ਮਨੁੱਖ ਜਾਤੀ ਲਈ ਵੱਡੀ ਚੁਣੌਤੀ : ਵਾਤਾਵਰਣ ਪ੍ਰਦੂਸ਼ਣ

(ਸਮਾਜ ਵੀਕਲੀ)

2 ਅਤੇ 3 ਫਰਵਰੀ 2007 ਨੂੰ ਪੈਰਿਸ ਵਿੱਚ ਹੋਈ46 ਮੁਲਕਾਂ ਦੀ ਵਾਤਾਵਰਣ ਕਾਨਫਰੰਸ ਵਿਚ ਵਿਗਿਆਨੀਆਂ ਨੇ ਚੇਤਾਵਨੀ ਦਿੱਤੀ ਸੀ ਕਿ ਜੇਕਰ ਹੁਣ ਵੀ ਗਰੀਨ ਹਾਊਸ ਨੂੰ ਜ਼ਹਿਰੀਲੀਆਂ ਗੈਸਾਂ ਤੋਂ ਮੁਕਤ ਨਾ ਕਰਾਇਆ ਗਿਆ ਤਾਂ ਫਿਰ ਪਛਤਾਉਣ ਦਾ ਸਮਾਂ ਨਹੀਂ ਵੀ ਨਹੀਂ ਰਹੇਗਾ। ਵਾਤਾਵਰਣ ਮਾਹਿਰਾਂ ਨੇ ਚਿੰਤਾ ਪ੍ਰਗਟ ਕੀਤੀ ਹੈ ਕਿ ਵਾਤਾਵਰਣ ਵਿਚ ਕਾਰਬਨਡਾਈਆਕਸਾਈਡ ਅਤੇ ਹੋਰ ਗਰਮ ਪ੍ਰਭਾਵ ਵਾਲੀਆਂ ਗੈਸਾਂ ਤੇਜ਼ੀ ਨਾਲ ਫੈਲ ਰਹੀਆਂ ਹਨ।

ਜਿਸ ਕਾਰਨ ਧਰਤੀ ਦੇ ਤਾਪਮਾਨ ਵਿਚ ਭਾਰੀ ਵਾਧਾ ਹੋ ਰਿਹਾ ਹੈ, ਗਲੇਸ਼ੀਅਰ ਪਿਘਲ ਰਹੇ ਹਨ। ਹਿਮਾਲਿਆ ਪਰਬਤ ਲੜੀ ਉੱਪਰ 30 ਲੱਖ ਹੈਕਟੇਅਰ ਰਕਬੇ ਵਿਚ ਗਲੇਸ਼ੀਅਰ ਹਨ, ਜੋ ਤਾਪਮਾਨ ਕਰਕੇ ਤੇਜ਼ੀ ਨਾਲ ਪਿਘਲ ਰਹੇ ਹਨ, ਸੰਸਾਰ ਦੇ ਪਾਣੀਆਂ ਦੀਆਂ ਦੋ-ਤਿਹਾਈ ਲੋੜਾਂ ਇਹ ਗਲੇਸ਼ੀਅਰ ਹੀ ਪੂਰੀਆਂ ਕਰਦੇ ਹਨ। ਗਲੇਸ਼ੀਅਰ ਪਿਘਲ ਕਾਰਨ ਦੁਨੀਆਂ ਦੇ ਅਨੇਕਾਂ ਦੇਸ਼ਾਂ ਨੂੰ ਜਲ ਸੰਕਟ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਦੂਜੇ ਪਾਸੇ ਸੰਯੁਕਤ ਰਾਸ਼ਟਰ ਦੇ ਅੰਕੜਿਆਂ ਅਨੁਸਾਰ ਹਰ ਸਾਲ 9 ਮਿਲੀਅਨ ਹੈਕਟੇਅਰ ਜੰਗਲ ਅਲੋਪ ਹੋ ਰਹੇ ਹਨ। ਇਕ ਅਨੁਮਾਨ ਮੁਤਾਬਕ ਪ੍ਰਤੀ ਮਿੰਟ 20 ਤੋਂ 30 ਹੈਕਟੇਅਰ ਰਕਬੇ ਵਿਚ ਜੰਗਲ ਕੱਟੇ ਜਾ ਰਹੇ ਹਨ, ਜਿਸ ਨਾਲ ਵਾਤਾਵਰਣ ਵਿਚ ਨਿਘਾਰ ਆ ਰਿਹਾ ਹੈ। ਇੱਥੇ ਹੀ ਬਸ ਨਹੀਂ ਮਨੁੱਖ ਦੇ ਨਾਲ – ਨਾਲ ਕੁਦਰਤ ਵੀ ਕਹਿਰਵਾਨ ਹੋ ਰਹੀ ਹੈ।

ਪਿਛਲੇ ਕੁਝ ਸਾਲਾਂ ਦੌਰਾਨ ਅਸਟ੍ਰੇਲੀਆ ਦੇ ਜੰਗਲਾਂ ਵਿਚ ਭਿਆਨਕ ਅੱਗ ਲੱਗਣ ਕਾਰਨ ਹਜ਼ਾਰਾਂ ਹੈਕਟੇਅਰ ਜੰਗਲਾਂ ਹੇਠ ਰਕਬਾ ਵਿਹਲਾ ਹੋ ਗਿਆ, ਜਿਸ ਨਾਲ ਕਰੋੜਾਂ ਜੰਗਲੀ ਜੀਵ – ਜੰਤੂ ਅੱਗ ਦੀ ਭੇਟ ਚੜ੍ਹ ਗਏ ਅਤੇ ਵਾਤਾਵਰਣ ਦਾ ਵੀ ਵੱਡੀ ਪੱਧਰ ‘ਤੇ ਨੁਕਸਾਨ ਹੋਇਆ। ਜੰਗਲਾਂ ਦਾ ਸਿੱਧਾ ਸਬੰਧ ਧਰਤੀ.’ਤੇ ਇਸ ਦੇ ਵਾਤਾਵਰਣ ਨਾਲ ਹੈ। ਦਰੱਖਤ ਧਰਤੀ ਦੀ ਤਪਸ਼ ਰੋਕਣ ਲਈ ਮੁੱਖ ਭੂਮਿਕਾ ਨਿਭਾਉਂਦੇ ਹਨ।

ਇਹ ਆਪਣੇ ਅੰਦਰ ਕਾਰਬਨਡਾਈਆਕਸਾਈਡ ਜਜ਼ਬ ਕਰਕੇ ਮਨੁੱਖ ਨੂੰ ਸ਼ੁੱਧ ਆਕਸੀਜਨ ਮੁਹੱਈਆ ਕਰਵਾਉਣ ਵਿਚ ਸਹਾਈ ਹੁੰਦੇ ਹਨ। ਇਕ ਸੰਪੂਰਨ ਦਰੱਖਤ ਲੱਗਭਗ 22 ਤੋਂ 25 ਕਿਲੋ ਕਾਰਬਨਡਾਈਆਕਸਾਈਡ ਆਪਣੇ ਅੰਦਰ ਜਜ਼ਬ ਕਰਨ ਦੀ ਸਮਰੱਥਾ ਰੱਖਦਾ ਹੈ। ਇਸ ਤੋਂ ਇਲਾਵਾ ਦਰੱਖਤ ਕਾਰਬਨ ਮੋਨੋਅਕਸਾਈਡ, ਸਲਫਰ ਡਾਇਆਕਸਾਈਡ, ਨਾਈਟਰੋਜਨ  ਆਦਿ ਜ਼ਹਿਰਲੀਆਂ ਗੈਸਾਂ  ਸੋਖਣ ਦੀ ਸਮਰੱਥਾ ਵੀ ਰੱਖਦੇ ਹਨ। ਇਸ ਲਈ ਅੱਜ ਜਦ ਕਿ ਸਾਡਾ ਆਲਾ-ਦੁਆਲਾ ਪ੍ਰਦੂਸ਼ਿਤ ਹੋ ਚੁੱਕਾ ਤਾਂ ਇਨ੍ਹਾਂ ਦਰੱਖਤਾਂ ਦੀ ਮਹੱਤਤਾ ਹੋਰ ਵੀ ਵਧ ਜਾਂਦੀ ਹੈ।

ਦੁਖਾਂਤ ਇਸ ਗੱਲ ਦਾ ਹੈ ਕਿ ਇਸ ਜੀਵਨ ਵਰਧਕ ਸੋਮੇ ਨੂੰ ਬੁਰੀ ਤਰ੍ਹਾਂ ਨਸ਼ਟ ਕੀਤਾ ਜਾ ਰਿਹਾ ਹੈ। ਵਾਤਾਵਰਣ ਮਾਹਿਰਾਂ ਦਾ ਕਹਿਣਾ ਹੈ ਕਿ 1980 ਤੋਂ ਲੈ ਕੇ ਹੁਣ ਤੱਕ ਹਰ ਸਾਲ 1 ਕਰੋੜ  25 ਲੱਖ ਤੋਂ ਲੈ ਕੇ 1 ਕਰੋੜ 30 ਲੱਖ ਹੈਕਟੇਅਰ ਜੰਗਲੀ ਰਕਬਾ ਸਾਫ ਕੀਤਾ ਜਾ ਰਿਹਾ ਹੈ।ਇਸ ਭਿਆਨਕ ਗਤੀ ਨਾਲ ਜੰਗਲ ਕੱਟੇ ਜਾ ਰਹੇ ਹੋਣ ਤਾਂ ਇਨ੍ਹਾਂ ਜੰਗਲਾਂ ਵਿਚ ਰਹਿ ਰਹੇ ਜੀਵਾਂ ਦਾ ਕੀ ਬਣੇਗਾ?, ਮਾਹਿਰਾਂ ਅਨੁਸਾਰ ਇਨ੍ਹਾਂ ਦੀ ਨਸਲਕੁਸ਼ੀ ਸੰਭਵ ਹੈ ਇਕਲੋਜਿਸਟ ਇਸੇ ਨੂੰ ਹੀ ਜੀਵੀ-ਵਿਭਿੰਨਤਾ ਦਾ ਵਿਨਾਸ਼ ਕਹਿੰਦੇ ਹਨ। ਇਸ ਤਰ੍ਹਾਂ ਜੰਗਲਾਂ ਦਾ ਵਿਨਾਸ਼ ਹੋਣਾ ਇਕੱਲੇ ਜੀਵਾਂ ਲਈ ਹੀ ਨਹੀਂ, ਮਨੁੱਖੀ ਜੀਵਨ ਲਈ ਵੀ ਖਤਰਨਾਕ ਹੈ।

ਵਾਯੂਮੰਡਲ ਦੇ ਵਿਗਾੜ ਲਈ ਇਕੱਲੇ ਜੰਗਲਾਂ ਦਾ ਵਿਨਾਸ਼ ਨਹੀਂ, ਵਾਯੂਮੰਡਲ ਵਿਚ ਗਰੀਨ ਹਾਊਸ ਪ੍ਰਭਾਵ ਪੈਂਦਾ ਕਰਨ ਦੀਆਂ ਗੈਸਾਂ ਦੇ ਵੱਡੇ ਸਰੋਤ ਵਿਕਸਤ ਦੇਸ਼ਾਂ ‘ਚ ਮਸ਼ੀਨੀਕਰਨ ਤੇ ਕੋਲਾ ਆਧਾਰਿਤ ਉਦਯੋਗ ਵੀ ਹਨ। ਮਾਹਿਰਾਂ ਅਨੁਸਾਰ ਸਾਡੇ ਵਾਯੂਮੰਡਲ.’ਚ ਗੈਸਾਂ ਦਾ ਔਸਤ ਸੰਤੁਲਨ ਪਹਿਲਾਂ ਹੀ ਵਿਗੜ ਚੁੱਕਾ ਹੈ। ਸਮੁੱਚੀ ਦੁਨੀਆਂ ਦੇ ਦੇਸ਼ਾਂ ਵਿੱਚੋਂ ਇਕੱਲਾ ਅਮਰੀਕਾ ਹੀ ਕੁੱਲ ਦੁਨੀਆਂ ਦਾ ਚੌਥਾ ਹਿੱਸਾ ਕਾਰਬਨ ਗੈਸ ਵਾਯੂਮੰਡਲ ਵਿਚ ਭੇਜਦਾ ਹੈ। ਜਿਸ ਨਾਲ ਅੱਜ  ਤੀਜੀ ਦੁਨੀਆਂ ਦੇ ਦੇਸ਼ਾਂ ਦੀ ਵਾਯੂ ਪ੍ਰਦੂਸ਼ਣ ਦੀ ਸਮੱਸਿਆ ਹੋਰ ਗੁੰਝਲਦਾਰ ਬਣ ਰਹੀ ਹੈ। ਇਸ ਤਰ੍ਹਾਂ ਭਾਰਤ ਵਿਚ ਵੀ ਵਾਤਾਵਰਣ ਵਿਚ ਆ ਰਹੇ ਵਿਗਾੜਾਂ ਦੀ ਸਮੱਸਿਆ ਹੋਰ ਗੁੰਝਲਦਾਰ ਬਣ ਸਕਦੀ ਹੈ।

ਸਹੀ ਮਾਇਨਿਆਂ ਵਿਚ ਸਾਡੇ ਵਾਤਾਵਰਣ ਦੇ ਵਿਗਾੜ ਲਈ ਜ਼ਿੰਮੇਵਾਰ ਸਾਡੀ ਸਾਰਿਆਂ ਦੀ ਮਾਨਸਿਕਤਾ, ਸਾਡੀ ਪ੍ਰਦੂਸ਼ਿਤ ਸੋਚ ਤੇ ਕੁਦਰਤ ਨਾਲੋਂ ਟੁਟਦਾ ਸਾਡਾ ਰਿਸ਼ਤਾ ਹੈ। ਅਸੀਂ ਸਾਰੇ ਖੁਦਗਰਜ਼ ਹੋ ਗਏ ਹਾਂ। ਅਸੀਂ ਇਹ ਭੁੱਲ ਗਏ ਹਾਂ ਕਿ ਧਰਤੀ ਸਿਰਫ ਇਕ ਹੀ ਹੈ ਅਤੇ ਇਹ ਕਿਸੇ ਦੀ ਸੰਪਤੀ ਨਹੀਂ ਹੈ ਬਲਕਿ ਸਭਨਾਂ ਦੀ ਮਾਂ ਹੈ। ਵਿਗਿਆਨ ਵਿਚ ਨਿਊਟਨ ਦੇ ਤੀਜੇ ਨਿਯਮ ਅਨੁਸਾਰ ਹਰ ਕਿਰਿਆ ਦੀ ਬਰਾਬਰ ਉਲਟੀ ਪ੍ਰਤੀਕਿਰਿਆ ਹੁੰਦੀ ਹੈ ਜੇਕਰ ਅਸੀਂ ਕੁਦਰਤ ਨੂੰ ਨਜ਼ਰ ਅੰਦਾਜ਼ ਕਰਕੇ ਉਸ ‘ਤੇ ਜਿਆਦਤੀਆਂ ਕੀਤੀਆਂ ਹਨ ਤਾਂ ਸਾਨੂੰ ਉਸ ਦੀ ਕਰੋਪੀ ਸਹਿਣ ਲਈ ਵੀ ਤਿਆਰ ਹੋ ਜਾਣਾ ਚਾਹੀਦਾ ਹੈ। ਯਾਦ ਰੱਖੋ ਜਿਸ ਦਿਨ ਕੁਦਰਤ ਦੀ ਸਹਿਣ ਸ਼ਕਤੀ ਖਤਮ ਹੋ ਗਈ ਉਸ ਦਿਨ ਮਨੁੱਖੀ ਜੀਵਨ ਦਾ ਵਿਨਾਸ਼ ਨਿਸ਼ਚਿਤ ਹੈ।

ਸੁਖਮੰਦਰ ਸਿੰਘ ਤੂਰ
                        ਪਿੰਡ ਤੇ ਡਾਕ – ਖੋਸਾ ਪਾਂਡੋ, (ਮੋਗਾ) ।

Previous articleArmed forces veterans to receive Covid vaccine from next week
Next articleOperations of 36 medical stores suspended in Jammu