(ਸਮਾਜ ਵੀਕਲੀ)
ਕਹਿੰਦੇ ਹਨ ਕਿ ਧਰਤੀ ਉੱਪਰ ਰਹਿਣ ਵਾਲੀ ਮਨੁੱਖ ਜਾਤੀ ਦੇ ਹਰੇਕ ਪ੍ਰਾਣੀ ਨੂੰ ਪ੍ਰਮਾਤਮਾਂ ਨੇ ਕਿਸੇ ਨਾ ਕਿਸੇ ਕਲਾ ਨਾਲ ਨਿਵਾਜ ਕੇ ਇਸ ਧਰਤੀ ਉੱਤੇ ਭੇਜਿਆ ਹੈ। ਇਨ੍ਹਾਂ ਕਲਾਵਾਂ ਦੀ ਵੰਨਗੀ ਵਿੱਚੋਂ ਸ਼ਿਲਪ ਕਲਾ, ਚਿੱਤਰ ਕਲਾ, ਸੰਗੀਤ ਕਲਾ ਅਤੇ ਨ੍ਰਿਤ ਕਲਾ ਮੁੱਖ ਗਿਣੀਆਂ ਜਾਣ ਵਾਲੀਆਂ ਕਲਾਵਾਂ ਹਨ। ਨ੍ਰਿਤ ਕਲਾ ਦਾ ਸਬੰਧ ਨੱਚਣ ਟੱਪਣ ਨਾਲ ਹੁੰਦਾ ਹੈ ਇਹ ਕਲਾ ਦੀਆਂ ਅੱਗੇ ਪੰਜਾਬੀ ਸੱਭਿਆਚਾਰ ਵਿੱਚ ਭਿੰਨ ਭਿੰਨ ਵੰਨਗੀਆਂ ਦੇਖਣ ਨੂੰ ਮਿਲਦੀਆਂ ਹਨ। ਜੇ ਇਸ ਨੂੰ ਸੌਖੇ ਸ਼ਬਦਾਂ ਵਿੱਚ ਭੰਗੜਾ ਜਾਂ ਗਿੱਧਾ ਕਹਿ ਲਿਆ ਜਾਵੇ ਤਾਂ ਕੋਈ ਦੋ ਰਾਇ ਨਹੀਂ ਹੋਵੇਗੀ।
ਪੰਜਾਬ ਵਿੱਚ ਅੱਜ ਕੱਲ੍ਹ ਮਲਵਈ ਗਿੱਧੇ ਦਾ ਰੁਝਾਨ ਦਿਨ ਪ੍ਰਤੀ ਦਿਨ ਬਹੁਤ ਵਧ ਰਿਹਾ ਹੈ। ਇਹ ਮਲਵਈ ਗਿੱਧੇ ਨੂੰ ਪਹਿਲਾਂ ਬਾਬਿਆਂ ਦਾ ਗਿੱਧਾ, ਮਰਦਾ ਦਾ ਗਿੱਧਾ ਅਤੇ ਬਾਦ ਵਿੱਚ ਮਾਲਵੇ ਲੋਕਾਂ ਦੁਆਰਾ ਪਾਏ ਜਾਣ ਵਾਲੇ ਗਿੱਧੇ ਕਰਕੇ ਮਲਵਈ ਗਿੱਧਾ ਕਿਹਾ ਜਾਣ ਲੱਗਾ। ਜਿਹੜਾ ਕਿ ਸਾਡੇ ਅਮੀਰ ਵਿਰਸੇ ਦੀ ਨਿਸ਼ਾਨੀ ਹੈ ਅਤੇ ਇਸੇ ਅਮੀਰ ਵਿਰਸੇ ਨੂੰ ਸੰਭਾਲਣ ਵਿੱਚ ਲੱਗਾ ਹੈ ਪਿੰਡ ਸਮਾਲਰ ਦਾ ਸੋਹਣਾ ਸ਼ੋਕੀਨ ਮੁੰਡਾ ਸੁੱਖ ਸਮਾਲਸਰ। ਜਿਸ ਦਾ ਜਨਮ ਪਿਤਾ ਨਛੱਤਰ ਸਿੰਘ ਦੇ ਘਰ ਮਾਤਾ ਚਰਨਜੀਤ ਦੀ ਕੁੱਖੋੋਂ 5 ਮਈ 1999 ਨੂੰ ਪਿੰਡ ਸਮਾਲਸਰ ਵਿੱਚ ਇੱਕ ਗਰੀਬ ਪਰਿਵਾਰ ਵਿੱਚ ਹੋਇਆ । ਉਸਨੇ ਆਪਣੀ ਮੁੱਢਲੀ ਪੜ੍ਹਾਈ ਪਿੰਡ ਸਮਾਲਸਰ ਦੇ ਸੀਨੀਅਰ ਸੈਕੰਡਰੀ ਸਕੂਲ ਵਿੱਚ ਪ੍ਰਾਪਤ ਕੀਤੀ ।ਉੁਸਦੇ ਪਿਤਾ ਸ. ਨਛੱਤਰ ਸਿੰਘ ਇੱਕ ਬਹੁਤ ਵਧੀਆ ਸਰੰਗੀ ਮਾਸਟਰ ਹਨ ਜਿਨ੍ਹਾਂ ਨੇ ਕੇ ਕਈ ਜੱਥਿਆਂ ਨਾਲ ਕੰਮ ਕੀਤਾ ਹੈ । ਸੁੱਖੇ ਨੇ ਆਪਣੀ ਪਹਿਲੀ ਕਿਲਕਾਰੀ ਸੰਗੀਤ ਦੀਆਂ ਧੁਨਾਂ ਅੰਦਰ ਮਾਰੀ ਜਿੱਥੇ ਉਸਨੂੰ ਆਪਣੇ ਪਰਿਵਾਰ ਵਿੱਚੋਂ ਪਿਤਾ ਦੁਆਰਾ ਵਜਾਈ ਸਰੰਗੀ ਦੀਆਂ ਧੁਨਾਂ ਨੇ ਇਨ੍ਹਾਂ ਤੰਤੀ ਸਾਜਾਂ ਪ੍ਰਤੀ ਮੋਹ ਪੈਦਾ ਕਰ ਦਿੱਤਾ । ਉਸਨੇ ਸਭ ਤੋਂ ਪਹਿਲਾ ਤਬਲਾ, ਸਰੰਗੀ, ਹਰਮੋਨੀਅਮ ਸਿੱਖਿਆ ਅਤੇ ਨਾਲ ਹੀ ਨਾਲ ਗਾਉਣ ਵਜਾਉਣ ਦਾ ਅਭਿਆਸ ਕਰਦਾ ਰਿਹਾ। ਕੌਣ ਜਾਣਦਾ ਸੀ ਕਿ ਉਸਦਾ ਇਹ ਸੌਂਕ ਉਸਨੂੰ ਪੰਜਾਬੀ ਸੱਭਿਆਚਾਰ ਅਲੋਪ ਹੋ ਰਹੇ ਲੋਕ ਨਾਚ ਮਲਵਈ ਗਿੱਧੇ ਨੂੰ ਮੁੜ ਪਿੜ ਵਿੱਚ ਲਿਆਉਣ ਲਈ ਇੱਕ ਮੀਲ ਪੱਥਰ ਸਾਬਿਤ ਹੋਵੇਗਾ ।ਸਮੇਂ ਦਾ ਅਜਿਹਾ ਦੌਰ ਆਇਆ ਕਿ ਉਸਦੇ ਗੁਆਂਢ ਵਿਆਹ ‘ਤੇ ਇੱਕ ਮਲਵਈ ਗਿੱਧੇ ਦੀ ਪਾਰਟੀ ਦੇ ਉਸਤਾਦ ਮਟਰੂ ਬਾਘਾਪੁਰਾਣਾ ਨਾਲ ਹੋਇਆ ਜੋ ਕਿ ਉਨ੍ਹਾਂ ਦੇ ਘਰ ਕੁਝ ਸਮਾਂ ਬੈਠੇ ਸਨ ਤਾਂ ਘਰ ਵਿੱਚ ਪਏ ਸਾਜਾਂ ਨੂੰ ਵੇਖ ਕੇ ਉਨ੍ਹਾਂ ਬਹੁਤ ਛੇਤੀ ਇਸ ਮੁੰਡੇ ਅੰਦਰ ਦੇ ਕਲਾਕਾਰ ਆਪਣੀ ਪਾਰਖੂ ਅੱਖ ਨਾਲ ਪਛਾਣ ਲਿਆ ਅਤੇ ਉਨ੍ਹਾਂ ਤਿੰਨ ਦਿਨ ਬਾਅਦ ਇਸ ਮੁੰਡੇ ਨੂੰ ਇੱਕ ਪ੍ਰੋਗਰਾਮ ‘ਤੇ ਬੁਲਾ ਲਿਆ ਅਤੇ ਥੋੜੇ ਦਿਨਾਂ ਦੀ ਮਿਹਨਤ ਤੋਂ ਬਾਦ ਇਹ ਮੁੰਡਾ ਇੱਕ ਚੰਗੇ ਗਿੱਧੇ ਵਾਲੇ ਵਾਂਗ ਭੰਗੜਾ ਪਾ ਕੇ ਸਾਰਿਆਂ ਨੂੰ ਮੂੰਹ ਵਿੱਚ ਪਾਉਣ ਲਈ ਮਜ਼ਬੂਰ ਕਰ ਦਿੱਤਾ । ਇਸ ਤੋਂ ਬਾਅਦ ਉਸਨੇ ਆਪਣੀ ਮਿਹਨਤ ਸਦਕੇ ਮੰਜ਼ਿਲਾਂ ਤੈਅ ਕਰਦਾ ਗਿਆ ਅਤੇ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ। ਪਹਿਲਾਂ ਪਹਿਲ ਤਾਂ ਉਹ ਆਪਣੇ ਉਸਤਾਦ ਨਾਲ ਤਿੰਨ ਸਾਲ ਪ੍ਰੋਗਰਾਮ ਕਰਦਾ ਰਿਹਾ। ਉਹ ਦੱਸਦਾ ਹੈ ਕਿ ਉਸਦਾ ਪਹਿਲਾਂ ਪ੍ਰੋਗਰਾਮ ਰਾਜਸਥਾਨ ਦੇ ਇੱਕ ਪਿੰਡ ਵਿੱਚ ਹੋਇਆ ਜਿਸਨੂੰ ਉਹ ਹਾਲੇ ਤੱਕ ਵੀ ਨਹੀਂ ਭੁਲਾ ਸਕਿਆ ਜਿਹੜੇ ਲੋਕ ਪੰਜਾਬ ਦੇ ਸੱਭਿਆਚਾਰ ਵਿੱਚ ਇਸ ਤਰ੍ਹਾਂ ਦਾ ਲੋਕ ਨਾਚ ਵੇਖ ਕੇ ਹੈਰਾਨ ਰਹਿ ਗਏ ਅਤੇ ਉਸਦੇ ਉਸਤਾਦ ਨੇ ਉਸਨੂੰ ਪਹਿਲੀ ਤਨਖ਼ਾਹ 1200 ਰੁਪਏ ਦਿੱਤੇ ਜਿੰਨ੍ਹਾਂ ਨੂੰ ਲੈ ਕੇ ਉਸਨੂੰ ਬਹੁਤ ਸਕੂਨ ਮਿਲਿਆ।
2018 ਵਿੱਚ ਉਸਨੇ ਇਸ ਪਾਸੇ ਆਪਣਾ ਸਭ ਸੁੱਖ ਚੈਨ ਤਿਆਗ ਕੇ ਪੂਰੀ ਤਰ੍ਹਾਂ ਮਲਵਈ ਗਿੱਧੇ ਦੇ ਪਿੜ੍ਹ ਵਿੱਚ ਨਿੱਤਰ ਪਿਆ । ਉਸਨੇ ਆਪਣਾ ਮਲਵਈ ਗਿੱਧਾ ਗਰੁੱਪ ਸਮਾਲਸਰ ਦੇ ਨਾਮ ਨਾਲ ਤਿਆਰ ਕਰਕੇ ਪੰਜਾਬੀ ਦੇ ਰੌਗਟੇ ਖੜ੍ਹੇ ਕਰਨ ਵਾਲਾ ਪੰਜਾਬੀ ਸੱਭਿਆਚਾਰ ਦਾ ਇਹ ਲੋਕ ਨਾਚ ਸੁਰਜੀਤ ਕਰਨ ਵਿੱਚ ਅੱਡੀ ਚੋਟੀ ਦਾ ਜ਼ੋਰ ਲਾ ਦਿੱਤਾ।ਅਜਿਹਾ ਕਰਕੇ ਉਹ ਇਸ ਲੋਕ ਅਲੋਪ ਹੋ ਰਹੇ ਲੋਕ ਨਾਚ ਨੂੰ ਤਾਂ ਜਿਉਂਦਿਆਂ ਰੱਖਿਆ ਹੀ ਹੈ ਨਾਲ ਹੀ ਆਪਣੀ ਰੋਜ਼ੀ ਰੋਟੀ ਦਾ ਵਸੀਲਾ ਵੀ ਬਣਾਇਆ ਹੋਇਆ ਹੈ। ਉਸਦੇ ਇਸ ਗਰੁੱਪ ਵਿੱਚ ਜਸਕਰਨ ਸਿੰਘ ਗਿੱਲ ਸਮਾਲਸਰ , ਹਰਭਗਵਾਨ ਸਿੰਘ ਸਮਾਲਸਰ , ਦੀਪ ਗਿੱਲ ਡੇਮਰੂ , ਮੰਗਾ ਸਿੰਘ ਡੇਮਰੂ ਅਤੇ ਜਗਸੀਰ ਸਿੰਘ ਤੇ ਕ੍ਰਿਸ਼ਨ ਸਿੰਘ ਪਿੰਡ ਲੰਡੇ ਦੇ ਗੱਭਰੂ ਕੰਮ ਕਰ ਰਹੇ ਹਨ। ਇਹ ਨੌਜਵਾਨ ਅਜ਼ੌਕੇ ਦੌਰ ਵਿੱਚ ਪੱਛਮੀ ਸੱਭਿਅਤਾ ਦੇ ਪਿੱਛੇ ਲੱਗ ਰਹੀ ਦੁਨੀਆਂ ਨੂੰ ਮੁੜ ਆਪਣੇ ਮੂਲ ਵੱਲ ਮੁੜਨ ਲਈ ਮਜ਼ਬੂਰ ਕਰ ਦਿੰਦੇ ਹਨ ਜਦੋਂ ਸੋਹਣੇ ਕੁੜੇ ਚਾਦਰੇ ਅਤੇ ਸ਼ਮਲੇ ਵਾਲੀ ਪੱਗ ਬੰਨ੍ਹ ਕੇ ਕਾਟੋ ਖੂੰਡਿਆਂ, ਬੁਦਕੂ , ਚਿਮਟਿਆਂ ਨਾਲ ਪਿੜ੍ਹ ਵਿੱਚ ਇਕੱਠੇ ਹੋ ਕੇ ਆਉਂਦੇ ਹਨ ਤਾਂ ਦਰਸ਼ਕ ਪੱਬਾਂ ਭਾਰ ਹੋ ਹੋ ਕੇ ਦੇਖਦੇ ਅਤੇ ਢੋਲ ਦੇ ਡੱਗੇ ‘ਤੇ ਆਪਣੇ ਸਰੀਰ ਦੇ ਅੰਗਾਂ ਦੀ ਤਾਨ ਦੀਆਂ ਮੁਦਰਾਵਾਂ ਨਾਲ ਬੋਲੀਆਂ ਪਾ ਕੇ ਐਸਾ ਰੰਗ ਬੰਨ੍ਹਦੇ ਹਨ ਕਿ ਇੱਕ ਵਾਰ ਤਾਂ ਇਸ ਸੰਗੀਤਕ ਅਦਾਵਾਂ ਵਿੱਚ ਕੁਦਰਤ ਵਿੱਚ ਨੱਚਣ ਲਈ ਮਜ਼ਬੂਰ ਹੋ ਜਾਂਦੀ ਹੈ ਅਤੇ ਹਰ ਕਿਸੇ ਦੇ ਮੂੰਹੋਂ ਆਪ ਮੁਹਾਰੇ ਹੀ ਨਿਕਲਦਾ ਹੈ ਵਾਹ..ਵਾਹ.. ਗਿੱਧਾ ਹੋਵੇ ਤਾਂ ਇਸ ਤਰ੍ਹਾਂ ਹੋਵੇ ।ਸ਼ਾਲਾ ਕਰੇ ! ਪੰਜਾਬੀ ਮਾਂ ਬੋਲੀ ਅਤੇ ਪੰਜਾਬੀ ਸੱਭਿਆਚਾਰ ਨੂੰ ਜਿਉਂਦੇ ਰੱਖਣ ਵਿੱਚ ਲੱਗੇ ਗੱਭਰੂ ਦੀ ਉਮਰ ਲੋਕ ਗੀਤਾਂ ਜਿੰਨੀ ਲੰਮੀ ਹੋਵੇ।
– ਸਤਨਾਮ ਸਮਾਲਸਰੀਆ
ਸੰਪਰਕ: 97108 60004