- ਕੈਨੇਡੀਅਨ ਸਿੱਖਾਂ ਵੱਲੋਂ ਭਾਰਤ ਸਰਕਾਰ ਦੇ ਸਿੱਖ ਵਿਰੋਧੀ ਫ਼ੈਸਲੇ ਦੀ ਕਰੜੇ ਸ਼ਬਦਾਂ ਵਿਚ ਨਿੰਦਾ
- ਭਾਈ ਪੰਨੂੰ ਅਤੇ ਭਾਈ ਨਿੱਜਰ ਨਾਲ ਚੱਟਾਨ ਵਾਂਗ ਖੜ੍ਹੇ ਹੋਣ ਦਾ ਕੀਤਾ ਪ੍ਰਗਟਾਵਾ
- ਨੌਰਥ ਡੈਲਟਾ ਤੋਂ ਐਮਐਲਏ ਰਵੀ ਕਾਹਲੋਂ ਨੇ ਭਾਰਤ ਸਰਕਾਰ ਦੇ ਵਕੀਲ ਪੰਨੂ ਤੇ ਭਾਈ ਨਿੱਜਰ ਦੀਆ ਜਾਈਦਾਦਾ ਜ਼ਬਤ ਕਰਨ ਦੇ ਲੋਕ ਵਿਰੋਧੀ ਫ਼ੈਸਲੇ ਦੀ ਕਰੜੇ ਸ਼ਬਦਾਂ ਵਿਚ ਨਿੰਦਾ
ਡੈਲਟਾ (ਕੈਨੇਡਾ ) (ਸਮਾਜ ਵੀਕਲੀ) – ਸਰਬਜੀਤ ਸਿੰਘ ਬਨੂੜ – ਬੀਤੇ ਦਿਨਾਂ ਵਿੱਚ ਭਾਰਤ ਅਖੌਤੀ ਲੋਕਤੰਤਰੀ ਸਿਸਟਮ ਵੱਲੋਂ ਸਾਰੇ ਕਾਨੂੰਨਾਂ ਨੂੰ ਛਿੱਕੇ ਟੰਗਦੇ ਹੋਏ ਅਮਰੀਕਾ ਅਤੇ ਕੈਨੇਡਾ ਵਿੱਚ ਯੂ ਐਨ ਓ ਦੇ ਕਾਨੂੰਨ ਤਹਿਤ ਪੰਜਾਬ ਰਿਫਰੈਂਡਮ 2020 ਦੀ ਮੁਹਿੰਮ ਚਲਾ ਰਹੇ ਨੂੰ ਸਿੱਖ ਫਾਰ ਜਸਟਿਸ ਦੇ ਅਟਾਰਨੀ ਜਨਰਲ ਸ ਗੁਰਪਤਵੰਤ ਸਿੰਘ ਪੰਨੂੰ ਅਤੇ ਕੈਨੇਡਾ ਤੋਂ ਗੁਰੂ ਨਾਨਕ ਸਿੱਖ ਗੁਰਦੁਆਰਾ ਡੈਲਟਾ ਦੇ ਮੁੱਖ ਸੇਵਾਦਾਰ ਭਾਈ ਹਰਦੀਪ ਸਿੰਘ ਨਿੱਜਰ ਦੀ ਪੰਜਾਬ ਵਿੱਚ ਜੱਦੀ ਜਾਇਦਾਦ ਜ਼ਬਤ ਕਰਨ ਲਈ ਭਾਰਤੀ ਏਜੰਸੀ ਐਨ ਆਈ ਏ ਦੀ ਸਿਫ਼ਾਰਸ਼ ਤੇ ਭਾਰਤ ਸਰਕਾਰ ਦੇ ਹੁਕਮ ਦੀ ਪਾਲਣਾ ਕਰਦਿਆਂ ਨੇ ਐਨ ਆਈ ਏ ਨੇ ਤਹਿਸੀਲਦਾਰ ਭੇਜ ਕੇ ਨਿਸ਼ਾਨੀਆਂ ਲਗਾ ਦਿੱਤੀਆਂ ਹਨ। ਭਾਰਤ ਸਰਕਾਰ ਦੇ ਇਸ ਨਾਦਰਸ਼ਾਹੀ ਫੁਰਮਾਨ ਦੇ ਵਿਰੋਧ ਵਿੱਚ ਦੁਨੀਆ ਭਰ ਵਿੱਚ ਪੰਥਕ ਹਲਕਿਆਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ ।
ਕੈਨੇਡਾ ਦੇ ਗੁਰਦੁਆਰਾ ਗੁਰੂ ਨਾਨਕ ਸਿੱਖ ਗੁਰਦੁਆਰਾ ਸਰੀ ਡੈਲਟਾ ਬੀ ਸੀ ਵਿੱਚ ਇਸ ਸਬੰਧੀ ਇਲਾਕੇ ਦੀਆਂ ਸੰਗਤਾਂ ਵੱਲੋਂ ਭਾਰਤ ਸਰਕਾਰ ਦੇ ਇਸ ਸਿੱਖ ਵਿਰੋਧੀ ਵਰਤਾਰੇ ਦੇ ਵਿਰੋਧ ਵਿੱਚ ਇੱਕ ਇਕੱਠ ਕੀਤਾ ਗਿਆ, ਜਿਸ ਵਿੱਚ ਕੈਨੇਡਾ ਵੈਸਟ ਲੋਅਰ ਮੇਨਲੈਂਡ ਦੇ ਵੱਖ ਵੱਖ ਹਿੱਸਿਆਂ ਤੋਂ ਇਕੱਤਰ ਹੋਏ ਪੰਥ ਦਰਦੀਆਂ ਨੇ ਆਪਣੇ ਵਿਚਾਰ ਸੰਗਤਾਂ ਨਾਲ ਸਾਂਝੇ ਕੀਤੇ ਅਤੇ ਇਸ ਬਿੱਪਰਵਾਦੀ ਕਾਰਵਾਈ ਦੀ ਸਖ਼ਤ ਨਿਖੇਧੀ ਕੀਤੀ ਗਈ।
ਨੌਰਥ ਡੈਲਟਾ ਤੋਂ ਐਮਐਲਏ ਰਵੀ ਕਾਹਲੋਂ ਨੇ ਭਾਰਤ ਸਰਕਾਰ ਦੇ ਇਸ ਲੋਕ ਵਿਰੋਧੀ ਫ਼ੈਸਲੇ ਦੀ ਕਰੜੇ ਸ਼ਬਦਾਂ ਵਿਚ ਨਿੰਦਾ ਕੀਤੀ ਹੈ। ਬੀਸੀ ਗੁਰਦੁਆਰਾ ਕੌਂਸਲ ਦੇ ਚੇਅਰਮੈਨ ਭਾਈ ਹਰਭਜਨ ਸਿੰਘ ਅਟਵਾਲ ਨੇ ਆਪਣੇ ਸੰਖੇਪ ਅਤੇ ਬਹੁਤ ਹੀ ਰੋਹ ਭਰਪੂਰ ਤਕਰੀਰ ਵਿੱਚ ਭਾਰਤ ਦੇ ਬਿਪਰਵਾਦੀ ਸਿਸਟਮ ਤੋਂ ਬੇਪਰਵਾਹ ਹੋਣ ਦਾ ਸੱਦਾ ਦਿੱਤਾ ਅਤੇ ਦੱਸਿਆ ਕਿਵੇਂ ਉਨ੍ਹਾਂ ਨੇ ਪਿਛਲੇ ਚਾਲੀ ਸਾਲਾਂ ਤੋਂ ਬੇਖੌਫ ਸੰਘਰਸ਼ ਕਰਦੇ ਆ ਰਹੇ ਹਨ ।
ਗੁਰਦੁਆਰਾ ਬਾਬਾ ਬੰਦਾ ਸਿੰਘ ਬਹਾਦਰ ਐਬਸਫੋਰਡ ਤੋਂ ਭਾਈ ਰਣਜੀਤ ਸਿੰਘ ਖਾਲਸਾ , ਇੰਦਰਜੀਤ ਸਿੰਘ ਬੈਂਸ , ਭਾਈ ਧਰਮ ਸਿੰਘ ਨੋਰਥ ਅਮੈਰੀਕਨ ਸਿੱਖ ਐਕਟੀਵੈਸਟ, ਭਾਈ ਚਰਨਜੀਤ ਸਿੰਘ ਸੁੱਜੋਂ ਸਿੱਖ ਚਿੰਤਕ, ਉਘੇ ਸਮਾਜ ਸੇਵੀ ਨੋਜੁਆਨ ਗੁਰਮੁਖ ਸਿੰਘ ਦਿਓਲ , ਅਕਾਲੀ ਦਲ ਅੰਮ੍ਰਿਤਸਰ ਬੀਸੀ ਦੇ ਪ੍ਰਧਾਨ ਭਾਈ ਹਰਬੰਸ ਸਿੰਘ ਔਜਲਾ , ਸੀਨੀਅਰ ਪੱਤਰਕਾਰ , ਰੇਡੀਓ ਹੋਸਟ , ਆਈ ਏ ਪੀ ਆਈ ਵੈਨਕੂਵਰ ਬੀਸੀ ਦੇ ਗੁਰਪ੍ਰੀਤ ਸਿੰਘ ਆਦਿ ਸਮੂਹ ਕੌਮਪ੍ਰਸਤ ਪੰਥ ਦਰਦੀਆਂ ਨੇ ਭਾਰਤ ਦੀ ਲੋਕ ਵਿਰੋਧੀ ਸਿੱਖ ਮਾਰੂ ਨੀਤੀਆਂ ਦੀ ਡਟ ਕੇ ਵਿਰੋਧਤਾ ਕੀਤੀ।
ਇਸ ਮੌਕੇ ਬੀਸੀ ਗੁਰਦੁਆਰਾ ਕੌਂਸਲ ਕੈਨੇਡਾ ਦੀਆਂ ਸਮੂਹ ਸਾਧ ਸੰਗਤਾਂ ਵੱਲੋਂ ਭਾਈ ਹਰਦੀਪ ਸਿੰਘ ਨਿੱਜਰ ਦਾ ਸਿਰੋਪਾ ਦੇ ਕੇ ਸਨਮਾਨ ਕੀਤਾ ਅਤੇ ਜੈਕਾਰਿਆਂ ਦੀ ਗੂੰਜ ਵਿੱਚ ਭਾਈ ਹਰਦੀਪ ਸਿੰਘ ਨਿੱਜਰ ਨਾਲ ਚਟਾਨ ਵਾਂਗ ਖੜ੍ਹੇ ਹੋਣ ਦਾ ਪ੍ਰਗਟਾਵਾ ਕੀਤਾ ।ਸਟੇਜ ਸੰਚਾਲਨ ਦੀ ਸੇਵਾ ਭਾਈ ਭੁਪਿੰਦਰ ਸਿੰਘ ਹੋਠੀ ਮੁੱਖ ਸਕੱਤਰ ਗੁਰੂ ਨਾਨਕ ਸਿੱਖ ਗੁਰਦੁਆਰਾ ਗੁਰਦੁਆਰਾ ਨੇ ਨਿਭਾਈ ਅਤੇ ਪੁੱਜੀਆਂ ਹੋਈਆਂ ਸੰਗਤਾਂ ਦਾ ਕੋਟਾਨ ਕੋਟ ਧੰਨਵਾਦ ਕਰਦਿਆਂ ਕੋਵਿਡ ੧੯ ਤਹਿਤ ਸੇਫ ਡਿਸਟੈਂਸ ਮੇਂਟੇਨ ਰੱਖਣ ਅਤੇ ਸਹਿਯੋਗ ਦੇਣ ਲਈ ਧੰਨਵਾਦ ਕੀਤਾ |