ਭੂਰੇ ਦਾ ਸਫ਼ਰ

ਪਰਮਿੰਦਰ ਭੁੱਲਰ

(ਸਮਾਜ ਵੀਕਲੀ)

ਬਸੰਤ ਰੁੱਤ ਨੇ ਆਪਣੀ ਆਮਦ ਦਾ ਸੁਨੇਹਾ ਦੇ ਦਿੱਤਾ ਹੈ। ਗਰਮ ਕੱਪੜੇ ਹੁਣ ਸਾਂਭ ਦਿੱਤੇ ਜਾਣਗੇ। ਜਿਸ ਗਰਮ ਕੱਪੜੇ ਦੀ ਸਿਆਲ ਵਿੱਚ ਫੁੱਲ ਚੜ੍ਹਾਈ ਰਹੀ ਹੈ ਅਤੇ ਚੜ੍ਹਾਈ ਵਿੱਚ ਕਮੀ ਦੇ ਕੋਈ ਹਾਲਾਤ ਹੁਣ ਵੀ ਨਹੀਂ। ਜਿਸ ਕੱਪੜੇ ਨੇ ਮੌਸਮ ਦੇ ਬਦਲਾਅ ਉੱਤੇ ਜਿੱਤ ਦੀ ਸਦਾਬਹਾਰ ਝੰਡੀ ਗੱਡ ਦਿੱਤੀ ਹੈ। ਜਿਸ ਨੇ ਆਪਣੀ ਹੋਂਦ ਦੇ ਆਪਣੀ ਵਰਤੋਂ ਦੇ ਅਰਥਾਂ ਵਿੱਚ ਤਬਦੀਲੀ ਕਰ ਲਈ ਹੈ। ਆਮ ਪੇਂਡੂ ਪੰਜਾਬੀ ਤਾਂ ਜਿਸਨੂੰ ‘ਭੂਰਾ’ ਆਖਦਾ ਹੈ ਪਰ ‘ਕੰਬਲ’ ਆਖਣ ਵਾਲ਼ੇ ਵੀ ਹੁਣ ਬਹੁਤੇ ਹੋ ਗਏ ਹਨ।

ਭੂਰਾ ਤਾਂ ਕੱਚਾ ਨਾਂ ਹੈ ਘਰ ਦਾ ਨਾਂ। ਸਭਾ ਸੁਸਾਇਟੀਆਂ ਵਿੱਚ ਕੰਬਲ ਹੀ ਸੱਦਿਆ ਜਾਂਦਾ ਹੈ। ਜਿਵੇਂ ਵਿਆਹ ਦੇ ਕਾਰਡ ਤੋਂ ਹੀ ਪਤਾ ਲਗਦਾ ਹੈ ਕਿ ਦਿਆਲੇ ਕੇ ਜੱਗੀ ਦਾ ਪੱਕਾ ਨਾਮ ਤਾਂ ਜੰਗ ਬਹਾਦਰ ਸਿੰਘ ਹੈ। ਉਵੇਂ ਹੀ ਭੂਰੇ ਦੀ ਥਾਂ ਕੰਬਲ ਕਹਿ ਕੇ ਵਡਿਆਈ ਦਿੱਤੀ ਜਾਂਦੀ ਹੈ। ਕੰਬਲ-ਕੁੱਟ ਬੜੀ ਮਸ਼ਹੂਰ ਹੈ ਪਰ ਇਸ ਵਿੱਚ ਕੰਬਲ ਦਾ ਕੋਈ ਦੋਸ਼ ਨਹੀਂ ਹੁੰਦਾ। ਜਦੋਂ ਕਿਸੇ ਦੀ ‘ਝਾੜ ਤੇ ਭੂਰਾ ਪਾਉਣ’ ਦੀ ਕੋਸ਼ਿਸ਼ ਸਫ਼ਲ ਨਹੀਂ ਹੁੰਦਾ ਤਾਂ ਇਸ ਤਕਨੀਕ ਨੂੰ ‘ਚਿੱਬ ਕੱਢਣ’ ਲਈ ਜਾਣੂੰਆਂ ਦੁਆਰਾ ਹੀ ਮੌਕਾ ਮਿਲਦੇ ਵਰਤਿਆ ਜਾਂਦਾ ਹੈ।

ਪੰਜਾਬੀਆਂ ਦੀ ਭੂਰੇ ਦੀ ਬੁੱਕਲ ਮਸ਼ਹੂਰ ਹੈ। ਮਿਸਲਾਂ ਵੇਲ਼ੇ ਘੋੜਿਆਂ ਦੀ ਕਾਠੀ ਤੇ ਸਵਾਰ ਸਿੰਘਾਂ ਨੇ ਆਪਣੀ ਰਾਜਨੀਤਕ ਹੋਂਦ ਦੇ ਪੈਰ ਪੱਕੇ ਕਰਕੇ ਬੁੱਲੇ ਸ਼ਾਹ ਤੋਂ ਇਹ ਸ਼ਬਦ ਅਖਵਾਏ ‘ਮੁਗ਼ਲਾਂ ਘੋਲ਼ ਪਿਆਲੇ ਪੀਤੇ, ਭੂਰਿਆਂ ਵਾਲ਼ੇ ਰਾਜੇ ਕੀਤੇ।’

ਉੱਤਰੀ ਭਾਰਤ ਵਿੱਚ ਪਾਣੀਪਤ, ਲੁਧਿਆਣਾ ਅਤੇ ਫ਼ਰੀਦਾਬਾਦ ਆਦਿ ਦੀਆਂ ਕੰਬਲ ਫ਼ੈਕਟਰੀਆਂ ਤੋਂ ਤਿਆਰ ਹੋਏ ਭੂਰੇ ਦੀ ਯਾਤਰਾ ਟਰੱਕਾਂ, ਰੇਲਾਂ ਰਾਹੀਂ ਵੱਡੇ-ਵੱਡੇ ਬੰਡਲਾਂ ਦੇ ਰੂਪ ਵਿੱਚ ਸ਼ੁਰੂ ਹੋ ਜਾਂਦੀ ਹੈ। ਥੋਕ ਦੇ ਵਪਾਰੀਆਂ ਕੋਲੋਂ ਰਿਟੇਲ ਦੁਕਾਨਾਂ ਤੇ ਜਾ ਢਿਗਾਂ ਲੱਗ ਜਾਂਦੀਆਂ ਹਨ । ਇੱਥੋਂ ਵਿਆਹ-ਸ਼ਾਦੀਆਂ ਅਤੇ ਹੋਰ ਖੁਸ਼ੀਆਂ-ਗ਼ਮੀਆਂ ‘ਚ ਹਾਜ਼ਰ ਹੋਣ ਲਈ ਭੂਰਾ ਘਰੋ-ਘਰੀਂ ਪਹੁੰਚ ਜਾਂਦਾ ਹੈ । ਵਿਆਹ ਦੀ ਮਿਲਣੀ ਸਮੇਂ ਕੰਬਲ ਉਰਫ਼ ਭੂਰਾ ਪ੍ਰਾਹੁਣੇ ਦੇ ਜੀਜੇ ਵਾਂਗੂੰ ਮੜਕ ਨਾਲ ਭਰਿਆ ਹੁੰਦਾ ਹੈ।

ਕੰਬਲ ਭਾਵ ਭੂਰੇ ਵਿੱਚ ਵੀ ਅਮੀਰ-ਗ਼ਰੀਬ ਦਾ ਪਾੜਾ ਬੰਦਿਆਂ ਦੀ ਦੁਨੀਆ ਵਾਂਗੂੰ ਸਾਫ਼ ਨਜ਼ਰ ਆਉਂਦਾ ਹੈ। ਅਮੀਰ ਕੰਬਲਾਂ ਦੀ ਸੰਗਤ ਅਮੀਰ ਲੋਕਾਂ ਨਾਲ਼ ਹੁੰਦੀ ਹੈ ਅਤੇ ਕੀਮਤ ਵੀ ਹਜ਼ਾਰਾਂ ਰੁਪਏ। ਗਰੀਬੜਾ ਭੂਰਾ ਲੈਣ-ਦੇਣ ਦੇ ਇੱਕ ਸੂਟ ਤੋਂ ਦੂਜੇ ਸੂਟ ਨਾਲ ਇੱਧਰੋਂ-ਉੱਧਰ, ਉੱਧਰੋਂ-ਇੱਧਰੋਂ ਭ੍ਰਿਸ਼ਟ ਬਾਬੂ ਦੇ ਟੇਬਲ ਤੇ ਭੇਜੀ ਗਰੀਬ ਦੀ ਅਰਜ਼ੀ ਵਾਂਗੂੰ ਬਿਨਾਂ ਖੋਲ੍ਹ ਕੇ ਦੇਖੇ ਯਾਤਰਾ ਕਰਦਾ ਰਹਿੰਦਾ ਹੈ। ਨਿਗੂਣੀ ਕੀਮਤ ਹੋਣ ਤੇ ਵੀ ਇਸ ਵਿੱਚ ਪਰਉਪਕਾਰ ਦੀ ਭਾਵਨਾ ਭਰੀ ਰਹਿੰਦੀ ਹੈ। ਸਭਾਵਾਂ, ਸੰਸਥਾਵਾਂ ਵਾਲੇ ਹੋਣ, ਅਖ਼ਬਾਰਾਂ ਵਿਚ ਨਾਮ ਅਤੇ ਫ਼ੋਟੋਆਂ ਛਪਵਾਉੰਣ ਦੇ ਸ਼ੌਕੀਨ ਹੋਣ ਜਾਂ ਵੋਟਾਂ ਦੇ ਤਲ਼ਬਗ਼ਾਰ ਸਭ ਨੂੰ ਇਸਦੇ ਨਿੱਘੇ ਸਹਾਰੇ ਦੀ ਲੋੜ ਪੈਂਦੀ ਹੈ।

ਗਰੀਬਾਂ ਨੂੰ ਸਰਦੀ ਤੋਂ ਬਚਾਉਣ ਲਈ ਇਹ ਗਰੀਬੜਾ ਭੂਰਾ ਬੁੱਕਲ ਬਣਦਾ ਹੈ ਤਾਂ ਦੂਜਿਆਂ ਲਈ ਦਾਨੀ ਬਣਨ ਦੇ ਚੰਗੇ ਮੌਕੇ ਵੀ ਦਿੰਦਾ ਹੈ। ਧਾਰਮਿਕ ਥਾਵਾਂ ‘ਤੇ ਚੜ੍ਹਾਏ ਭੂਰਿਆਂ ਤੇ ਚਤਰ ਦੁਕਾਨਦਾਰ ਦੀ ਅੱਖ ਰਹਿੰਦੀ ਹੈ। ਸੰਸਥਾ ਦੇ ਪ੍ਰਧਾਨ ਨਾਲ਼ ਸਸਤਾ ਸੌਦਾ ਮਾਰਨ ਲਈ ਉਹ ਕੰਬਲ ਦੀ ਨਿੱਘ ਵਰਗੀ ਦੋਸਤੀ ਦਿਖਾਉਂਦਾ ਹੈ। ਇਸ ਤਰ੍ਹਾਂ ਮੁੜ-ਮੁੜ ਇੱਕ ਘਰ ਤੋਂ ਦੂਜੇ, ਦੂਜੇ ਤੋਂ ਤੀਜੇ, ਚੌਥੇ, ਪਹਿਲੇ, ਤੀਜੇ ਵਾਲੀ ਚੁਰਾਸੀ ਦੇ ਗੇੜ ਵਿੱਚ, ਔਰਤਾਂ ਮੂੰਹੋਂ ਲੱਖ ਹੌਲ਼ਾ-ਭਾਰਾ, ਸਸਤਾ-ਵਧੀਆ ਸੁਣਦਾ ਬੰਬਲਾ ਵਾਲਾ, ਕਦੇ ਗੋਠ ਵਾਲ਼ ਭੂਰਾ ਸੱਭਿਆਚਾਰ ਅਤੇ ਰਸਮਾਂ ਵਿੱਚ ਰਚ ਕੇ ਗਰਮੀਆਂ ਵਿੱਚ ਵੀ ਸਰਦੀਆਂ ਵਾਲੀ ਚੜ੍ਹਾਈ ਨਾਲ਼ ਅਮੁੱਕ ਸਫ਼ਰ ਦਾ ਪਾਂਧੀ ਹੈ।

ਪਰਮਿੰਦਰ ਭੁੱਲਰ
9463067430

Previous articleਤਮਾਸ਼ਾ
Next articleਵਿਦੇਸ਼ ਮੰਤਰੀ ਡੌਮਨਿਕ ਰਾਬ ਨੂੰ ਮਨੁੱਖੀ ਅਧਿਕਾਰ ਸੰਗਠਨ ਰਿਪੀਵ ਵਲੋਂ ਜੱਗੀ ਜੌਹਲ ਦੀ ਰਿਹਾਈ ਲਈ ਅਪੀਲ