(ਸਮਾਜ ਵੀਕਲੀ)
ਜਦ ਬੱਚਾ ਹੋਇਆ ਢਾਈ ਸਾਲ ਦਾ,ਪਲੇ-ਵੇ,ਆਂਗਨਵਾੜੀ ਦਾ ਹੋਇਆ ਸ਼ਿਕਾਰ,
ਨਰਸਰੀ ਵਿੱਚ ਆਕੇ,ਬਸਤੇ ਦਾ ਫੇਰ ਵੱਧਣ ਲੱਗਾ ਭਾਰ।
ਬਚਪਨ ਦੱਬ ਗਿਆ ਭਾਰੀ ਬਸਤੇ ਥੱਲੇ, ਵਿਸ਼ੇ ਹੋ ਗਏ ਪੂਰੇ ਚਾਰ,
ਜਿਵੇਂ ਜਿਵੇਂ ਜਮਾਤਾਂ ਵਧੀ ਜਾਵਣ, ਵੱਧਦਾ ਜਾਵੇ ਬਸਤੇ ਦਾ ਭਾਰ।
ਨਿੱਕੇ ਬੱਚੇ, ਭਾਰੀ ਬਸਤੇ, ਮੋਢਿਆਂ ਤੇ ਟੰਗ ਲੈਂਦੇ,
ਭੱਵਿਖ ਸੰਵਾਰਨ ਘਰ ਤੋਂ ਮੂੰਹ ਨੇਹਰੇ ਹੀ ਨਿੱਕਲ ਜਾਂਦੇ।
ਅੰਕਾ ਦੀ ਦੌੜ ਵਿੱਚ ਫੇਰ ਮਾਪੇ ਜੁੜ ਜਾਂਦੇ,
ਨਿੱਕੇ ਬਾਲ ਫੇਰ ਤਣਾਅ ਵਿਚ ਆ ਜਾਂਦੇ।
ਇਕ ਫੱਟੀ ਹੁੰਦੀ ਸੀ ਇਕ ਹੁੰਦਾ ਸੀ ਕੈਦਾ,
ਸਲੇਟ ਸਲੇਟੀ ਦਾ ਪੱਕਾ ਹੁੰਦਾ ਸੀ ਵਾਅਦਾ।
ਪਹਾੜੇ ਲਿੱਖਦੇ ਸੀ ਸਲੇਟੀ ਦੇ ਨਾਲ,
ਫੱਟੀ ਸਜ ਜਾਂਦੀ ਸੀ ਸੁਲੇਖ ਦੇ ਨਾਲ।
ਹੁਣ ਤਾਂ ਕਿਤਾਬਾਂ ਦਾ ਬੋਝ ਹੈ ਬੇ-ਵਜ੍ਹਾ ਭਾਰਾ,
ਬਸਤੇ ਹੇਠਾਂ ਦੱਬ ਗਿਆ ਲਾਲ, ਅੱਖਾਂ ਦਾ ਤਾਰਾ।
ਦਸਵੀਂ ਪਾਸ ਸਿੱਖਿਆ ਮੰਤਰੀ, ਸਿੱਖਿਆ ਨੀਤੀ ਸਭ ਬੇਕਾਰ,
ਬੁੱਧੀਜੀਵੀ ਆਖਣ, ਸਿੱਖਿਆ ਨੀਤੀ ਹੈ ਜ਼ੋਰਦਾਰ।
ਨਾ ਭੰਡੋ ਸਿੱਖਿਆ ਵਿਭਾਗ, ਐਵੇਂ ਨੀ ਵਧਾ ਰਿਹਾ ਮੋਢਿਆ ਦਾ ਭਾਰ,
ਜਦੋਂ ਡਿਗਰੀਆਂ ਲੈਕੇ ਹੋਣਗੇ ਬੇਕਾਰ,
ਮੁੱਢ ਤੋਂ ਮਜ਼ਬੂਤ ਕੀਤੇ ਮੋਢੇ ਹੀ, ਕੁਲੀ ਤੇ ਮਜ਼ਦੂਰ ਬਣਕੇ ਚੁੱਕ ਸਕਣਗੇ ਭਾਰ।
ਸੂਰੀਆ ਕਾਂਤ ਵਰਮਾ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly