(ਸਮਾਜ ਵੀਕਲੀ)- ਪ੍ਰਚੀਨ ਸਮੇਂ ਭਾਰਤ ਵਿਚ ਦੋ ਧਾਰਮਿਕ ਪਰੰਪਰਾਵਾਂ ਮੌਜੂਦ ਰਹੀਆਂ ਹਨ। ਪਹਿਲੀ ਨੂੰ ਵੈਦਿਕ ਅਤੇ ਦੂਜੀ ਨੂੰ ਸ਼੍ਰਮਣਿਕ ਪਰੰਪਰਾ ਕਿਹਾ ਜਾਂਦਾ ਹੈ। ਦੂਜੀ ਪਰੰਪਰਾ ਵਿਚ ਦੋ ਧਰਮਾਂ ਜੈਨ ਧਰਮ ਅਤੇ ਬੁੱਧ ਧਰਮ ਦਾ ਬੋਲਬਾਲਾ ਰਿਹਾ ਹੈ। ਬੁੱਧ ਧਰਮ ਇਸ ਪਰੰਪਰਾ ਵਿਚ ਜੈਨ ਧਰਮ ਤੋਂ ਬਾਅਦ ਵਿਚ ਆਉਂਦਾ ਹੈ ਪਰ ਇਸ ਦੀ ਹੋਂਦ 2500 ਸਾਲ ਤੋਂ ਵੱਧ ਪੁਰਾਣੀ ਸਵੀਕਾਰੀ ਜਾਂਦੀ ਹੈ। ਭਾਰਤ ਦੇ ਇਸ ਪੁਰਾਤਨ ਧਰਮ ਦਾ ਆਰੰਭ ਤੱਥਾਗਤ ਬੁੱਧ ਤੋਂ ਹੁੰਦਾ ਹੈ ਪਰ ਇਸ ਦਾ ਇਤਿਹਾਸ ਨਿਰਵਿਘਨ ਨਹੀਂ ਰਿਹਾ। ਭਾਵੇਂ ਬੁੱਧ ਦੇ ਪੈਰੋਕਾਰਾਂ ਦੀ ਗਿਣਤੀ ਕਾਫੀ ਘੱਟ ਗਈ ਹੈ ਪਰ ਇਸ ਦੇ ਸਿਧਾਂਤ ਅਜੇ ਵੀ ਸਾਰਥਿਕ ਹਨ। ਪੇਸ਼ ਹਨ ਬੁੱਧ ਧਰਮ ਦਾ ਪ੍ਰਮੁੱਖ ਸਿਧਾਂਤ:-
ਬੁੱਧ ਧਰਮ ਨੇ ਮੱਧ ਮਾਰਗ ਦੇ ਸਿਧਾਂਤ ਨੂੰ ਅਪਨਾਇਆ ਹੋਇਆ ਹੈ। ਇਸ ਸਿਧਾਂਤ ਦੇ ਅਨੁਸਾਰ ਤੱਥਾਗਤ ਬੁੱਧ ਨੇ ਜਿਥੇ ਭੋਗ-ਵਿਲਾਸ ਦੇ ਜੀਵਨ ਨੂੰ ਰੱਦ ਕੀਤਾ ਹੈ ਉੱਥੇ ਦੁੱਖਦਾਈ ਅਤੇ ਸਿਖਰ ਦੇ ਸੰਜਮੀ ਜੀਵਨ ਤੋਂ ਵੀ ਕਿਨਾਰਾ ਕੀਤਾ ਹੈ। ਉਨ੍ਹਾਂ ਨੇ ਇਨ੍ਹਾਂ ਦੋਵਾਂ ਦੇ ਵਿਚਕਾਰਲਾ ਰਾਹ ਸਵੀਕਾਰ ਕੀਤਾ ਹੈ ਜਿਸ ਨੂੰ ਮੱਧ ਮਾਰਗ ਦਾ ਨਾਮ ਦਿੱਤਾ ਜਾਂਦਾ ਹੈ। ਬੁੱਧ ਦੇ ਅਨੁਸਾਰ ਇਹ ਮਾਰਗ ਸ਼ਾਂਤੀ, ਆਨੰਦ ਅਤੇ ਮੁਕਤੀ ਦਾ ਮਾਰਗ ਹੈ। ਇਸ ਦੇ ਅੱਠ ਭਾਗ ਹਨ ਜਿਸ ਕਰਕੇ ਇਸ ਨੂੰ ਅਸ਼ਟਾਂਗ ਮਾਰਗ ਵੀ ਕਿਹਾ ਜਾਂਦਾ ਹੈ। ਇਹ ਭਾਗ ਹੇਠ ਲਿਖੇ ਅਨੁਸਾਰ ਹਨ:-
0 ਸਮਯਕ ਦ੍ਰਿਸ਼ਟੀ (ਸੱਚੇ ਵਿਚਾਰ)
0 ਸਮਯਕ ਸੰਕਲਪ (ਸੱਚੀ ਨੀਅਤ)
0 ਸਮਯਕ ਵਾਕ (ਸੱਚਾ ਬੋਲ)
0 ਸਮਯਕ ਕਰਮ (ਸੱਚਾ ਵਿਹਾਰ)
0 ਸਮਯਕ ਆਜੀਵਕਾ (ਸੱਚੀ ਰੋਜ਼ੀ)
0 ਸਮਯਕ ਵਿਅਯਾਮ (ਸੱਚਾ ਯਤਨ)
0 ਸਮਯਕ ਸਮ੍ਰਿਤੀ (ਸੱਚਾ ਮਨੋਯੋਗ)
0 ਸਮਯਕ ਸਮਾਧੀ (ਸੱਚਾ ਧਿਆਨ)
ਇਨ੍ਹਾਂ ਅੱਠਾਂ ਭਾਗਾਂ ਵਿਚ ਬੁੱਧ ਮਤ ਦੀ ਸਦਾਚਾਰਿਕਤਾ, ਧਾਰਮਿਕਤਾ ਅਤੇ ਦਾਰਸ਼ਨਿਕਤਾ ਝਲਕਦੀ ਹੈ। ਇਨ੍ਹਾਂ ਨੂੰ ਅਸੀਂ ਸ਼ੀਲ, ਸਮਾਧੀ ਅਤੇ ਪ੍ਰਗਿਆ ਸ਼ਬਦਾਂ ਨਾਲ ਜਾਣ ਸਕਦੇ ਹਾਂ ਜੋ ਅਜੋਕੇ ਸਮੇਂ ਵੀ ਮੁਕਤੀ ਅਤੇ ਨਿਰਵਾਣ ਦਾ ਰਾਹ ਦਰਸਾਉਂਦੇ ਹਨ। ਇਸ ਰਾਹ ‘ਤੇ ਚੱਲ ਕੇ ਕੋਈ ਵੀ ਵਿਅਕਤੀ ਜਿਥੇ ਤੱਥਾਗਤ ਬੁੱਧ ਦੀਆਂ ਖ਼ੁਸ਼ੀਆਂ ਪ੍ਰਾਪਤ ਕਰ ਸਕਦਾ ਹੈ ਉਥੇ ਆਪਣਾ ਜੀਵਨ ਪੰਧ ਵੀ ਸੁਖਾਲਾ ਕਰ ਸਕਦਾ ਹੈ।
-ਰਮੇਸ਼ ਬੱਗਾ ਚੋਹਲਾ
#1348/17/1 ਗਲੀ ਨੰ:8 ਹੈਬੋਵਾਲ ਖੁਰਦ(ਲੁਧਿਆਣਾ)
ਮੋਬ:9463132719