(ਸਮਾਜ ਵੀਕਲੀ): ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੋਸ਼ ਲਾਇਆ ਹੈ ਕਿ ਮੁੱਖ ਮੰਤਰੀ ਮਮਤਾ ਬੈਨਰਜੀ ਅਤੇ ਤ੍ਰਿਣਮੂਲ ਕਾਂਗਰਸ ਦੀ ‘ਅੜਿੱਕੇ ਡਾਹੁਣ ਵਾਲੀ ਮਾਨਸਿਕਤਾ’ ਨੇ ਪੱਛਮੀ ਬੰਗਾਲ ਨੂੰ ਸਨਅਤਾਂ ਅਤੇ ਰੁਜ਼ਗਾਰ ਤੋਂ ਵਾਂਝੇ ਰੱਖਿਆ। ਉਨ੍ਹਾਂ ਕਿਹਾ ਕਿ ਤ੍ਰਿਣਮੂਲ ਕਾਂਗਰਸ ਸੁਪਰੀਮੋ ਨੇ ਭਾਜਪਾ ਦੀਆਂ ਰੈਲੀਆਂ ’ਚ ਲੋਕਾਂ ’ਤੇ ਪੈਸੇ ਲੈ ਕੇ ਇਕੱਠੇ ਹੋਣ ਦੇ ਦੋਸ਼ ਲਗਾ ਕੇ ਉਨ੍ਹਾਂ ਦੇ ਆਤਮ ਸਨਮਾਨ ਨੂੰ ਠੇਸ ਪਹੁੰਚਾਈ ਹੈ। ਉਨ੍ਹਾਂ ਕਿਹਾ,‘‘ਉਹ ਈਵੀਐੱਮ ਅਤੇ ਚੋਣ ਕਮਿਸ਼ਨ ਦੀ ਆਲੋਚਨਾ ਕਰਦੀ ਰਹਿੰਦੀ ਹੈ। ਜੇਕਰ ਖਿਡਾਰੀ ਅੰਪਾਇਰਾਂ ਦੀ ਆਲੋਚਨਾ ਕਰਦੇ ਰਹਿਣਗੇ ਤਾਂ ਤੁਸੀਂ ਸਮਝ ਲਵੋ ਕਿ ਖੇਲਾ ਸ਼ੇਸ਼ ਯਾਨੀ ਖੇਡ ਖ਼ਤਮ ਹੋਈ।’’
ਹੁਗਲੀ ਜ਼ਿਲ੍ਹੇ ’ਚ ਚੋਣ ਰੈਲੀ ਦੌਰਾਨ ਉਨ੍ਹਾਂ ਸਿੰਗੂਰ ਦਾ ਹਵਾਲਾ ਦਿੱਤਾ ਜਿਥੇ ਮਮਤਾ ਦੇ ਅੰਦੋਲਨ ਕਾਰਨ ਟਾਟਾ ਮੋਟਰਜ਼ ਨੈਨੋ ਕਾਰ ਦੇ ਉਤਪਾਦਨ ਦਾ ਪ੍ਰਾਜੈਕਟ ਨਹੀਂ ਲਗਾ ਸਕੀ ਸੀ। ਸ੍ਰੀ ਮੋਦੀ ਨੇ ਕਿਹਾ,‘‘ਦੀਦੀ ਤੁਸੀਂ ਲੋਕਾਂ ਨੂੰ ਧੋਖਾ ਦਿੱਤਾ ਹੈ ਅਤੇ ਹੁਣ ਹਾਰ ਸਵੀਕਾਰ ਕਰ ਲਵੋ।’’ ਪੱਛਮੀ ਬੰਗਾਲ ’ਚ ਭਾਜਪਾ ਦੇ ਅਗਲੀ ਸਰਕਾਰ ਬਣਾਉਣ ਦਾ ਭਰੋਸਾ ਜਤਾਉਂਦਿਆਂ ਉਨ੍ਹਾਂ ਕਿਹਾ ਕਿ ਉਹ ਭਾਜਪਾ ਸਰਕਾਰ ਬਣਨ ’ਤੇ ਮੁੱਖ ਮੰਤਰੀ ਦੇ ਹਲਫ਼ਦਾਰੀ ਸਮਾਗਮ ’ਚ ਹਿੱਸਾ ਲੈਣਗੇ। ਭਾਜਪਾ ਆਗੂਆਂ ਨੂੰ ਬਾਹਰੀ ਵਿਅਕਤੀ ਕਰਾਰ ਦੇਣ ਲਈ ਮਮਤਾ ਬੈਨਰਜੀ ਦੀ ਨਿੰਦਾ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਨੇਤਾਜੀ ਸੁਭਾਸ਼ ਚੰਦਰ ਬੋਸ ਦੀ ਸਮੁੱਚੀ ਵਿਚਾਰਧਾਰਾ ਅਤੇ ਸੰਵਿਧਾਨ ਦੇ ਸਿਧਾਂਤਾਂ ਦਾ ਅਪਮਾਨ ਹੈ।