ਔਰਤ ਆਪਣੀ ਮਿਹਨਤ ਦ੍ਰਿੜ੍ਹ ਨਿਸ਼ਚੇ ਨਾਲ ਹਰ ਮੁਕਾਮ ਹਾਸਲ ਕਰਨ ਦੀ ਯੋਗਤਾ ਰੱਖਦੀ – ਦਵਿੰਦਰ ਨਾਹਲ
ਕਪੂਰਥਲਾ (ਸਮਾਜ ਵੀਕਲੀ) ( ਕੌੜਾ )- ਬੇਬੇ ਨਾਨਕੀ ਯੂਨੀਵਰਸਿਟੀ ਕਾਲਜ ਮਿੱਠੜਾ ਵਿਚ ਜ਼ਿਲ੍ਹਾ ਭਾਸ਼ਾ ਵਿਭਾਗ ਕਪੂਰਥਲਾ ਵੱਲੋਂ ਅਕਾਲ ਚੈਨਲ ਯੂ ਕੇ ਦੀ ਐਂਕਰ ਰੂਪ ਦਵਿੰਦਰ ਕੌਰ ਨਾਹਲ ਸੰਗ ਰੂਬਰੂ ਸਮਾਗਮ ਦਾ ਆਯੋਜਨ ਕੀਤਾ ਗਿਆ । ਐਂਕਰ ਰੂਪ ਦਵਿੰਦਰ ਕੌਰ ਨਾਹਲ ਨੇ ਆਪਣੇ ਚੈਨਲ ਦੇ ਮਾਧਿਅਮ ਤੋਂ ਵਿਦੇਸ਼ਾਂ ਵਿਚ ਪੰਜਾਬੀ ਮਾਂ ਬੋਲੀ ਦਾ ਪ੍ਰਚਾਰ ਪ੍ਰਸਾਰ ਕਰਨ ਵਿੱਚ ਕਾਫ਼ੀ ਸਫ਼ਲ ਰਹੇ ਹਨ। ਇਸ ਸਮਾਰੋਹ ਦੀ ਪ੍ਰਧਾਨਗੀ ਪ੍ਰਿੰਸੀਪਲ ਡਾ ਦਲਜੀਤ ਸਿੰਘ ਖਹਿਰਾ , ਸਾਬਕਾ ਪ੍ਰਿੰਸੀਪਲ ਪ੍ਰੋਮਿਲਾ ਅਰੋੜਾ, ਵਪਾਰ ਮੰਡਲ ਦੇ ਪ੍ਰਧਾਨ ਕਵੀ ਕੰਵਰ ਇਕਬਾਲ ਸਿੰਘ ਤੇ ਜ਼ਿਲ੍ਹਾ ਭਾਸ਼ਾ ਵਿਭਾਗ ਦੇ ਅਧਿਕਾਰੀ ਜਸਪ੍ਰੀਤ ਕੌਰ ਨੇ ਸਾਂਝੇ ਤੌਰ ਤੇ ਕੀਤੀ। ਸਮਾਰੋਹ ਵਿੱਚ ਫ਼ਰੀਦਕੋਟ ਦੇ ਜ਼ਿਲ੍ਹਾ ਭਾਸ਼ਾ ਅਧਿਕਾਰੀ ਮਨਜੀਤ ਸਿੰਘ ਪੁਰੀ ਗ਼ਜ਼ਲਗੋ ਮੁੱਖ ਮਹਿਮਾਨ ਤੇ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਸਟੇਟ ਐਵਾਰਡੀ ਤੇ ਸਾਹਿਤਕਾਰ ਰੌਸ਼ਨ ਖੈੜਾ ਮੌਜੂਦ ਰਹੇ। ਸਮਾਰੋਹ ਦੌਰਾਨ ਮੰਚ ਸੰਚਾਲਨ ਇੰਦਰਜੀਤ ਸਿੰਘ ਪੱਡਾ ਦੁਆਰਾ ਕੀਤਾ ਗਿਆ।
ਰੂਪ ਦਵਿੰਦਰ ਕੌਰ ਨਾਹਲ ਨੇ ਵਿਦਿਆਰਥਣਾਂ ਨਾਲ ਰੂਬਰੂ ਹੁੰਦੇ ਹੋਏ ਕਿਹਾ ਕਿ ਇਕ ਔਰਤ ਦੀ ਜ਼ਿੰਦਗੀ ਇੱਕ ਦਾਇਰੇ ਵਿੱਚ ਹੀ ਖ਼ਤਮ ਨਹੀਂ ਹੁੰਦੀ ਹੈ। ਔਰਤ ਕੇਵਲ ਘਰ ਦੀ ਚਾਰਦੀਵਾਰੀ ਤਕ ਸੀਮਤ ਨਹੀਂ ਹੈ। ਬਲਕਿ ਆਪਣੀ ਮਿਹਨਤ ਦ੍ਰਿੜ੍ਹ ਨਿਸ਼ਚੇ ਨਾਲ ਹਰ ਮੁਕਾਮ ਹਾਸਲ ਕਰਨ ਦੀ ਯੋਗਤਾ ਰੱਖਦੀ ਹੈ । ਉਨ੍ਹਾਂ ਨੇ ਵਿਦਿਆਰਥਣਾਂ ਨੂੰ ਪੜ੍ਹਾਈ ਦੇ ਨਾਲ ਨਾਲ ਆਪਣੀ ਪੰਜਾਬੀ ਮਾਂ ਬੋਲੀ ਨੂੰ ਪ੍ਰਫੁੱਲਤ ਕਰਨ ਅਤੇ ਉਸ ਦੇ ਨਾਲ ਜੁੜੇ ਰਹਿਣ ਲਈ ਵੀ ਪ੍ਰੇਰਿਤ ਕੀਤਾ। ਇਸ ਦੌਰਾਨ ਜਿੱਥੇ ਭਾਸ਼ਾ ਵਿਭਾਗ ਦੇ ਅਧਿਕਾਰੀ ਜਸਪ੍ਰੀਤ ਕੌਰ ਨੇ ਆਪਣੇ ਵਿਚਾਰ ਪੇਸ਼ ਕੀਤੇ ਤੇ ਦਵਿੰਦਰ ਕੌਰ ਨਾਹਲ ਦਾ ਸਵਾਗਤ ਕੀਤਾ ਉਥੇ ਹੀ ਉਨ੍ਹਾਂ ਨੇ ਦਵਿੰਦਰ ਕੋਲ ਨਾਹਲ ਨੂੰ ਵਿਸ਼ੇਸ਼ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ । ਇਸ ਤੋਂ ਇਲਾਵਾ ਜਿੱਥੇ ਰੋਸ਼ਨ ਖੈੜਾ, ਸ਼ਾਇਰ ਕੰਵਰ ਇਕਬਾਲ , ਪ੍ਰਿੰਸੀਪਲ ਪ੍ਰੋਮਿਲਾ ਅਰੋੜਾ ਨੇ ਆਪਣੇ ਆਪਣੇ ਵਿਚਾਰ ਪੇਸ਼ ਕੀਤੇ। ਉਥੇ ਹੀ ਇਸ ਸਮਾਗਮ ਦੇ ਅੰਤ ਵਿਚ ਪ੍ਰਿੰਸੀਪਲ ਡਾ ਦਲਜੀਤ ਸਿੰਘ ਖਹਿਰਾ ਨੇ ਇਸ ਸਮਾਰੋਹ ਨੂੰ ਕਰਵਾਉਣ ਲਈ ਜ਼ਿਲ੍ਹਾ ਭਾਸ਼ਾ ਵਿਭਾਗ ਦਾ ਧੰਨਵਾਦ ਕਰਦੇ ਹੋਏ ਆਏ ਹੋਏ ਸਾਰੇ ਹੀ ਮਹਿਮਾਨਾ ਦਾ ਜ਼ੋਰਦਾਰ ਸਵਾਗਤ ਕੀਤਾ ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly