ਖੰਨਾ ਨਕੋਦਰ (ਹਰਜਿੰਦਰ ਛਾਬੜਾ) (ਸਮਾਜ ਵੀਕਲੀ): ਪੰਜਾਬੀ ਗਾਇਕੀ ਦੇ ਵਿੱਚ ਬਾਬਾ ਬੋਹੜ ਕਹੇ ਜਾਣ ਵਾਲੇ ਸੁਰੀਲੇ ਜਨਾਬ ਸਰਦੂਲ ਸਿਕੰਦਰ ਜੀ ਧਰੂਵ ਤਾਰੇ ਵਾਂਗ ਹਮੇਸ਼ਾਂ ਸੰਗੀਤਕ ਦੁਨੀਆਂ ਵਿੱਚ ਚਮਕਦੇ ਰਹਿਣਗੇ। ਉਨ੍ਹਾਂ ਦੇ ਤੁਰ ਜਾਣ ਨਾਲ ਸੰਗੀਤਕ ਜਗਤ ਨੂੰ ਕਦੇ ਵੀ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਉਨ੍ਹਾਂ ਦੇ ਦਿ-ਹਾਂ-ਤ ਦੀ ਖ਼ਬਰ ਮਿਲਣ ਨਾਲ ਹੀ ਸੰਗੀਤਕ ਦੁਨੀਆਂ ਦੇ ਨਾਲ-ਨਾਲ ਸਾਰੀ ਦੁਨੀਆ ਵਿੱਚ ਸੋਗ ਦੀ ਲਹਿਰ ਫੈਲ ਗਈ ਸੀ। ਉਨ੍ਹਾਂ ਦੇ ਅਚਾਨਕ ਦੇ-ਹਾਂ-ਤ ਦੀ ਖਬਰ ਸਭ ਨੂੰ ਹੈਰਾਨ ਕਰਨ ਵਾਲੀ ਸੀ।
ਕਿਉਂਕਿ ਕੁਝ ਸਮਾਂ ਪਹਿਲਾਂ ਹੀ ਉਨ੍ਹਾਂ ਵੱਲੋਂ ਕਿਸਾਨੀ ਸੰਘਰਸ਼ ਵਿੱਚ ਸ਼ਾਮਲ ਹੋ ਕੇ ਕਿਸਾਨਾਂ ਦੀ ਹਮਾਇਤ ਕਰਦੇ ਹੋਏ ਨਜ਼ਰ ਆਉਦਿਆਂ ਦੀਆਂ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਈਆਂ ਸਨ । ਉਸ ਤੋਂ ਕੁਝ ਦਿਨਾਂ ਬਾਅਦ ਉਨ੍ਹਾਂ ਦਾ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਜਾਣਾ ,ਸਭ ਨੂੰ ਇੱਕ ਸੁਪਨਾ ਜਾਪ ਰਿਹਾ ਹੈ। ਫਤਿਹਗੜ੍ਹ ਸਾਹਿਬ ਦੇ ਪਿੰਡ ਖੇੜੀ ਨੌਧ ਸਿੰਘ ਵਿੱਚ ਸੰਗੀਤਕ ਪਰਵਾਰ ਵਿੱਚ 15 ਜਨਵਰੀ 1961 ਨੂੰ ਜਨਮ ਲੈਣ ਵਾਲੇ ਸਰਦੂਲ ਸਿਕੰਦਰ ਜੀ ਨੂੰ ਗਾਇਕੀ ਵਿਰਾਸਤ ਵਿੱਚ ਪ੍ਰਾਪਤ ਹੋਈ। ਉਨ੍ਹਾਂ ਦੇ ਪਿਤਾ ਜੀ ਸਾਗਰ ਮਸਤਾਨਾ ਸਾਹਿਬ ਇਕ ਉਘੇ ਤਬਲਾ ਵਾਦਕ ਸਨ।
ਹੁਣ ਮਰਹੂਮ ਗਾਇਕ ਸਰਦੂਲ ਸਿਕੰਦਰ ਜੀ ਦੇ ਪਰਿਵਾਰ ਵੱਲੋਂ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਜਿਸ ਦੀ ਜਾਣਕਾਰੀ ਉਨ੍ਹਾਂ ਦੇ ਬੇਟੇ ਅਲਾਪ ਸਿਕੰਦਰ ਵੱਲੋਂ ਦਿੱਤੀ ਗਈ ਹੈ। ਕੁਝ ਦਿਨ ਪਹਿਲਾਂ ਹੀ ਇਸ ਦੁਨੀਆਂ ਨੂੰ ਅਲਵਿਦਾ ਕਹਿ ਜਾਣ ਵਾਲੇ ਸਰਦੂਲ ਸਿਕੰਦਰ ਜੀ ਇਸ ਸਮੇਂ ਖੰਨਾ ਸ਼ਹਿਰ ਵਿੱਚ ਆਪਣੇ ਪਰਿਵਾਰ ਸਮੇਤ ਰਹਿ ਰਹੇ ਸਨ। ਸਰਦੂਲ ਸਿਕੰਦਰ ਨੂੰ ਉਨ੍ਹਾਂ ਦੇ ਜੱਦੀ ਪਿੰਡ ਵਿਖੇ ਹੀ ਸਪੁਰਦ-ਏ-ਖ਼ਾਕ ਕੀਤਾ ਗਿਆ। ਉਨ੍ਹਾਂ ਦਾ ਮੋਹਾਲੀ ਦੇ ਫੋਰਟਿਸ ਹਸਪਤਾਲ ਵਿਚ ਇਲਾਜ ਚੱਲ ਰਿਹਾ ਸੀ ਜਿਥੇ ਉਨ੍ਹਾਂ ਨੇ ਅੰਤਿਮ ਸਾਹ ਲਏ। ਹਰ ਕੋਈ ਉਹਨਾਂ ਨਾਲ ਬਿਤਾਏ ਪਲਾਂ ਨੂੰ ਸੋਸ਼ਲ ਮੀਡੀਆ ਤੇ ਸਭ ਨਾਲ ਸਾਂਝੇ ਕਰ ਰਿਹਾ ਹੈ।
ਹੁਣ ਸਰਦੂਲ ਸਕੰਦਰ ਜੀ ਦੇ ਭੋਗ ਅਤੇ ਅੰਤਿਮ ਅਰਦਾਸ ਬਾਰੇ ਉਨ੍ਹਾਂ ਦੇ ਬੇਟੇ ਅਲਾਪ ਸਿਕੰਦਰ ਵੱਲੋਂ ਜਾਣਕਾਰੀ ਦਿੱਤੀ ਗਈ ਹੈ। ਅਲਾਪ ਨੇ ਦੱਸਿਆ ਕਿ ਸਿਕੰਦਰ ਜੀ ਦਾ ਭੋਗ ਤੇ ਅੰਤਿਮ ਅਰਦਾਸ 7 ਮਾਰਚ ਦਿਨ ਐਤਵਾਰ ਨੂੰ ਦੁਪਹਿਰ 12 ਵਜੇ ਤੋਂ ਲੈ ਕੇ ਦੋ ਵਜੇ ਤੱਕ ਅਨਾਜ ਮੰਡੀ ਜੀ ਟੀ ਰੋਡ ਖੰਨਾ ਵਿਖੇ ਕੀਤੀ ਜਾਵੇਗੀ। ਉਨ੍ਹਾਂ ਵੱਲੋਂ ਇਹ ਜਾਣਕਾਰੀ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਦਿੱਤੀ ਗਈ ਹੈ।