ਨਿਊਜ਼ੀਲੈਂਡ ਨਕੋਦਰ (ਹਰਜਿੰਦਰ ਛਾਬੜਾ) (ਸਮਾਜ ਵੀਕਲੀ) : ਪੰਜਾਬੀ ਜਿਥੇ ਵੀ ਗਏ ਉਹਨਾਂ ਜਿਥੇ ਨਵਾਂ ਪੰਜਾਬ ਬਣਾਇਆ | ਓਥੇ ਹੀ ਨਵੇਂ ਮੁਲਕ ਦੀ ਤਰੱਕੀ ਵਿਚ ਵੀ ਹਰ ਪੱਖ ਤੋਂ ਆਪਣਾ ਯੋਗਦਾਨ ਪਾਇਆ | ਨਿਊਜ਼ੀਲੈਂਡ ਵਿਚ ਵੱਸਦੇ ਪੰਜਾਬੀਆਂ ਜਾਂ ਕਹਿ ਲਵੋਂ ਭਾਰਤੀਆਂ ਨੇ ਬਹੁਤ ਸਾਰੇ ਮੀਲ ਪੱਥਰ ਸਰ ਕੀਤੇ | ਇਹਨਾਂ ਵਿਚ ਪੰਜਾਬਣ ਮਹਿਲਾ ਮਨਦੀਪ ਕੌਰ ਸਿੱਧੂ ਦਾ ਨਾਮ ਵੀ ਮਾਨਯੋਗ ਹੈ ,ਜਿਹਨਾਂ ਜਿਥੇ ਪਹਿਲਾ ਨਿਊਜ਼ੀਲੈਂਡ ਪੁਲਿਸ ਵਿਚ ਅੱਜ ਤੋਂ 16 ਸਾਲ ਪਹਿਲਾ ਭਰਤੀ ਹੋਕੇ ਪਹਿਲੀ ਭਾਰਤੀ ਅਤੇ ਪੰਜਾਬੀ ਪੁਲਸ ਅਫਸਰ ਬਣਕੇ ਭਾਈਚਾਰੇ ਦਾ ਮਾਣ ਵਧਾਇਆ ਸੀ |
ਮਨਦੀਪ ਕੌਰ ਸਿੱਧੂ ਕਈ ਅਹਿਮ ਅਹੁਦਿਆਂ ਤੇ ਕੰਮ ਕਰ ਚੁੱਕੇ ਹਨ ਤੇ ਅੱਜ ਕੱਲ ਹੈਂਡਰਸਨ ਵਿਚ ਐਥੈਨਿਕ ਭਾਈਚਾਰੇ ਦੇ ਲਈ ਵਿਸ਼ੇਸ਼ ਅਫਸਰ ਵਜੋਂ ਤਾਇਨਾਤ ਸਨ | ਉਹਨਾਂ ਦੀ ਜਿਥੇ ਮੁਲਕ ਦੀ ਕੌਮੀ ਰਾਜਧਾਨੀ ਵਲਿੰਗਟਨ ਵਿਚ ਤਾਇਨਾਤੀ ਹੋਈ ਓਥੇ ਹੀ ਪਹਿਲੀ ਭਾਰਤੀ ਮੂਲ ਦੀ ਮਹਿਲਾ ਥਾਣੇਦਾਰ (ਜਾਣੀ ਕਿ ਸੀਨੀਅਰ ਸਾਰਜੈਂਟ ) ਵਜੋਂ ਪਦ ਉੱਨਤੀ ਵੀ ਮਿਲੀ ਹੈ | ਉਹਨਾਂ ਦੇ ਮੋਢੇ ਉੱਪਰ ਅਫ਼ਸਰੀ ਦੀਆਂ ਫੀਤੀਆਂ ਨਿਊਜ਼ੀਲੈਂਡ ਪੁਲਿਸ ਦੇ ਕਮਿਸ਼ਨਰ ਐਂਡ੍ਰਿਊ ਕੌਸਟਰ ਨੇ ਖੁਦ ਲਾਈਆਂ |
ਇਥੇ ਜਿਕਰਯੋਗ ਹੈ ਕਿ ਮਨਦੀਪ ਕੌਰ ਸਿੱਧੂ ਬਤੌਰ ਵਿਦਿਆਰਥੀ ਸੁਨਹਿਰੇ ਭਵਿੱਖ ਨੂੰ ਲੈਕੇ ਚੰਡੀਗੜ ਤੋਂ 1996 ਵਿਚ ਆਸਟ੍ਰੇਲੀਆ ਅਤੇ ਉਸਤੋਂ ਬਾਅਦ 1999 ਵਿਚ ਨਿਊਜ਼ੀਲੈਂਡ ਆਏ ਸਨ | ਸਾਰਜੈਂਟ ਮਨਦੀਪ ਕੌਰ ਸਿੱਧੂ ਦਾ ਪੰਜਾਬੀ ਭਾਈਚਾਰੇ ਵਿਚ ਕਾਫੀ ਮਾਣ ਦੇ ਨਾਲ ਨਾਮ ਲਿਆ ਜਾਂਦਾ ਹੈ | ਉਹਨਾਂ ਦੀ ਇਸ ਪ੍ਰਾਪਤੀ ਤੋਂ ਬਾਅਦ ਪੰਜਾਬੀ ਅਤੇ ਭਾਰਤੀ ਭਾਈਚਾਰੇ ਵਲੋਂ ਖੁਸ਼ੀ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ|