ਲੰਡਨ (ਸਮਾਜ ਵੀਕਲੀ): ਬਰਤਾਨੀਆ ਦੀ ਮਹਾਰਾਣੀ ਦੇ ਪਤੀ ਮਰਹੂਮ ਰਾਜਕੁਮਾਰ ਫਿਲਿਪ ਦੀਆਂ ਅੰਤਿਮ ਰਸਮਾਂ ਭਲਕੇ ਹੋਣਗੀਆਂ। ਜਾਣਕਾਰੀ ਮੁਤਾਬਕ ਸ਼ਹਿਜ਼ਾਦਾ ਹੈਰੀ ਤੇ ਵਿਲੀਅਮ ਮਰਹੂਮ ਫਿਲਿਪ ਦੀ ਅੰਤਿਮ ਯਾਤਰਾ ਮੌਕੇ ਨਾਲੋ-ਨਾਲ ਨਹੀਂ ਚੱਲਣਗੇ। ਜ਼ਿਕਰਯੋਗ ਹੈ ਕਿ ਦੋਵਾਂ ਦਰਮਿਆਨ ਹੋਇਆ ਝਗੜਾ ਸੁਰਖੀਆਂ ਵਿਚ ਰਹਿ ਚੁੱਕਾ ਹੈ।
ਰਿਸ਼ਤੇ ਵਿਚ ਦੋਵਾਂ ਦਾ ਭਰਾ ਲੱਗਦਾ ਪੀਟਰ ਫਿਲਿਪਸ ਜੋ ਕਿ ਮਹਾਰਾਣੀ ਐਲਿਜ਼ਾਬੈੱਥ ਦੀ ਧੀ ਰਾਜਕੁਮਾਰੀ ਐਨੀ ਦਾ ਪੁੱਤਰ ਹੈ, ਅੰਤਿਮ ਯਾਤਰਾ ਮੌਕੇ ਵਿਚਾਲੇ ਚੱਲੇਗਾ। ਰਾਜਕੁਮਾਰ ਫਿਲਿਪ ਦੀ ਅੰਤਿਮ ਯਾਤਰਾ ਲਈ ਇਕ ਵਿਸ਼ੇਸ਼ ‘ਲੈਂਡ ਰੋਵਰ’ ਤਿਆਰ ਕੀਤੀ ਗਈ ਹੈ। ਵੇਰਵਿਆਂ ਮੁਤਾਬਕ ਅੰਤਿਮ ਯਾਤਰਾ ਮੌਕੇ ਮਰਹੂਮ ਫਿਲਿਪ ਦੇ ਸਾਰੇ ਬੱਚੇ- ਰਾਜਕੁਮਾਰ ਚਾਰਲਸ, ਰਾਜਕੁਮਾਰੀ ਐਨ, ਰਾਜਕੁਮਾਰ ਐਂਡਰਿਊ ਤੇ ਐਡਵਰਡ ਮੌਜੂਦ ਰਹਿਣਗੇ। ਮਹਾਰਾਣੀ ਇਸ ਮੌਕੇ ਸ਼ਾਹੀ ‘ਬੈਂਟਲੇ’ ਵਿਚ ਨਾਲ-ਨਾਲ ਚੱਲੇਗੀ। ਇਸ ਮੌਕੇ ਸਿਰਫ਼ ਕਰੀਬੀ ਰਿਸ਼ਤੇਦਾਰ ਅਤੇ ਪਰਿਵਾਰਕ ਮੈਂਬਰ ਹੀ ਮੌਜੂਦ ਹੋਣਗੇ।