(ਸਮਾਜ ਵੀਕਲੀ)
ਗੱਲ 19ਵੀਂ ਸਦੀ ਦੀ ਹੈ ਜਦੋਂ ਔਰਤ ਨੂੰ ਬਹੁਤ ਘੱਟ ਦਰਜ਼ਾ ਦਿੱਤਾ ਜਾਦਾ ਸੀ ਜਾਂ ਕਹਿ ਲਓ ਕਿ ਅੱਜ ਵਾਂਗ ਬਰਾਬਰੀ ਦਾ ਅਧਿਕਾਰ ਨਹੀਂ ਸੀ। ਸਤਨਾਮ ਆਪਣੀ ਮਾਂ ਦਾ ਇਕਲੌਤਾ ਪੁੱਤ ਸੀ ਤੇ ਉਸਦਾ ਬਾਪੂ ਵੀ ਇਕੱਲਾ ਹੀ ਸੀ। ਖਾਨਦਾਨ ਬਹੁਤਾ ਵੱਡਾ ਨਹੀਂ ਸੀ ਪਰ ਉਹ ਜਿਆਦਾਤਰ ਖੁਸ਼ ਇਸ ਕਰਕੇ ਸਨ ਕਿ ਉਨ੍ਹਾਂ ਦੇ ਘਰ ਕੋਈ ਧੀ ਨਹੀਂ ਸੀ।
ਸਤਨਾਮ ਦੀ ਮਾਂ ਜੰਗੀਰ ਕੌਰ ਬਹੁਤ ਗੁੱਸੇ ਸੁਭਾਅ ਵਾਲੀ ਸੀ। ਜਦ ਸਤਨਾਮ 26ਕੁ ਵਰਿਆਂ ਦਾ ਹੋਇਆ ਤੇ ਮਾਂ ਨੇ ਉਸਦੇ ਵਿਆਹ ਲਈ ਆਪਣੇ ਘਰ ਵਾਲੇ ਜਰਨੈਲ ਨੂੰ ਮੁੰਡੇ ਲਈ ਸੋਹਣੀ ਸੁਨੱਖੀ ਕੁੜੀ ਲੱਭਣ ਲਈ ਕਿਹਾ। ਕਰਦਿਆ ਕਰਾਉਦਿਆ ਇਕ ਘਰ ਮੁੰਡੇ ਦਾ ਸਾਕ ਹੋ ਗਿਆ ਤੇ ਕੁੜੀ ਦਾ ਰੰਗ ਕਣਕ ਭਿੰਨਾ ਸੀ।
ਪਹਿਲਾ ਤਾ ਜੰਗੀਰੋ ਆਨਾ ਕਾਨਾ ਜਿਹੀ ਕਰਨ ਲੱਗੀ ਤੇ ਉਸ ਤੋਂ ਬਾਅਦ ਸਤਨਾਮ ਨੂੰ ਕੁੜੀ ਪਸੰਦ ਲੱਗਣ ਤੇ ਰਿਸ਼ਤਾ ਪੱਕਾ ਹੋ ਗਿਆ। ਘਰ ਵਿੱਚ ਖੁਸ਼ੀਆਂ ਦਾ ਮਾਹੌਲ ਸੀ ਰਿਸ਼ਤੇਦਾਰ ਆਏ ਹੋਏ ਸਨ। ਉਨ੍ਹਾਂ ਸਮਿਆ ‘ਚ ਲੱਡੂ ਜਲੇਬੀਆਂ ਦੀ ਮਠਿਆਈ ਮਸ਼ਹੂਰ ਮੰਨੀ ਜਾਂਦੀ ਸੀ ਤੇ ਆਉਣ ਵਾਲੇ ਹਰ ਰਿਸ਼ਤੇਦਾਰਾਂ ਨੂੰ ਚਾਹ ਨਾਲ ਦਿੱਤੀ ਜਾਂਦੀ ਸੀ।
ਸਮਾ ਬੀਤਿਆ ਸਤਨਾਮ ਦੀ ਘਰਵਾਲੀ ਹਰਨਾਮ ਕੌਰ ਗਰਭਵਤੀ ਹੋਈ ਵਿਆਹ ਉਪਰੰਤ ਕਰੀਬ 1 ਸਾਲ ਬਾਅਦ ਉਸਦੇ ਘਰ ਇਕ ਕੁੜੀ ਨੇ ਜਨਮ ਲਿਆ, ਰੰਗ ਪੱਖੋ ਉਹ ਪੱਕੇ ਰੰਗ ਦੀ ਸੀ।
ਜੰਗੀਰੋ ਦਾ ਰੰਗ ਹੀ ਉੱਡ ਗਿਆ ਕਹਿੰਦੀ “ਪੱਥਰ ਕਿੱਥੇ ਜੰਮਤਾ, ਸਾਡੇ ਮੱਥੇ ਮਾਰਿਆ ਕਲਹਿਣੀਏ॥
ਸਤਨਾਮ ਦੇ ਘੂਰਨ ਦੇ ਜੰਗੀਰੋ ਚੁੱਪ ਤਾ ਕਰਗੀ ਪਰ ਜਦੋਂ ਸਤਨਾਮ ਘਰ ਨਾ ਹੁੰਦਾ ਤਾਂ ਜੰਮੀ ਧੀ ਹਰਬੀਰ ਕੌਰ ਜਿਸਨੂੰ ਬੀਰੋ ਦੇ ਨਿੱਕੇ ਨਾਮ ਨਾਲ ਸਾਰੇ ਬੁਲਾਇਆ ਕਰਦੇ ਸੀ ਨੂੰ ਹਰ ਵਾਰ ਮਨਹੂਸ ਕਹਿ ਕੇ ਮਾੜਾ ਕਿਹਾ ਜਾਂਦਾ ਸੀ। ਘਰ ਦੀ ਆਰਥਿਕਤਾ ਕਮਜ਼ੋਰ ਹੋ ਰਹੀ ਸੀ। ਫਸਲ ਵੀ ਬਹੁਤੀ ਚੰਗੀ ਨਾ ਹੋਈ। ਜੰਗੀਰੋ ਦਾ ਜਦ ਵੀ ਦਾਅ ਲੱਗਦਾ ਤਾਹਨੇ ਮਿਹਨੇ ਦੇਣੋ ਨਾ ਹਟਦੀ।
ਉਹ ਬੀਰੋ ਤੇ ਉਸਦੀ ਮਾਂ ਨੂੰ ਮਨਹੂਸ ਦੱਸਦੀ ਰਹਿੰਦੀ। ਸਮਾ ਬੀਤਿਆ ਇਕ ਦਿਨ ਸਤਨਾਮ ਦੇ ਬਾਪੂ ਜਰਨੈਲ ਦੀ ਸਿਹਤ ਖਰਾਬ ਹੋ ਗਈ ਤੇ ਉਹ ਚੱਲ ਵਸਿਆ। ਰੋਦੇਂ ਹੋਏ ਜੰਗੀਰੋ ਨਾਲ ਨਾਲ ਬੁੜਬੁੜਾਉਦੀ ਹੈ ਮਨਹੂਸ ਦਾ ਪਤਾ ਨਹੀਂਕਿਹੋ ਜਿਹਾ ਪੈਰ ਪਿਆ ਸਾਡੇ ਘਰ ਵਿੱਚ ਮੇਰੇ ਘਰ ਵਾਲੇ ਨੂੰ ਖਾ ਗਈ ਤੇ ਘਰ ਤਾਂ ਖਾਣ ਨੂੰ ਦਾਣੇ ਵੀ ਨਹੀਂ ਰਹਿਗੇ ।
ਇਹਦੇ ਨਾਲ ਤੁਸੀਂ ਮਾਵਾਂ ਧੀਆਂ ਮਰ ਜਾਂਦੀਆ। ਇਹ ਗੱਲ ਹਰਨਾਮ ਕੌਰ ਨੂੰ ਵੱਡ ਵੱਡ ਖਾਂਦੀ ਤੇ ਸਤਨਾਮ ਆਪਣੀ ਮਾਂ ਦੇ ਸੁਭਾਅ ਤੋਂmਜਾਣੂ ਹੋਣ ਕਰਕੇ ਕੁਝ ਬੋਲਿਆ ਨਹੀਂ ਕਰਦਾ ਸੀ। ਸਮਾਂ ਆਪਣੀ ਚਾਲ ਚੱਲਦਾ ਰਿਹਾ। ਸਤਨਾਮ ਦੇ ਘਰ ਇਕ ਹੋਰ ਕੁੜੀ ਨੇ ਜਨਮ ਲਿਆ। ਜੰਗੀਰੋ ਫਿਰ ਬੁੜ ਬੁੜ ਕਰਦੀ ਹੋਈ ਬੋਲੀ “ਬੇੜਾ ਬਹਿ ਜਾਏ ਉਸ ਡਾਕਟਰ ਦਾ ਜਿਹੜਾ ਕਹਿੰਦਾ ਸੀ ਬੇਬੇ ਉਸ ਗਾਂ ਦੇ ਦੁੱਧ ਨਾਲ ਪੁੜੀਆਂ ਖੁਆਈ ਆਵਦੀ ਨੂੰਹ ਨੂੰ, ਜਿਹੜੀ ਗਾਂ ਨੇ ਵੱਛਾ ਦਿੱਤਾ ਹੋਵੇ ਤੇ ਅੱਗੇ ਸੂਣ ਵਾਲੀ ਨਾ ਹੋਵੇ।
ਪਰ ਡਾਕਟਰ ਦਾ ਵੀ ਕੀ ਕਸੂਰ , ਜਦੋਂ ਦਾ ਬੀਰੋ ਕਹਿਣੀ ਨੇ ਘਰ ਵਿੱਚ ਪੈਰ ਧਰਿਆ ਘਰ ਤਾ ਪਹਿਲਾ ਹੀ ਡੁੱਬ ਗਿਆ, ਪੋਤਰੇ ਦਾ
ਮੂੰਹ ਸਵਾਹ ਵਿਖਾਉਣਾ ਸੀ ਇਹਨੇ।
ਸਤਨਾਮ ਦਾ ਸਬਰ ਟੁੱਟਿਆ ਤੇ ਕਹਿਣ ਲੱਗਾ “ਬੇਬੇ। ਰੱਬ ਤੋਂ ਡਰ, ਤੇ ਮੇਰੀਆਂ ਧੀਆਂ ਨੂੰ ਕੋਸਣ ਦੀ ਬਜਾਏ ਰੱਬ ਅੱਗੇ ਅਰਦਾਸ ਕਰ ਕਿ ਸਾਨੂੰ ਪੁੱਤਰ ਦੀ ਦਾਤ ਬਖਸ਼ੇ।
ਜੰਗੀਰੋ ਨੇ ਜਵਾਬ ਦਿੱਤਾ “ਵੇਖ ਸਿਖਾਇਆ ਖਸਮਾ ਨੂੰ ਖਾਣੀ ਹਰਨਾਮੋ ਦਾ, ਕਿਵੇਂ ਜੁਬਾਨ ਕਿਵੇ ਲੜਾਉਦਾ ਮੇਰੇ ਨਾਲ। ਹਰਨਾਮੋ ਤੇ ਬੀਰੋ ਦੋਵੇ ਰੋਣ ਲੱਗੀਆ ਤੇ ਕਮਰੇ ਵਿੱਚ ਨਿੱਕੀ ਕੁੜੀ ਰੱਜੋ ਕੋਲ ਜਾ ਬੈਠੀਆ ਤੇ ਦੁਆਵਾ ਕਰਨ ਲੱਗੀਆ ਕਿ ਰੱਬਾ ਤੂੰ ਹੀ ਸਾਨੂੰ ਬਚਾ ਸਕਦਾ ਹੈ ਇਕ ਪੁੱਤਰ ਦੀ ਦਾਤ ਦੇ ਕੇ।
ਸਮਾਂ ਬੀਤਦਾ ਗਿਆ ਬੀਰੋ ਕੋਈ 5 ਤੇ ਰੱਜੋ 2 ਸਾਲ ਦੀ ਹੋ ਗਈਆ ਸੀ। ਆਖਿਰਕਾਰ ਸਤਨਾਮ ਦੇ ਘਰ ਬੱਚੇ ਨੇ ਜਨਮ ਲਿਆ ਜਿਸਦਾ ਨਾਮ ਜੋਗਿੰਦਰ ਰੱਖਿਆ ਬੱਚੇ ਦੀਆਂ ਕਿਲਕਾਰੀਆਂ ਨੇ ਘਰ ਵਿੱਚ ਫਿਰ ਤੋਂ ਰੋਣਕ ਲੈ ਆਦੀ । ਜੰਗੀਰੋ ਉੱਚੀ ਉੱਚੀ ਕਹਿਣ ਲੱਗੀ ਜੇ ਇਸ ਮਨਹੂਸ ਬਾਰੇ ਮੈਂ ਬਾਬੇ ਤੋਂ ਛੋਟੀਆ ਲਾਚੀਆ ਨਾ ਕਰਵਾ ਕੇ ਲਿਆਉਦੀ ਤਾ ਮੈਨੂੰ ਹਜੇ ਵੀ ਪੋਤੇ ਦਾ ਮੂੰਹ ਵੇਖਣ ਨੂੰ ਨਸੀਬ ਨਹੀਂ ਸੀ ਹੋਣਾ, ਪਰ ਉਹਨੂੰ ਕੋਣ ਸਮਝਾਵੇ ਕਿ ਲਾਚੀਆ ਤਾ ਹਰਨਾਮੋ ਨੇ ਖਾਧੀਆ ਹੀ ਨਹੀ ਸਨ।
ਵਹਿਮਾਂ ਭਰਮਾ ਵਿੱਚ ਵਿਚਰਦੀ ਜੰਗੀਰੋ ਦੀ ਮੱਤ ਆਪਣੇ ਹੀ ਪਰਿਵਾਰ ਨੂੰ ਮਾੜਾ ਸਮਝਣ ਲੱਗੀ। ਸਮਾਂ ਪਿਆ ਸਤਨਾਮ ਬਿਮਾਰ ਹੋ ਗਿਆ ਤੇ ਬੀਰੋ 20 ਕੁ ਸਾਲਾ ਦੀ ਤੇ ਰੱਜ਼ੋ 17 ਕੁ ਸਾਲ ਦੀ ਹੋ ਗਈ ਸੀ ਪਰ ਉਨ੍ਹਾਂ ਦਾ ਭਰਾ ਆਲਸੀ ਤੇ ਵਿਹਲੜ ਅਤੇ ਦਾਦੀ ਜੰਗੀਰੋ ਦਾ ਲਾਡਲਾ ਕਹਿਣੇ ਤੋਂ ਬਾਹਰ ਹੋਗਿਆ। ਘਰ ਦੇ ਹਾਲਾਤ ਸੁਧਰ ਚੁੱਕੇ ਸਨ ਸਤਨਾਮ ਨੇ ਜਮੀਨ ਠੇਕੇ ਤੇ ਲੈ ਚੰਗੀ ਕਮਾਈ ਕੀਤੀ ਸੀ ਪਰ ਰੱਬ ਨੂੰ ਕੁਝ ਹੋਰ ਹੀ ਮਨਜੂਰ ਸੀ।
ਦਿਲ ਦਾ ਦੌਰਾ ਪੈਣ ਕਰਕੇ ਸਤਨਾਮ ਵੀ ਰੱਬ ਨੂੰ ਪਿਆਰਾ ਹੋ ਗਿਆ। ਜੰਗੀਰੋ ਫਿਰ ਬੀਰੋ ਤੇ ਰੱਜੋ ਨੂੰ ਤਾਨੇ ਦਿੰਦੀ ਕਹਿਣ ਲੱਗੀ ਮਨਹੂਸ ਤਾ ਇਕ ਈ ਬੜੀ ਸੀ ਹੁਣ ਇਹ ਤਿੰਨ ਹੋ ਗਈਆ ਤੇ ਖਾ ਗਈਆ ਮੇਰੇ ਪੁੱਤ ਨੂੰ। ਉਮਰ ਵਿੱਚ ਜਵਾਨ ਹੋਈਆ ਦੋਵੇ ਕੁੜੀਆਂ ਨੂੰ ਜਿੱਥੇ ਪਿਓ ਦੇ ਮਰਨ ਦਾ ਦੁੱਖ ਸੀ ਓਥੇ ਦਾਦੀ ਦੇ ਦਿੱਤੇ ਤਾਹਨੇ ਸੀਨੇ ਵਿੱਚ ਛੁਰੀ ਵਾਗੂੰ ਚੁੱਭ ਰਹੇ ਸਨ।
ਵਖਤ ਬੀਤਆ… ਪਿਓ ਦਾ ਭਾਰ ਜੋਗਿੰਦਰ ਦੇ ਮੋਢਿਆ ਤੇ ਪੈਣ ਲੱਗਾ। ਖੇਤੀ ਕਰਦਾ ਪੜਾਈ ਛੱਡ ਗਿਆ ਪਰ ਮਾਂ ਅਤੇ ਭੈਣਾ ਦਾ ਦੁੱਖ ਸਮਝਦਾ ਭੈਣਾ ਨੂੰ ਚੰਗੀ ਪੜ੍ਹਾਈ ਕਰਵਾ ਦਿੱਤੀ। ਵੱਡੀ ਭੈਣ ਬੀਰੋ ਨੇ ਸਰਕਾਰੀ ਨੌਕਰੀ ਦਾ ਪੇਪਰ ਪਾਸ ਕਰ ਲਿਆ ਤੇ ਨੌਕਰੀ ਲੱਗ ਗਈ। ਪਰ ਜੰਗੀਰੋ ਦੀਆਂ ਅੱਖਾ ਗੁੱਸੇ ਨਾਲ ਲਾਲ ਤੇ ਕਹਿਣ ਲੱਗੀ ਬਹਿਜਾ ਟਿਕ ਕੇ ਘਰੇ ਨਹੀਂ ਕਰਨ ਦੇਣੀ ਤੈਨੂੰ ਕੋਈ ਨੌਕਰੀ। ਜੋਗਿੰਦਰ ਨੇ ਆਪਣੀ ਦਾਦੀ ਨਾਲ ਲੜ ਬੀਰੋ ਨੂੰ ਨੌਕਰੀ ਤੇ ਭੇਜ ਦਿੱਤਾ।
ਰੱਜੋ ਵੀ ਪੜ੍ਹਨ ਵਿੱਚ ਚੰਗੀ ਸੀ ਹੌਲੀ ਹੌਲੀ ਉਸਨੂੰ ਵੀ ਡਾਕ ਘਰ ਵਿੱਚ ਨੌਕਰੀ ਮਿਲ ਗਈ। ਅਚਾਨਕ ਜੋਗਿੰਦਰ ਬਿਮਾਰ ਜਿਹਾ ਰਹਿਣ ਲੱਗਾ ਤੇ ਦੋਵੇ ਭੈਣਾ ਨੌਕਰੀ ਤੋਂ ਛੁੱਟੀ ਲੈ ਭਰਾ ਦਾ ਪਤਾ ਲੈਣ ਆਈਆ।
ਆਉਦਿਆ ਹੀ ਜੰਗੀਰੋ ਕਹਿਣ ਲੱਗੀ “ਸਾਨੂੰ ਤੁਹਾਡੀ ਕਮਾਈ ਖਾਣੀ ਜ਼ਹਿਰ ਵਰਗੀ ਲੱਗਦੀ ਹੈ “
ਅੱਗੇ ਤੁਸੀ ਮੇਰਾ ਘਰ ਵਾਲਾ ਨਿਘਲ ਲਿਆ ਫਿਰ ਮੇਰਾ ਪੁੱਤ ਤੇ ਹੁਣ ਮੇਰਾ ਪੋਤਰਾ ਵੀ ਖਾ ਲੈਣਾ ਤੁਸੀਂ, ਦਫਾ ਹੋ ਜਾਓ ਏਥੋਂ।”
ਏ ਨੀ ਗੱਲ ਸੁਣ ਦੋਨਾਂ ਭੈਣਾਂ ਦਾ ਗਲਾ ਭਰ ਆਇਆ ਤੇ ਜੰਗੀਰੋ ਨੂੰ ਉੱਤਰ ਨਾ ਦੇ ਸਕੀਆ, ਮੰਜੇ ਤੋਂ ਉੱਠ ਕੇ ਜੋਗਿੰਦਰ ਕਹਿਣ ਲੱਗਾ ਕਿ ਬੇਬੇ ਦਾਦੇ ਨੂੰ ਤਾ ਮੈਂ ਨਹੀਂ ਵੇਖਿਆ ਪਰ ਬਾਪੂ ਨੂੰ ਜਦੋਂ ਮੈਂ ਪੁੱਛਦਾ ਸੀ ਕਿ ਮਨਹੂਸ ਕੀ ਹੁੰਦਾ ਤਾ ਉਸਨੇ ਕਿਹਾ ਜਮਾਂ ਤੇਰੀ ਦਾਦੀ ਵਰਗਾ ਤੇ ਗੁਆਢ ਰਹਿੰਦਾ ਵਲੈਤੀ ਚਾਚਾ ਵੀ ਕਹਿੰਦਾ ਸੀ ਕਿ ਪਹਿਲਾ ਤੇਰੀ ਦਾਦੀ ਹੱਥੋਂ ਤੰਗ ਤੇਰਾ ਦਾਦਾ ਮਰ ਗਿਆ ਤੇ ਫਿਰ ਤੇਰਾ ਪਿਓ। ਤੂੰ ਸੰਭਲ ਕੇ ਰਹੀ ਪੁੱਤ।
ਦਾਦੀ! ਮੈਨੂੰ ਨਹੀਂ ਲੱਗਦਾ ਕਿ ਮੇਰੀ ਮਾਂ ਜਾਂ ਮੇਰੀਆਂ ਭੈਣਾਂ ਮਨਹੂਸ ਹਨ ਅਸਲੀ ਮਨਹੂਸ ਤਾ ਤੂੰ ਹੈ। ਸ਼ਾਇਦ ਤੈਨੂੰ ਕਿਸੇ ਨੇ ਕਦੀ ਕਿਹਾ ਨਹੀਂ। ਇਸ ਕਰਕੇ ਤੂੰ ਆਪਣੇ ਆਪ ਨੂੰ ਮਨਹੂਸ ਸਮਝਿਆ ਈ ਨਹੀਂ। ਦਾਦੀ ਤੂੰ ਵੀ ਇਕ ਜਨਾਨੀ ਹੈ, ਤੈਨੂੰ ਵੀ ਤਾ ਕਿਸੇ ਨੇ ਜਨਮ ਦਿੱਤਾ ਹੈ, ਤੂੰ ਵੀ ਤਾਂ ਇਸੇ ਘਰ ਵਿੱਚ ਈ ਸੀ ਜਦੋਂ ਬਾਪੂ ਤੇ ਦਾਦਾ ਜੀ ਮਰੇ ਸਨ। ਇਹ ਸੁਣ ਜੰਗੀਰੋ ਬੁੱਲਾ ਵਿੱਚ ਬੁੜਬੁੜਾਉਣ ਲੱਗੀ ਕਿ ਇਸ ਦਿਨ ਵਾਸਤੇ ਤੈਨੂੰ ਸੁੱਖਾਂ ਸੁੱਖ ਕੇ ਲਿਆ ਸੀ ਕਿ ਅੱਗੋ ਤੂੰ ਜੁਬਾਨ ਲੜਾਵੇ।
ਜੋਗਿੰਦਰ ਬੋਲਿਆ, ਦਾਦੀ! ਜੇ ਇਹੋ ਜੁਬਾਨ ਮੇਰੇ ਪਿਓ ਜਾ ਦਾਦੇ ਨੇ ਲੜਾਈ ਹੁੰਦੀ ਤਾਂ ਅੱਜ ਤੂੰ ਇਹ ਗੱਲਾਂ ਨਾ ਕਰਦੀ। ਮੈਨੂੰ ਦੱਸੋ ਭਲਾਂ ਕਿ ਕਦੇ ਕੋਈ ਇਨਸਾਨ ਵੀ ਮਨਹੂਸ ਹੋਇਆ ਹੈ? ਜਦੋਂ ਕਿ ਸਬ ਉਸ ਰੱਬ ਦੇ ਰਚੇ ਹੋਏ ਚਿਹਰੇ ਹਨ ਸਬ ਵਿੱਚ ਉਸਦਾ ਵਾਸਾ ਹੈ ਫਿਰ ਕਿਵੇ ਕੋਈ ਮਨਹੂਸ ਹੋ ਸਕਦਾ ਹੈ ? ਇੰਨ੍ਹਾਂ ਗੱਲਾ ਨੇ ਦਾਦੀ ਦਾ ਦਿਲ ਵਲੂੰਧਰ ਕੇ ਰੱਖ ਦਿੱਤਾ।
ਰੋਂਦੀ ਹੋਈ ਦਾਦੀ ਨੇ ਸਾਰੇ ਪਰਿਵਾਰ ਨੂੰ ਹਿੱਕ ਨਾਲ ਲਾਇਆ ਤੇ ਕਹਿੰਦੀ ਹੈ ਕਿ ਮੈਂ ਹੀ ਗਲਤ ਹਾਂ, ਇਕ ਔਰਤ ਨੂੰ ਔਰਤ ਦਾ ਦਰਦ ਸਮਝਣਾ ਚਾਹੀਦਾ ਹੈ, ਸਚਮੁੱਚ ਮੈਂ ਹੀ ਮਨਹੂਸ ਹਾਂ ਕਿਉਂਕਿ ਮੈਂ ਹਮੇਸ਼ਾ ਪਦਾਰਥਵਾਦੀ ਸੋਚ ਵਿੱਚ ਗੁਆਚੀ ਰਹੀ ਪਰ ਤੁਹਾਡੀ ਨੈਤਿਕਤਾ ਨੇ ਮੇਰੀਆਂ ਅੱਖਾਂ ਖੋਲ੍ਹ ਦਿੱਤੀਆ।
ਸਰਬਜੀਤ ਸਿੰਘ ਸੰਧੂ
95921-53027
ਛਾਂਗਾ ਰਾਏ ਉਤਾੜ, ਫਿਰੋਜ਼ਪੁਰ।