ ਵਜੋਂ ਨਾ ਦੇਖਦੇ ਹੋਏ ਇਸ ਨੂੰ ਇੱਕ ਸਮਰਪਿਤ, ਦੇਸ਼ ਭਗਤੀ, ਹੌਸਲੇ, ਜਜ਼ਬੇ, ਤਿਆਗ , ਸਖਤ ਅਨੁਸਾਸ਼ਨ ਤੇ ਸੇਵਾ ਦੇ ਨਜ਼ਰੀਏ ਨਾਲ ਦੇਖਣਾ ਚਾਹੀਦਾ ਹੈ । ਸਾਡੇ ਫ਼ੌਜੀ ਵੀਰ ਜਵਾਨ ਸਿਦਕ , ਸਿਰੜ , ਅਨੁਸ਼ਾਸਨ , ਜਜ਼ਬੇ , ਦੇਸ਼ ਭਗਤੀ , ਤਿਆਗ ਅਤੇ ਮਹਾਨਤਾ ਦੇ ਵਿਸ਼ਾਲ ਗੁਣਾਂ ਦੇ ਧਾਰਨੀ ਹੋ ਕੇ ਅਤਿ ਸਖ਼ਤ ਡਿਊਟੀ ਨਿਭਾ ਕੇ ਸਾਡੇ ਲਈ ਸੁੱਖ – ਸ਼ਾਂਤੀ , ਖੁਸ਼ਹਾਲੀ , ਹਰਿਆਲੀ , ਸਮਰਿੱਧੀ , ਆਰਾਮ ਤੇ ਸਕੂਨ ਉਪਲੱਬਧ ਕਰਵਾਉਂਦੇ ਹਨ । ਅੱਜ ਅਸੀਂ ਜੇਕਰ ਸੁੱਖ – ਸ਼ਾਂਤੀ ਨਾਲ ਆਪਣੇ ਘਰ – ਪਰਿਵਾਰ ਅਤੇ ਸਮਾਜ ਦੇਸ਼ ਵਿੱਚ ਵਿਚਰ ਰਹੇ ਹਾਂ , ਆਰਾਮ ਨਾਲ ਚੰਗੀ ਤਰ੍ਹਾਂ ਖਾ ਪੀ ਰਹੇ ਹਾਂ , ਰਸਮਾਂ ਰਿਵਾਜਾਂ ਨੂੰ ਨਿਭਾਅ ਰਹੇ ਹਾਂ , ਖੁਸ਼ੀਆਂ ਆਨੰਦ ਮਾਣ ਰਹੇ ਹਾਂ , ਮਨੋਰੰਜਨ ਕਰ ਰਹੇ ਹਾਂ ਤੇ ਸੁੱਖ ਆਰਾਮ ਦੀ ਨੀਂਦ ਸੌਂ ਰਹੇ ਹਾਂ , ਤਾਂ ਇਸ ਦੇ ਪਿੱਛੇ ਫ਼ੌਜੀ ਵੀਰ ਜਵਾਨਾਂ ਦੀ ਮਹਾਨਤਾ , ਉਨ੍ਹਾਂ ਦੀ ਅਤਿਅੰਤ ਸਖ਼ਤ ਡਿਊਟੀ ਅਤੇ ਉਨ੍ਹਾਂ ਦੀ ਰਹਿਨੁਮਾਈ ਸਦਕਾ ਇਹ ਸਭ ਕੁਝ ਸੰਭਵ ਹੋ ਸਕਿਆ ਹੈ । ਫ਼ੌਜੀ ਵੀਰ ਜਵਾਨ ਕੱਕੜ ਰੇਤ , ਤਪਦੀਆਂ ਧੁੱਪਾਂ , ਪੋਹ ਮਾਘ ਦੀਆਂ ਠੰਢਾਂ , ਬਰਫ਼ਾਂ , ਗਲੇਸ਼ੀਅਰਾਂ , ਉੱਚੀਆਂ ਚੋਟੀਆਂ , ਪਹਾੜਾਂ , ਮਾਰੂਥਲਾਂ , ਸਮੁੰਦਰਾਂ , ਪਾਣੀ ਵਿੱਚ , ਜੰਗਲਾਂ ਵਿੱਚ , ਤੱਟਾਂ ‘ਤੇ ਅਤੇ ਹੋਰ ਵੀ ਅਨੇਕਾਂ ਅਸਹਿਣਯੋਗ ਸਥਿਤੀਆਂ ਵਿੱਚ ਆਪਣੇ ਸਿਦਕ , ਸਿਰੜ , ਜਜ਼ਬੇ , ਕੁਰਬਾਨੀ ਅਤੇ ਸਮਰਪਿਤ ਭਾਵਨਾ ਨਾਲ ਅਨੁਸ਼ਾਸਨ ਵਿੱਚ ਰਹਿੰਦੇ ਹੋਏ ਸਾਡੇ ਲਈ ਸ਼ਾਂਤੀ , ਸਕੂਨ , ਖੁਸ਼ੀਆਂ , ਸੁੱਖ , ਆਰਾਮ ਤੇ ਚੈਨ ਉਪਲੱਬਧ ਕਰਵਾਉਂਦੇ ਹਨ ।
ਇਸ ਮਹਾਨਤਾ, ਕੁਰਬਾਨੀ, ਵਡਿਆਈ ਤੇ ਤਿਆਗ ਦੀ ਭਾਵਨਾ ਨੂੰ ਬਿਆਨ ਕਰਨਾ ਸ਼ਾਇਦ ਕਿਸੇ ਵੀ ਲੇਖਕ ਜਾਂ ਕਿਸੇ ਵੀ ਕਲਮ ਦੇ ਬਸ ਵਿੱਚ ਨਹੀਂ ਹੈ, ਭਾਵ ਅਸੰਭਵ ਹੀ ਹੈ । ਹਾਂ, ਫ਼ੌਜੀ ਵੀਰ ਜਵਾਨਾਂ ਦੀ ਇਸ ਮਹਾਨਤਾ, ਇਸ ਤਿਆਗ , ਇਸ ਜਜ਼ਬੇ , ਇਸ ਹੌਂਸਲੇ , ਇਸ ਬਹਾਦਰੀ , ਇਸ ਕੁਰਬਾਨੀ ਤੇ ਦੇਸ਼ ਭਗਤੀ ਨੂੰ ਬਿਆਨ ਕਰਨ, ਉਸ ਨੂੰ ਵਡਿਆਉਣ ਜਾਂ ਉਸ ਨੂੰ ਸੱਚੇ ਦਿਲੋਂ ਸਲਾਮ ਕਰਨ ਤੇ ਪ੍ਰਣਾਮ ਕਰਨ ਦੀ ਇਕ ਛੋਟੀ ਜਿਹੀ ਕੋਸ਼ਿਸ਼ ਜ਼ਰੂਰ ਹੋ ਸਕਦੀ ਹੈ । ਧੰਨ ਹਨ ਉਹ ਮਾਤਾ – ਪਿਤਾ, ਜਿਨ੍ਹਾਂ ਦੇ ਪੁੱਤ, ਜਿਨ੍ਹਾਂ ਦੇ ਜਿਗਰ ਦੇ ਟੁਕੜੇ ਇਸ ਦੇਸ਼ ਦੀ ਸੇਵਾ ਨੂੰ ਸਮਰਪਿਤ ਹਨ । ਧੰਨ ਹਨ ਉਹ ਭੈਣਾਂ – ਵੀਰ ਭਰਾ, ਜਿਨ੍ਹਾਂ ਦੇ ਵੀਰ – ਭੈਣਾਂ ਆਦਿ ਇਸ ਸੇਵਾ ਵਿੱਚ ਡਟੇ ਹੋਏ ਹਨ । ਧੰਨ ਹਨ ਅਤੇ ਮਹਾਨਤਾ ਦੀ ਮੂਰਤ ਹਨ ਉਹ ਮਹਾਨ ਇਸਤਰੀਆਂ, ਜਿਨ੍ਹਾਂ ਦੇ ਮਹਾਨ ਪਤੀ ਇਸ ਮਹਾਨ ਦੇਸ਼ ਸੇਵਾ ਵਿੱਚ ਤਨਦੇਹੀ ਨਾਲ ਦਿਨ – ਰਾਤ ਆਪਣੀ ਡਿਊਟੀ ਅਤੇ ਆਪਣੇ ਫਰਜ਼ਾਂ ਪ੍ਰਤੀ ਡਟੇ ਹੋਏ ਹਨ ਅਤੇ ਸਾਡੇ ਲਈ ਸੁੱਖ – ਸ਼ਾਂਤੀ ਤੇ ਸੁਰੱਖਿਆ ਮੁਹੱਈਆ ਕਰਵਾ ਰਹੇ ਹਨ । ਅਸੀਂ ਸਭ ਇਨ੍ਹਾਂ ਮਹਾਨ ਦੇਸ਼ – ਸੇਵਕਾਂ ਦੇ ਰਿਣੀ ਹਾਂ ਅਤੇ ਰਿਣੀ ਰਹਾਂਗੇ ਵੀ , ਜਿਨ੍ਹਾਂ ਸਦਕਾ ਅਸੀਂ ਸੁੱਖ – ਚੈਨ ਨਾਲ ਤੇ ਬੇਫਿਕਰ ਹੋ ਕੇ ਆਰਾਮ ਬੈਠੇ ਹੋਏ ਹਾਂ । ਫ਼ੌਜੀ ਵੀਰ ਜਵਾਨਾਂ ਦਾ ਅਹਿਸਾਨ ਕਦੇ ਵੀ ਚੁਕਾਇਆ ਨਹੀਂ ਜਾ ਸਕਦਾ ਤੇ ਭੁਲਾਇਆ ਨਹੀਂ ਭੁੱਲਿਆ ਜਾ ਸਕਦਾ । ਫ਼ੌਜੀ ਵੀਰ ਆਪਣੇ ਪਰਿਵਾਰ , ਆਪਣਿਆਂ , ਆਪਣੇ ਸਮਾਜ , ਖੇਤ – ਖਲਿਆਣਾ , ਸਗੇ – ਸਬੰਧੀਆਂ ਆਦਿ ਤੋਂ ਦੂਰ ਰਹਿ ਕੇ ਸਾਡੇ ਲਈ ਤੇ ਸਾਡੇ ਦੇਸ਼ ਲਈ ਆਪਣੀ ਜਾਨ ਤੱਕ ਦੀ ਪ੍ਰਵਾਹ ਨਾ ਕਰਦੇ ਹੋਏ ਪੂਰਨ ਤਨਦੇਹੀ ਦੇ ਨਾਲ ਦੇਸ਼ ਨੂੰ ਸਮਰਪਿਤ ਹੋ ਕੇ ਆਪਣਾ ਫਰਜ ਨਿਭਾਉਂਦੇ ਹਨ ।
ਸਾਡਾ ਸਭ ਦਾ ਇਹ ਫ਼ਰਜ਼ ਬਣਦਾ ਹੈ ਕਿ ਅਸੀਂ ਫ਼ੌਜੀ ਵੀਰ ਜਵਾਨਾਂ ਦਾ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦਾ ਹਰ ਸਮੇਂ ਅਤੇ ਹਰ ਸਥਾਨ ‘ਤੇ ਸਤਿਕਾਰ ਅਤੇ ਸਹਿਯੋਗ ਕਰੀਏ , ਉਨ੍ਹਾਂ ਦੀ ਹੌਸਲਾ ਅਫ਼ਜ਼ਾਈ ਕਰੀਏ ਅਤੇ ਉਨ੍ਹਾਂ ਨੂੰ ਸੱਚੇ ਦਿਲੋਂ ਸਲਾਮ ਤੇ ਪ੍ਰਣਾਮ ਕਰੀਏ। ਮੈਂ ਸੱਚੇ ਦਿਲੋਂ ਫ਼ੌਜੀ ਵੀਰਾਂ ਨੂੰ ਕੋਟਿ – ਕੋਟਿ ਪ੍ਰਣਾਮ ਕਰਦਾ ਹਾਂ , ਉਨ੍ਹਾਂ ਨੂੰ ਸਲਾਮ ਕਰਦਾ ਹਾਂ । ਪਰਮਾਤਮਾ ਕਰੇ ! ਉਨ੍ਹਾਂ ਨੂੰ ਹਰ ਖ਼ੁਸ਼ੀਆਂ – ਖੇੜੇ ਮਿਲਣ , ਪਰਮਾਤਮਾ ਉਨ੍ਹਾਂ ਨੂੰ ਤੰਦਰੁਸਤੀ ਬਖਸ਼ੇ , ਚੜ੍ਹਦੀ ਕਲਾ ਦੇਵੇ ਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਖੁਸ਼ੀਆਂ ਦੇਵੇ । ਮਹਾਨ ਫ਼ੌਜੀ ਵੀਰਾਂ ਨੂੰ ਲੱਖ – ਲੱਖ ਵਾਰ ਵਾਰਮ – ਵਾਰ ਸਾਦਰ ਪ੍ਰਣਾਮ ਹੋਵੇ । ਜੈ ਹਿੰਦ ।